(ਸਮਾਜ ਵੀਕਲੀ)
ਡੀ ਫਾਰਮੈਸੀ ਕਰਨ ਤੋਂ ਬਾਅਦ ਕਿਸ਼ਨ ਮੈਡੀਕਲ ਸਟੋਰ ਤੇ ਕੰਮ ਕਰਨ ਲੱਗਾ, ਨਾਲ ਹੋਰ ਮੁੰਡੇ ਵੀ ਕੰਮ ਕਰਦੇ ਸੀ । ਕਦੇ ਕਦਾਈ ਜੇਕਰ ਕੋਈ ਗਰੀਬ-ਗੁਰਬਾ ਦੁਕਾਨ ਤੇ ਦਵਾਈ ਲੈਣ ਆਉਂਦਾ ਤਾਂ ਕਿਸ਼ਨ ਚਾਰ ਪੈਸੇ ਘੱਟ ਕਰਕੇ ਦਵਾਈ ਦੇ ਦਿੰਦਾ ਨਾਲ ਦੇ ਮੁੰਡਿਆਂ ਨੇ ਮਾਲਕ ਨੂੰ ਸ਼ਿਕਾਇਤ ਕਰ ਦਿੱਤੀ ।
ਕਿਸ਼ਨ ਨੇ ਦੋ ਸਾਲ ਕੀਤੀ ਮਿਹਨਤ ਦਾ ਵਾਸਤਾ ਪਾਇਆ ਤੇ ਕਿਹਾ ਕਿ “ਮੇਰੀ ਤਨਖ਼ਾਹ ਦਾ ਦਸਵਾਂ ਹਿੱਸਾ ਕੱਟ ਕੇ ਦੇ ਦਿਆ ਕਰਨਾ, ਪਰ ਮੈਨੂੰ ਕੰਮ ਤੋਂ ਨਾ ਹਟਾਓ”। ਕੋਈ ਸੁਣਵਾਈ ਨਾ ਹੋਈ । ਆਖਰ ਕੁਝ ਭਲੇ ਲੋਕਾਂ ਦੀ ਮਦਦ ਨਾਲ ਕਿਸ਼ਨ ਨੇ ਦਵਾਈਆਂ ਦਾ ਮੋਦੀ ਖਾਨਾ ਖੋਲ ਦਿੱਤਾ । ਉਸੇ ਦੁਕਾਨ ਦੇ ਬਿਲਕੁਲ ਨਾਲ ਜਿੱਥੋਂ ਉਸਨੂੰ ਕੱਢਿਆ ਸੀ।
ਇੱਕ ਬਜ਼ੁਰਗ ਦਵਾਈ ਲੈਂਦਿਆ ਕਹਿ ਰਿਹਾ ਸੀ “ਪੁੱਤਰਾ ਐਨੀ ਸ਼ਸਤੀ ਦਵਾਈ ” ਆਪਣਾ ਮਿਹਨਤਾਨਾ ਕੱਢ ਲਈ ਕੁਝ ਭਾਈ ਇਸ, ਬਹਾਨੇ ਸਾਡਾ ਵੀ ਦਸਵੰਧ ਨਿਕਲ ਜਾਵੇਗਾ, ਕਿਸ਼ਨ ਦਾ ਜਵਾਬ ਸੀ “ਬਾਬਾ ਜੀ ਇਹ ਦੁਕਾਨ ਹੀ ਸਾਡੀ ਕਮਾਈ ਦਾ ਦਸਵੰਧ ਹੈ”। ਬਾਬਾ ਜੀ ਸੋਚ ਰਹੇ ਸੀ” ਕਾਸ਼! ਦੂਜੇ ਦਵਾਈ ਵਿਕਰੇਤਾ ਵੀ ਦਸਵੰਧ ਕੱਢਣ ਲੱਗ ਜਾਣ, ਤਾਂ ਕਿੰਨੀ ਵੱਡੀ ਲੁੱਟ ਰੁੱਕ ਜਾਵੇਗੀ ਗਰੀਬ ਬੰਦੇ ਦੀ।”
ਸੰਦੀਪ ਸਿੰਘ ‘ਬਖੋਪੀਰ’
ਸਪੰਰਕ :-9815321017