ਨਵੀਂ ਦਿੱਲੀ, (ਸਮਾਜ ਵੀਕਲੀ) : ਅਧਿਆਪਕ ਦਿਵਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਦੇਸ਼ ਦੇ 47 ਅਧਿਆਪਕਾਂ ਨੂੰ ਕੌਮੀ ਪੁਰਸਕਾਰਾਂ ਨਾਲ ਨਿਵਾਜਿਆ। ਪੜ੍ਹਾਊਣ ਦੇ ਨਵੇਂ ਤਰੀਕੇ ਅਪਣਾਊਣ ’ਚ ਯੋਗਦਾਨ ਦੇਣ ਲਈ ਇਨ੍ਹਾਂ ਅਧਿਆਪਕਾਂ ਨੂੰ ਇਹ ਪੁਰਸਕਾਰ ਦਿੱਤੇ ਗਏ ਹਨ। ਵਰਚੁਅਲ ਪੁਰਸਕਾਰ ਸਮਾਗਮ ਦੌਰਾਨ ਸ੍ਰੀ ਕੋਵਿੰਦ ਨੇ ਕਿਹਾ,‘‘ਖੂਬਸੂਰਤ ਇਮਾਰਤਾਂ, ਮਹਿੰਗੇ ਸਾਜ਼ੋ-ਸਾਮਾਨ ਜਾਂ ਸਹੂਲਤਾਂ ਨਾਲ ਸਕੂਲ ਚੰਗੇ ਨਹੀਂ ਬਣਦੇ ਸਗੋਂ ਅਧਿਆਪਕ ਚੰਗਾ ਸਕੂਲ ਬਣਾਊਣ ’ਚ ਅਹਿਮ ਭੂਮਿਕਾ ਨਿਭਾਊਂਦੇ ਹਨ।
ਅਧਿਆਪਕ ਹੀ ਵਿਦਿਆਰਥੀਆਂ ਦੇ ਗਿਆਨ ’ਚ ਵਾਧੇ ਦੇ ਨਾਲ ਨਾਲ ਊਨ੍ਹਾਂ ਦਾ ਕਿਰਦਾਰ ਬਣਾਊਂਦੇ ਹਨ।’’ ਕਰੋਨਾ ਮਹਾਮਾਰੀ ਦੌਰਾਨ ਡਿਜੀਟਲ ਤਕਨਾਲੋਜੀ ਦੀ ਅਹਿਮੀਅਤ ’ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਨੇ ਅਧਿਆਪਕਾਂ ਵੱਲੋਂ ਨਵੀਂ ਤਕਨਾਲੋਜੀ ਅਪਣਾਊਣ ਦੇ ਹੁਨਰ ਲਈ ਊਨ੍ਹਾਂ ਦੀ ਸ਼ਲਾਘਾ ਕੀਤੀ। ਊਨ੍ਹਾਂ ਨਵੀਂ ਤਕਨਾਲੋਜੀ ਦਾ ਲਾਭ ਆਦਿਵਾਸੀ ਅਤੇ ਦੂਰ ਦੁਰਾਡੇ ਦੇ ਇਲਾਕਿਆਂ ’ਚ ਰਹਿੰਦੇ ਲੋਕਾਂ ਨੂੰ ਵੀ ਦੇਣ ਦੀ ਵਕਾਲਤ ਕੀਤੀ। ਨਵੀਂ ਸਿੱਖਿਆ ਨੀਤੀ ਬਾਰੇ ਗੱਲ ਕਰਦਿਆਂ ਸ੍ਰੀ ਕੋਵਿੰਦ ਨੇ ਕਿਹਾ ਕਿ ਇਸ ਨਾਲ ਬੱਚੇ ਭਵਿੱਖ ਦੀਆਂ ਲੋੜਾਂ ਮੁਤਾਬਕ ਤਿਆਰ ਹੋਣਗੇ।