(ਸਮਾਜ ਵੀਕਲੀ)
ਕੋਰੋਨਾ ਕੀ ਹੈ , ਹੈ ਵੀ ਜਾਂ ਨਹੀਂ, ਕਿਥੋਂ ਆਈ ਇਹ ਵਲਾ, ਇਸ ਦਾ ਮੰਤਵ ਕੀ ਹੈ, ਇਹ ਬੁੱਧੀ-ਜੀਵੀਆਂਦੇ ਲਈ ਚਿੰਤਨ ਦਾ ਅਹਿਮ ਵਿਸ਼ਾ ਹੈ।ਆਪਣੀ ਵਿਦਵੱਤਾ ਦਾ ਢੰਡੋਰਾ ਆਪ ਹੀ ਆਪਣੇ ਮੂੰਹੀ ਪਿੱਟਣ ਵਾਲਿਆਂ ਲਈ ਇਹ ਇਕ ਮੌਕਾ ਹੈ।ਆਪਣੇ ਆਪ ਨੂੰ ਵਿਦਵਾਨ, ਚਿੰਤਕ, ਸਮਾਜ ਸੇਵੀ ਕਹਿਲਾਉਣ ਤੋਂ ਸਿਵਾਏ ਜੋ ਲੋਕਾਂ ਨੂੰ ਇਨਸਾਨੀਅਤ ਲਈ ਕੋਈ ਦਰਦ ਨਹੀਂ ।
ਖੁੰਬਾਂ ਵਾਂਗੂੰ ਨਿਕਲੇ ਰਾਜਸੀ ਤਾਕਤ ਹਥਿਆਉਣ ਵਾਲੇ ਨਵੇਂ ਪੁਰਾਣੇ ਸਿਆਸੀ ਲੋਕ ਅਤੇ ਸਮਾਜ ਸੇਵੀ ਵੀ ਕਿੱਧਰ ਅਲੋਪ ਹੋ ਗਏ ਪਤਾ ਨਹੀਂ। ਇਕ ਕਿਲੋ ਚਾਵਲ ਦੇ ਕੇ ਵੀਹ ਵੀਹ ਲੋਕਾਂ ਨੇ ਮੀਡੀਆ ਵਿੱਚ ਤਸਵੀਰਾਂ ਦੇ ਜ਼ਰੀਏ ਚਮਕ ਕੇ ਆਪਣੇ ਆਪ ਨੂੰ ਸੰਤੁਸ਼ਟ ਜਰੂਰ ਕਰ ਲਿਆ।
ਅਖਵਾਰਾਂ ਦੀਆਂ ਸੁਰਖੀਆਂ ਵਿੱਚ ਮੋਢਿਆਂ ਤੇ ਚੜ ਚੜ ਕੇ ਬੈਠਣ ਵਾਲੇ ਆਰਥਿਕ ਪੱਖੋਂ ਉਚ ਵਰਗ ਅਤੇ ਮੱਧ ਵਰਗ ਦੇ ਲੇਖਕ , ਗੁਰਬਤ ਦੇ ਨਪੀੜੇ ਮਜ਼ਦੂਰਾਂ ਬਾਰੇ ਕੀ ਲਿਖਣ। ਕਿਰਤੀ ਗਰੀਬਾਂ ਦੀ ਮੁਸ਼ੱਕਤ ਦਾ ਮੁੜਕਾ ਬੜਾ ਤੇਜ ਦੁਰਗੰਧ ਵਾਲਾ ਹੁੰਦਾ ਹੈ। ਇਹਨਾਂ ਦੇ ਕੱਪੜੇ ਵੀ ਬੜੇ ਮੈਲੇ- ਕੁਚੈਲੈ ਜਿਹੇ ਹੁੰਦੇ ਹਨ । ਪੈਰਾਂ ‘ਚ ਫਸੇ ਪੁਰਾਣੇ ਮੌਜੇ। ਸਿੱਧੇ ਸਾਦੇ, ਬੇ-ਪਰਵਾਹ , ਨਾ ਹਾਰਨ ਵਾਲੇ ਇਹ ਕਿਰਤੀ ਲੋਕ, ਜੋ ਆਪਣੀ ਭੁੱਖ-ਪਿਆਸ ਬੁਝਾਉਣ ਲਈ ਨਿੱਤ ਦਿਨ ਆਪਣੇ ਹੱਥੀਂ ਆਪ ਖੂਹ ਪੁੱਟ ਕੇ ਪਾਣੀ ਪੀਂਦੇ ਹਨ। ਜੋ ਹਰ ਸਮਾਜ ਦਾ ਸਭ ਤੋਂ ਮਹੱਤਵ ਪੂਰਨ ਥੰਮ ਹਨ।
ਇਹ ਗਰੀਬ ਲੋਕ ਆਪਣੇ ਹੱਡ ਵਾਹ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰਦੇ ਹਨ। ਕਿਹੜਾ ਸਫ਼ੈਦ-ਪੋਸ਼ੀਆ ਜਾ ਕੇ ਖੜੇਗਾ ਇਹਨਾਂ ਕਿਸਮਤ ਮਾਰਿਆਂ ਲੋਕਾਂ ਦੇ ਕੋਲ। ਕੌਣ ਪੁੱਛੇਗਾ ਇਹਨਾਂ ਦੇ ਘਰ ਦੇ ਚੁੱਲਿਆਂ ਤੇ ਰਾਸ਼ਨ ਬਾਰੇ। ਭੜੋਲੇ ਚੋ ਆਟੇ ਬਾਰੇ ? ਨਹੀਂ ਇਹ ਸੰਭਵ ਨਹੀਂ।ਅਸੀਂ ਲੇਖਕ ਲੋਕ ਤਾਂ ਆਪਣੇ ਏ ਸੀ ‘ਚ ਮਹਿਮਾਨ ਨਿਵਾਜ਼ੀ ਵੇਲੇ ਕਮਰੇ ‘ਚ ਬੈਠੇ ਹੀ ਚਾਹ ਨਾਲ਼ ਪਕੌੜੇ ਖਾਂਦਿਆਂ ਇਹ ਸਭ ਲਿਖ ਅਖਵਾਰਾਂ ਨੂੰ ਘਰੋਂ ਹੀ ਇੰਟਰਨੈਟ ਤੇ ਭੇਜ ਦਿੰਦੇ ਹਾਂ। ਅਖਵਾਰ ਵੀ ਪਟੱਕ ਦੇਣੇ ਛਾਪ ਸੁੱਟਦੇ ਨੇ।
ਮਜ਼ਦੂਰ ਦੀ ਆਰਥਿਕ ਹਾਲਤ ਤਾਂ ਪਹਿਲਾਂ ਹੀ ਮਨਫ਼ੀ ਸੀ। ਕੋਰੋਨਾ ਮਹਾਂਮਾਰੀ ਕਾਰਣ ਸਰਕਾਰਾਂ ਨੇ ਕਰਫਿਊ ਲਾ ਕੇ ਮੁਸ਼ੱਕਤਾਂ ‘ਚ ਘਿਰੇ ਮਜਦੂਰ ਦਾ ਲੱਕ ਬਿਲਕੁਲ ਹੀ ਤੋੜ ਦਿੱਤੈ। ਘਰਾਂ ‘”ਬਿਠਾ ਦਿੱਤੇ। ਮੌਸਮੀ ਤੇ ਬੇ -ਮੌਸਮੀ ਰੁਕ ਰੁਕ ਪੈਂਦੀ ਬਾਰਿਸ਼ ਨੇ ਤਾਂ ਦਿਹਾੜੀ ਲਾਉਣ ਹੀ ਨਹੀਂ ਦਿੱਤੀ।ਉਸਾਰੀ ਮਜ਼ਦੂਰ ਜਿਨਾਂ ਵਿੱਚ ਹੁਨਰਮੰਦ ਕਾਰੀਗਰ ਵੀ ਸ਼ਾਮਿਲ ਹਨ।
ਰਾਜ ਮਿਸਤਰੀ ਹਨ, ਲੱਕੜੀ ਦੇ ਕਾਰੀਗਰ ਤਰਖਾਣ ਹਨ, ਸਰੀਆ ਬੰਨਣ ਵਾਲੇ ਲੁਹਾਰ ਹਨ, ਪਲੰਬਰ ਹਨ, ਬਿਲਡਿੰਗਾਂ ਵਿੱਚ ਬਿਜਲੀ ਦੀ ਮੀਟਿੰਗ ਕਰਨ ਵਾਲੇ ਕਾਰੀਗਰ ਹਨ, ਜੋ ਆਪਣੇ ਕੰਮ ਤੋਂ ਬਿਨਾਂ ਹੋਰ ਕੰਮ ਕਰਨ ਤੋਂ ਅਸਮਰੱਥ ਹਨ। ਉਹਨਾਂ ਤੇ ਕੀ ਗੁਜ਼ਰੀ ਹੈ, ਨਾ ਸਰਕਾਰਾਂ ਦੇ ਧਿਆਨ ਵਿਚ ਹੈ, ਨਾ ਕਿਸੇ ਹੋਰ ਸੰਸਥਾਵਾਂ ਦੇ।
ਸੁਵੱਖ਼ਤੇ ਹੀ ਆਪਣੀ ਦੁਪਿਹਰ ਦੀ ਰੋਟੀ ਡੱਬਿਆਂ ‘ਚ ਲੈ ਕੇ ਦਿਹਾੜੀਦਾਰ ਮਜਦੂਰ ਘਰੋਂ ਨਿਕਲਦੇ ਹਨ। ਕੰਮ ਕਾਰ ਨਾ ਮਿਲਣ ਕਾਰਣ ਆਖਿਰ ਉਦਾਸ ਘਰਾਂ ਨੂੰ ਪਰਤ ਆਉਂਦੇ ਹਨ। ਘਰ ਦੇ ਖਰਚੇ, ਪਰਿਵਾਰ ਦੀਆਂ ਜ਼ਰੂਰਤਾਂ ਤਾਂ ਨਿੱਤ ਦਿਨ ਉਵੇਂ ਹੀ ਹਨ। ਸਬਰ ਕਦੋਂ ਤੱਕ, ਕਿੰਨੇ ਕੁ ਦਿਨ ਕਰੇਗਾ ਇਨਸਾਨ। ਸਿਰਫ਼ ਸਬਰ ਨਾ ਲ਼ ਹੀ ਤਾਂ ਸਮਾਜ ਵਿੱਚ ਜੀਅ ਨਹੀਂ ਹੁੰਦਾ।
ਕਿਸੇ ਨੂੰ ਸਰਕਾਰੀ ਮੱਦਦ ਵੀ ਕੀ ਮਿਲੀ । ਜੋ ਕੋਈ ਸਰਕਾਰ ਨੇ ਦਿੱਤੀ ਤਾਂ ਉਹ ਮਗਰਮੱਛਾਂ ਨੇ ਹੜੱਪ ਲਈ। ਹਰ ਇਨਸਾਨ ਹੱਥ ਨਹੀਂ ਅੱਡ ਸਕਦਾ । ਕਿਸੇ ਅੱਗੇ ਝੁਕ ਨਹੀਂ ਸਕਦਾ। ਬਾਹਰੋਂ ਕਮਾ ਨਹੀਂ ਸਕਦਾ, ਤਾ ਇਹਨਾ ਹਾਲਾਤਾਂ ‘ ਚ ਕੀ ਕਰੇਗਾ ਗਰੀਬ, ਲਾਚਾਰ ਮਨੁੱਖ ? ਸਰਕਾਰੀ ਸਕੂਲ ਬੰਦ ਹਨ।
ਕਿਸੇ ਮਜਬੂਰ ਦੇ ਦੋ, ਕਿਸੇ ਦੇ ਤਿੰਨ ਸਰਕਾਰੀ ਸਕੂਲਾਂ ਵਿੱਚ ਪੜਦੇ ਹਨ। ਸਕੂਲਾਂ ਨੇ ਵੀ ਬੱਚਿਆਂ ਨਾ ਲ਼ ਸੰਪਰਕ ਬਣਾਈ ਰੱਖਣ ਲਈ ਮੋਬਾਇਲ ਫੋਨਾਂ ਦੀ ਵਰਤੋਂ ਕਰਵਾਉਣੀ ਸ਼ੁਰੂ ਕਰ ਦਿੱਤੀ। ਵਿਦਿਆਰਥੀਆਂ ਨੂੰ ਅਧਿਆਪਕਾਂ ਵਲੋਂ ਪੜਾਈ ਨਿਰਵਿਘਨ ਚਲਾਉਣ ਲਈ ਘਰ ਦਾ ਕੰਮ ਅਭਿਆਸ (ਹੋਮ ਵਰਕ) ਮੋਬਾਇਲ ਤੇ ਦੇਣ ਦਾ ਪ੍ਰੋਗਰਾਮ ਸ਼ੁਰੂ ਕਰ ਲਿਆ ਹੈ। ਇਮਤਿਹਾਨ ਵੀ ਮੋਬਾਇਲ ਰਾਹੀਂ ਲਏ ਜਾ ਰਹੇ ਹਨ।
ਇਕ ਮਜਦੂਰ ਆਪਣੇ ਕੋਲ ਵੀ ਕੋਈ ਪੁਰਾਣਾ ਮੋਬਾਇਲ ਸਿਰਫ਼ ਆਪਣੀ ਹੈਸੀਅਤ ਮੁਤਾਬਿਕ ਖਰੀਦ ਦਾ ਸੀ ਤਾਂ ਕਿ ਉਸ ਦਾ ਸੰਪਰਕ ਕੰਮ ਕਾਰ ਵਾਲਿਆਂ ਨਾ ਲ਼ ਰਹਿ ਸਕੇ। ਇਹਨਾਂ ਮੋਬਾਇਲਾਂ ਵਿਚ ਇੰਟਰਨੈਟ ਨਹੀਂ ਚੱਲਦਾ। ਹੁਣ ਨੈਟ ਚਲਾਉਣ ਲਈ ਚਾਰ ਜੀ ਬੀ ਇਲੈਕਟਰੋਨਿਕ ਸਿਸਟਿਮ ਵਾਲੇ ਹੱਥ ਸੈਟ ਦੀ ਜ਼ਰੂਰਤ ਪੈਂਦੀ ਹੈ। ਇੰਨੇ ਮਹਿੰਗੇ ਮੋਬਾਇਲ ਮਜਦੂਰ ਕਿਥੋਂ ਖਰੀਦੇ। ਹਰ ਬੱਚਾ ਮੋਬਾਇਲ ਵੀ ਵੱਖਰਾ ਰੱਖਣ ਲਈ ਕਲੇਸ ਕਰਦਾ ਹੈ। ਉਹ ਮਾਂ-ਬਾਪ ਦੀ ਲਾਚਾਰੀ ਅਤੇ ਮਜਬੂਰੀ ਤੋਂ ਕੋਰਾ ਅਨਜਾਣ ਹੈ। ਮੋਬਾਇਲ ਲਈ ਇੰਟਰਨੈਟ ਦਾ ਨਵਾਂ ਖਰਚਾ ਫਿਰ ਆਪਣਾ ਬਣ ਫੈਲਾਈ ਖੜਾ ਹੈ।
ਘਰਾਂ ਵਿੱਚ ਚਲਦੇ ਕੰਮਾਂ ਕਾਰਾਂ ਤੇ ਮਜਦੂਰ ਪਹਿਲਾਂ ਹੀ ਘਿਰਣਾ ਦਾ ਸ਼ਿਕਰ ਬਣਦੇ ਰਹੇ ਸਨ।ਉਹਨਾਂ ਦੇ ਨਾਲ਼ ਸਮਾਜਿਕ ਵਿਵਹਾਰ ਚੰਗਾ ਨਹੀਂ ਸੀ। ਰੁੱਖੇ ਵਿਵਹਾਰ ਕਾਰਣ ਇਹ ਕਿਰਤੀ ਲੋਕ ਦਬਾਅ ਹੇਠ ਰੱਖੇ ਜਾਂਦੇ ਰਹੇ ਸਨ। ਚਾਹ-ਪਾਣੀ ਲਈ ਉਨਾਂ ਦੇ ਬਰਤਨ ਵੀ ਵੱਖਰੇ ਰੱਖਦੇ ਸਨ।ਹੁਣ ਕੋਰੋਨਾ ਦੀਆਂ ਅਫਵਾਹਾਂ ਅਤੇ ਸਰਕਾਰੀ ਪ੍ਰਚਾਰ ਕਾਰਣ ਤਾਂ ਲੋਕ ਮਜ਼ਦੂਰਾਂ ਨੂੰ ਦੇਖਣਾ ਵੀ ਨਹੀਂ ਪਸੰਦ ਕਰਦੇ। ਮਜਬੂਰੀ ਵੱਸ ਜੇ ਕੰਮ ਕਰਵਾਉਣਾ ਵੀ ਪੈ ਜਾਵੇ ਤਾਂ ਵਿਵਹਾਰ ਵੀ ਸਲੀਕੇਦਾਰ ਨਹੀਂ ਹੁੰਦਾ । ਇਹ ਸਭ ਦੇਖ ਕੇ ਇਹਨਾਂ ਮਿਹਨਤੀ ਲੋਕਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ। ਆਰਥਿਕ ਪੱਖੋਂ ਟੁੱਟੇ ਲੋਕ ਮਾਨਸਿਕ ਪੱਖੋਂ ਵੀ ਟੁੱਟ ਰਹੇ ਹਨ।
ਬਲਜਿੰਦਰ ਸਿੰਘ “ਬਾਲੀ ਰੇਤਗੜੵ “
9465128168