(ਸਮਾਜ ਵੀਕਲੀ)
ਬਹੁਤਾ ਵੀ ਨਾ ਸੋਚਿਆ ਕਰ,
ਲੋੜੋਂ ਵੱਧ ਨਾ ਲੋਚਿਆ ਕਰ।
ਇਨਸਾਨਾਂ ਤੋਂ ਨਾ ਰੱਖ ਉਮੀਦਾਂ,
ਰੱਬ ਦੀਆਂ ਦਾਤਾਂ ਬੋਚਿਆ ਕਰ।
ਬਹੁਤਾ ਵੀ ਨਾ…..
ਭੱਟਕ-ਭੱਟਕ ਨਾ ਮਨ ਭੱਟਕਾ,
ਕਿਤੇ ਜਾ ਸੋਚ ਨੂੰ ਲੈ ਅੱਟਕਾ।
ਡੂੰਘਾ ਕਰ ਵਿਚਾਰ ਵੇਖ ਲਈਂ,
ਖ਼ਾਲੀ ਹੈ ਕਿ ਭਰਿਆ ਮੱਟਕਾ।
ਦੁੱਖਾਂ ਦੀ ਅੱਗ ਬਾਲ਼ ਕੇ ਆਪੇ,
ਖੁਦ ਨੂੰ ਵਿੱਚ ਨਾ ਝੋਕਿਆ ਕਰ।
ਬਹੁਤਾ ਵੀ ਨਾ…..
ਏਧਰ ਓਧਰ ਝਾਂਕ ਕੇ ਪਰਾਂ,
ਕੰਮ ਕਰਾਂਗਾ ਹੱਟ ਕੇ ਜ਼ਰਾਂ।
ਉੱਪਰ ਬੈਠਾ ਵੇਹੰਦਾ ਹਰ ਪਲ,
ਓਹਦਾ ਦੱਸ ਪਰ ਕੀ ਕਰਾਂ।
ਲਾਠੀ ਉਸਦੀ ਆਵਾਜ਼ ਨਾ ਕੋਈ,
ਬੁੱਤ ਬਣ ਨਾ ਫ਼ੇਰ ਚੌਂਕਿਆ ਕਰ।
ਬਹੁਤਾ ਵੀ ਨਾ……..
ਜਿਹਨਾਂ ਨੂੰ ਆਖੇ,ਉਹ ਮੰਦੇ ਨੇ,
ਤੇਰੇ ਤੋਂ ਤਾਂ ਕਿਤੇ ਚੰਗੇ ਨੇ।
ਤੂੰ ਕੀ ਜਾਣੇਂ ਉਹਨਾਂ ਨੇ ਤਾਂ,
ਤੇਰੇ ਲਈ ਵੀ ਭਲੇ ਮੰਗੇ ਨੇ।
ਅੱਗੇ ਵੱਧਦਾ ਤੱਕ ਕਿਸੇ ਨੂੰ,
ਖੰਭ ਜਿਹੇ ਨਾ ਨੋਚਿਆ ਕਰ।
ਬਹੁਤਾ ਵੀ ਨਾ……
ਲੇਖਾ ਜੋਖਾ ਭਰ ਕਰਮਾਂ ਦਾ,
ਦੇਣਾ ਪੈਣਾ ਸੱਭ ਜਨਮਾਂ ਦਾ।
ਲਹਿ ਜਾਣਾ ਅੰਤ ਉੱਥੇ ਜਾ ਕੇ,
ਚੋਲ਼ਾ ਪਾਇਆ ਭਰਮਾਂ ਦਾ।
ਜਾਣ ਲੈ ਇਹ ਸੱਚਾਈ ‘ਮਨਜੀਤ’,
ਬੁਰੇ ਕੰਮੋਂ ਮਨ ਨੂੰ ਰੋਕਿਆ ਕਰ।
ਬਹੁਤਾ ਵੀ ਨਾ ਸੋਚਿਆ ਕਰ,
ਲੋੜੋਂ ਵੱਧ ਨਾ ਲੋਚਿਆ ਕਰ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly