ਕੋਲੰਬੋ (ਸਮਾਜ ਵੀਕਲੀ) : ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਇਤਿਹਾਸਕ ਬੋਧ ਮੰਦਰ ’ਚ ਅੱਜ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਸ੍ਰੀਲੰਕਾ ਪੀਪਲਜ਼ ਪਾਰਟੀ (ਐੱਸਐੱਲਪੀਪੀ) ਦੇ 74 ਸਾਲਾ ਆਗੂ ਨੂੰ ਨੌਵੀਂ ਸੰਸਦ ਲਈ ਅਹੁਦੇ ਦੀ ਸਹੁੰ ਉਨ੍ਹਾਂ ਦੇ ਛੋਟੇ ਭਰਾ ਤੇ ਰਾਸ਼ਟਰਪਤੀ ਗੋਟਬਾਇਆ ਰਾਜਪਕਸੇ ਨੇ ਕੇਲਾਨੀਆ ਦੇ ਪਵਿੱਤਰ ਰਾਜਮਹਾ ਵਿਹਾਰ ’ਚ ਚੁਕਾਈ।
ਮਹਿੰਦਾ ਰਾਜਪਕਸੇ ਨੇ ਇਸ ਸਾਲ ਜੁਲਾਈ ’ਚ ਸੰਸਦੀ ਰਾਜਨੀਤੀ ਦੇ 50 ਸਾਲ ਪੂਰੇ ਕੀਤੇ ਹਨ। ਇਸ ਦੌਰਾਨ ਉਹ ਦੋ ਵਾਰ ਰਾਸ਼ਟਰਪਤੀ ਚੁਣੇ ਗਏ ਤੇ ਤਿੰਨ ਵਾਰ ਪ੍ਰਧਾਨ ਮੰਤਰੀ ਨਿਯੁਕਤ ਹੋਏ। ਮਹਿੰਦਾ ਰਾਜਪਕਸੇ ਦੀ ਅਗਵਾਈ ਹੇਠ ਐੱਸਐੱਲਪੀਪੀ ਨੇ ਪੰਜ ਅਗਸਤ ਦੀਆਂ ਆਮ ਚੋਣਾਂ ’ਚ ਜ਼ਬਰਦਸਤ ਜਿੱਤ ਹਾਸਲ ਕਰਦਿਆਂ ਸੰਸਦ ’ਚ ਦੋ ਤਿਹਾਈ ਬਹੁਮਤ ਹਾਸਲ ਕੀਤਾ।
ਮਹਿੰਦਾ ਨੂੰ ਪੰਜ ਲੱਖ ਤੋਂ ਵੱਧ ਵੋਟਾਂ ਪਈਆਂ। ਚੋਣ ਇਤਿਹਾਸ ’ਚ ਪਹਿਲੀ ਵਾਰ ਕਿਸੇ ਉਮੀਦਵਾਰ ਨੂੰ ਇੰਨੀਆਂ ਵੋਟਾਂ ਮਿਲੀਆਂ ਹਨ। ਐੱਸਐੱਲਪੀਪੀ ਨੇ 145 ਚੋਣ ਹਲਕਿਆਂ ’ਚ ਜਿੱਤ ਦਰਜ ਕਰਦਿਆਂ ਆਪਣੇ ਸਹਿਯੋਗੀਆਂ ਨਾਲ ਕੁੱਲ 150 ਸੀਟਾਂ ਆਪਣੇ ਨਾਂ ਕੀਤੀਆਂ। ਕੈਬਨਿਟ ਮੰਤਰੀਆਂ, ਰਾਜ ਮੰਤਰੀਆਂ ਤੇ ਉੱਪ ਮੰਤਰੀਆਂ ਨੂੰ ਭਲਕੇ 10 ਅਗਸਤ ਨੂੰ ਸਹੁੰ ਚੁਕਾਈ ਜਾ ਸਕਦੀ ਹੈ।