101 ਰੱਖਿਆ ਉਪਕਰਨਾਂ ਦੀ ਦਰਾਮਦ ਰੋਕੀ

ਨਵੀਂ ਦਿੱਲੀ (ਸਮਾਜ ਵੀਕਲੀ) : ਘਰੇਲੂ ਰੱਖਿਆ ਸਨਅਤ ਨੂੰ ਹੁਲਾਰਾ ਦੇਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 101 ਹਥਿਆਰਾਂ ਅਤੇ ਫ਼ੌਜੀ ਉਪਕਰਨਾਂ ਦੀ ਦਰਾਮਦ ’ਤੇ 2024 ਤੱਕ ਰੋਕ ਲਗਾਉਣ ਦਾ ਅੱਜ ਐਲਾਨ ਕੀਤਾ ਹੈ। ਇਨ੍ਹਾਂ ’ਚ ਹਲਕੇ ਲੜਾਕੂ ਹੈਲੀਕਾਪਟਰ, ਮਾਲਵਾਹਕ ਜਹਾਜ਼, ਰਵਾਇਤੀ ਪਣਡੁੱਬੀਆਂ ਅਤੇ ਕਰੂਜ਼ ਮਿਜ਼ਾਈਲਾਂ ਸ਼ਾਮਲ ਹਨ।

ਟਵਿੱਟਰ ’ਤੇ ਇਸ ਦਾ ਐਲਾਨ ਕਰਦਿਆਂ ਰੱਖਿਆ ਮੰਤਰੀ ਨੇ ਅਨੁਮਾਨ ਲਗਾਇਆ ਕਿ ਦਰਾਮਦ ਸੂਚੀ ’ਚ ਕਟੌਤੀ ਨਾਲ ਘਰੇਲੂ ਰੱਖਿਆ ਸਨਅਤ ਨੂੰ ਅਗਲੇ ਪੰਜ ਤੋਂ ਸੱਤ ਸਾਲਾਂ ਦੌਰਾਨ ਕਰੀਬ ਚਾਰ ਲੱਖ ਕਰੋੜ ਰੁਪਏ ਦੇ ਠੇਕੇ ਮਿਲਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਆਤਮਨਿਰਭਰ ਭਾਰਤ’ ਦੇ ਸੱਦੇ ਤਹਿਤ ਰੱਖਿਆ ਮੰਤਰਾਲਾ ਦੇਸ਼ ’ਚ ਰੱਖਿਆ ਸਾਜ਼ੋ ਸਾਮਾਨ ਦੇ ਉਤਪਾਦਨ ਨੂੰ ਹੁਲਾਰਾ ਦੇਣ ਲਈ ਪਹਿਲ ਕਰ ਰਿਹਾ ਹੈ।

ਅਧਿਕਾਰੀਆਂ ਮੁਤਾਬਕ 101 ਹਥਿਆਰਾਂ ਦੀ ਸੂਚੀ ’ਚ ਤੋਪਾਂ, ਘੱਟ ਦੂਰੀ ਵਾਲੀਆਂ ਸਤਹਿ ਤੋਂ ਹਵਾ ’ਚ ਦਾਗ਼ੀਆਂ ਜਾਣ ਵਾਲੀਆਂ ਮਿਜ਼ਾਈਲਾਂ, ਕਰੂਜ਼ ਮਿਜ਼ਾਈਲਾਂ, ਇਲੈਕਟ੍ਰਾਨਿਕ ਜੰਗੀ ਪ੍ਰਣਾਲੀਆਂ, ਪਣਡੁੱਬੀ ਵਿਰੋਧੀ ਰਾਕੇਟ ਲਾਂਚਰ ਅਤੇ ਹੋਰ ਹਥਿਆਰ ਸ਼ਾਮਲ ਹਨ। ਸੂਚੀ ’ਚ ਬੁਨਿਆਦੀ ਸਿਖਲਾਈ ਜਹਾਜ਼, ਹਲਕੇ ਰਾਕੇਟ ਲਾਂਚਰ, ਮਲਟੀ ਬੈਰਲ ਰਾਕੇਟ ਲਾਂਚਰ, ਜਹਾਜ਼ਾਂ ਲਈ ਸੋਨਾਰ ਪ੍ਰਣਾਲੀ, ਅਸਤਰ-ਐੱਮਕੇ 1 ਮਿਜ਼ਾਈਲਾਂ, ਹਲਕੀਆਂ ਮਸ਼ੀਨ ਗੰਨਾਂ, ਤੋਪਾਂ ਦਾ ਗੋਲਾ ਬਾਰੂਦ (155 ਐੱਮਐੱਮ) ਅਤੇ ਜਹਾਜ਼ਾਂ ’ਤੇ ਲੱਗਣ ਵਾਲੀਆਂ ਦਰਮਿਆਨੀ ਰੇਂਜ ਦੀਆਂ ਬੰਦੂਕਾਂ ਵੀ ਸ਼ਾਮਲ ਹਨ। ਇਹ ਐਲਾਨ ਰੱਖਿਆ ਮੰਤਰਾਲੇ ਦੀ ਰੱਖਿਆ ਖ਼ਰੀਦ ਨੀਤੀ ਦੇ ਖਰੜੇ ਦੇ ਇਕ ਹਫ਼ਤੇ ਬਾਅਦ ਹੋਇਆ ਹੈ ਜਿਸ ’ਚ 2025 ਤੱਕ ਰੱਖਿਆ ਉਤਪਾਦਨ ’ਚ 1.75 ਲੱਖ ਕਰੋੜ ਰੁਪਏ ਦੇ ਕਾਰੋਬਾਰ ਦਾ ਅੰਦਾਜ਼ਾ ਲਗਾਇਆ ਗਿਆ ਹੈ। ਅੰਦਾਜ਼ੇ ਮੁਤਾਬਕ ਭਾਰਤੀ ਹਥਿਆਰ ਬੱਲਾਂ ਵੱਲੋਂ ਅਗਲੇ ਪੰਜ ਸਾਲਾਂ ’ਚ 130 ਅਰਬ

ਡਾਲਰ ਖ਼ਰਚੇ ਜਾਣਗੇ। ਰੱਖਿਆ ਮੰਤਰੀ ਨੇ ਕਿਹਾ ਕਿ ਇਕ ਹੋਰ ਅਹਿਮ ਕਦਮ ਤਹਿਤ ਰੱਖਿਆ ਮੰਤਰਾਲੇ ਨੇ 2020-21 ਦੇ ਪੂੰਜੀਗਤ ਖ਼ਰੀਦ ਬਜਟ ਨੂੰ ਘਰੇਲੂ ਅਤੇ ਵਿਦੇਸ਼ੀ ਖ਼ਰੀਦ ’ਚ ਵੰਡਿਆ ਗਿਆ ਹੈ। ਮੌਜੂਦਾ ਵਿੱਤੀ ਵਰ੍ਹੇ ’ਚ ਘਰੇਲੂ ਖ਼ਰੀਦ ਲਈ ਕਰੀਬ 52 ਹਜ਼ਾਰ ਕਰੋੜ ਰੁਪਏ ਦਾ ਵੱਖਰਾ ਬਜਟ ਬਣਾਇਆ ਗਿਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਮੰਤਰਾਲੇ ਨੇ ਤਿੰਨਾਂ ਸੈਨਾਵਾਂ, ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ), ਰੱਖਿਆ ਖੇਤਰ ਦੇ ਜਨਤਕ ਅਦਾਰਿਆਂ, ਆਰਡਨੈਂਸ ਫੈਕਟਰੀ ਬੋਰਡ ਅਤੇ ਪ੍ਰਾਈਵੇਟ ਸਨਅਤਾਂ ਸਮੇਤ ਸਾਰੀਆਂ ਸਬੰਧਤ ਧਿਰਾਂ ਨਾਲ ਕਈ ਗੇੜ ਦੀ ਗੱਲਬਾਤ ਮਗਰੋਂ ਇਹ ਸੂਚੀ ਤਿਆਰ ਕੀਤੀ ਹੈ।

ਉਨ੍ਹਾਂ ਕਿਹਾ ਕਿ ਤਿੰਨਾਂ ਸੈਨਾਵਾਂ ਨੇ ਅਪਰੈਲ 2015 ਤੋਂ ਅਗਸਤ 2020 ਦਰਮਿਆਨ ਸਾਢੇ 3 ਲੱਖ ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ’ਤੇ ਅਜਿਹੀਆਂ ਵਸਤਾਂ ਦੀਆਂ ਕਰੀਬ 260 ਯੋਜਨਾਵਾਂ ਦਾ ਠੇਕਾ ਦਿੱਤਾ ਸੀ। ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਸਮੇਂ ਦੌਰਾਨ ਥਲ ਅਤੇ ਹਵਾਈ ਸੈਨਾ ਦੋਹਾਂ ਲਈ ਕਰੀਬ 1.30 ਲੱਖ ਕਰੋੜ ਰੁਪਏ ਦੀਆਂ ਵਸਤਾਂ ਅਤੇ ਜਲ ਸੈਨਾ ਲਈ 1.40 ਲੱਖ ਕਰੋੜ ਰੁਪਏ ਦੀਆਂ ਵਸਤਾਂ ਦੀ ਖ਼ਰੀਦ ਦਾ ਅੰਦਾਜ਼ਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸੂਚੀ ’ਚ ਪਹੀਏ ਵਾਲੇ ਬਖ਼ਤਰਬੰਦ ਲੜਾਕੂ ਵਾਹਨ ਵੀ ਸ਼ਾਮਲ ਹਨ ਜਿਨ੍ਹਾਂ ਲਈ ਅਮਲ ਦੀ ਸੰਕੇਤਕ ਤਰੀਕ ਦਸੰਬਰ 2021 ਹੈ।

ਥਲ ਸੈਨਾ ਵੱਲੋਂ ਪੰਜ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਅਜਿਹੇ 200 ਵਾਹਨਾਂ ਦੇ ਠੇਕੇ ਦਿੱਤੇ ਜਾਣ ਦਾ ਅਨੁਮਾਨ ਹੈ। ਇਸੇ ਤਰ੍ਹਾਂ ਜਲ ਸੈਨਾ ਵੱਲੋਂ ਦਸੰਬਰ 2021 ਤੱਕ 42 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਛੇ ਪਣਡੁੱਬੀਆਂ ਦੀ ਖ਼ਰੀਦ ਦਾ ਅੰਦਾਜ਼ਾ ਹੈ। ਹਵਾਈ ਸੈਨਾ ਲਈ 123 ਹਲਕੇ ਲੜਾਕੂ ਜਹਾਜ਼ ਐੱਮਕੇ 1ਏ 85 ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਅੰਦਾਜ਼ਨ ਲਾਗਤ ਨਾਲ ਠੇਕੇ ਦਿੱਤੇ ਜਾਣਗੇ। ਸਰਕਾਰੀ ਦਸਤਾਵੇਜ਼ਾਂ ਮੁਤਾਬਕ 69 ਵਸਤਾਂ ’ਤੇ ਦਰਾਮਦ ’ਤੇ ਰੋਕ ਦਸੰਬਰ 2020 ਤੋਂ ਲਾਗੂ ਹੋਵੇਗੀ ਜਦਕਿ 11 ਵਸਤਾਂ ’ਤੇ ਰੋਕ ਦਸੰਬਰ 2021 ਤੋਂ ਲੱਗੇਗੀ। ਦਸੰਬਰ 2022 ਤੋਂ ਦਰਾਮਦ ’ਤੇ ਪਾਬੰਦੀ ਲਈ ਚਾਰ ਵਸਤਾਂ ਦੀ ਵੱਖਰੀ ਸੂਚੀ ਦੀ ਪਛਾਣ ਕੀਤੀ ਗਈ ਹੈ ਜਦਕਿ ਅੱਠ ਵਸਤਾਂ ਦੇ ਦੋ ਵੱਖਰੇ ਸੈੱਟਾਂ ’ਤੇ ਦਸੰਬਰ 2023 ਅਤੇ ਦਸੰਬਰ 2024 ਤੋਂ ਪਾਬੰਦੀ ਲਾਗੂ ਹੋਵੇਗੀ।

Previous articleਸਿੰਧ ਜਲ ਸੰਧੀ: ਆਪੋ-ਆਪਣੀ ਜ਼ਿੱਦ ’ਤੇ ਅੜੇ ਭਾਰਤ-ਪਾਕਿ
Next articleਮਹਿੰਦਾ ਰਾਜਪਕਸੇ ਨੇ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ