ਨਵੀਂ ਦਿੱਲੀ (ਸਮਾਜ ਵੀਕਲੀ) : ਭਾਰਤ ਨੇ ਪਾਕਿਸਤਾਨ ਨੂੰ ਸੁਝਾਅ ਦਿੱਤਾ ਹੈ ਕਿ ਸਿੰਧ ਜਲ ਸਮਝੌਤੇ ਤਹਿਤ ਪਾਣੀ ਦੇ ਮੁੱਦੇ ਸਬੰਧੀ ਗੱਲਬਾਤ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਜਾਵੇ, ਪਰ ਪਾਕਿਸਸਤਾਨ ਇਸ ਗੱਲ ’ਤੇ ਜ਼ੋਰ ਦੇ ਰਿਹਾ ਹੈ ਕਿ ਗੱਲਬਾਤ ਅਟਾਰੀ ਚੈੱਕ ਪੋਸਟ ’ਤੇ ਕੀਤੀ ਜਾਵੇ। ਇਹ ਜਾਣਕਾਰੀ ਸੂਤਰਾਂ ਨੇ ਐਤਵਾਰ ਨੂੰ ਦਿੱਤੀ।
ਪਿਛਲੇ ਹਫ਼ਤੇ ਲਿਖੇ ਪੱਤਰ ਵਿੱਚ ਭਾਰਤ ਦੇ ਸਿੰਧ ਕਮਿਸ਼ਨਰ ਨੇ ਪਾਕਿਸਤਾਨ ਦੇ ਆਪਣੇ ਹਮਰੁਤਬਾ ਨੂੰ ਕਿਹਾ ਸੀ ਕਿ ਕਰੋਨਾ ਕਾਰਨ ਅਟਾਰੀ ਚੈੱਕ ਪੋਸਟ ’ਤੇ ਮੀਟਿੰਗ ਕਰਨਾ ਠੀਕ ਨਹੀਂ ਹੈ। ਪਾਕਿਸਤਾਨ ਦੀ ਬੇਨਤੀ ’ਤੇ ਮਾਰਚ ਦੇ ਅਖੀਰਲੇ ਹਫ਼ਤੇ ਸਿੰਧ ਜਲ ਸਮਝੌਤੇ ਤਹਿਤ ਗੱਲਬਾਤ ਲਈ ਮੀਟਿੰਗ ਰੱਖੀ ਗਈ ਸੀ ਜਿਸ ਨੂੰ ਕਰੋਨਾ ਸੰਕਟ ਨੂੰ ਦੇਖਦਿਆਂ ਮੁਲਤਵੀ ਕਰ ਦਿੱਤਾ ਗਿਆ ਸੀ।
ਸੂਤਰਾਂ ਨੇ ਦੱਸਿਆ ਕਿ ਹਾਲਾਤ ਬਿਹਤਰ ਹੋਣ ਅਤੇ ਕੌਮਾਂਤਰੀ ਅਾਵਾਜਾਈ ਬਹਾਲ ਹੋਣ ਵਿੱਚ ਕੁਝ ਸਮਾਂ ਲੱਗੇਗਾ, ਜਿਸ ਨੂੰ ਦੇਖਦਿਆਂ ਭਾਰਤੀ ਕਮਿਸ਼ਨਰ ਨੇ ਜੁਲਾਈ ਦੇ ਪਹਿਲੇ ਹਫ਼ਤੇ ਮੀਟਿੰਗ ਵੀਡੀਓ ਕਾਨਫਰੰਸਿੰਗ ਰਾਹੀਂ ਜਾਂ ਕਿਸੇ ਹੋਰ ਤਰੀਕੇ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਜਵਾਬ ਵਿੱਚ ਪਾਕਿਸਤਾਨੀ ਕਮਿਸ਼ਨਰ ਵੱਲੋਂ ਜੁਲਾਈ ਦੇ ਅਖੀਰਲੇ ਹਫ਼ਤੇ ਭੇਜੇ ਪੱਤਰ ਵਿੱਚ ਮੀਟਿੰਗ ਅਟਾਰੀ ਚੈੱਕ ਪੋਸਟ ’ਤੇ ਕਰਨ ’ਤੇ ਜ਼ੋਰ ਦਿੱਤਾ ਗਿਆ ਸੀ।
ਇਸ ਦੇ ਜਵਾਬ ਵਿੱਚ ਭਾਰਤੀ ਕਮਿਸ਼ਨਰ ਨੇ ਕਿਹਾ ਸੀ ਕਿ ਕਰੋਨਾ ਕਾਰਨ ਭਾਰਤ ਵਿੱਚ ਹਾਲਾਤ ਠੀਕ ਨਹੀਂ ਹਨ ਕਿ ਭਾਰਤੀ ਵਫ਼ਦ ਨੂੰ ਮੀਟਿੰਗ ਲਈ ਅਟਾਰੀ ਚੈੱਕ ਪੋਸਟ ’ਤੇ ਭੇਜਿਆ ਜਾ ਸਕੇ। ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨ ਨੂੰ ਵਰਚੂਅਲ ਮੀਟਿੰਗ ਕਰਨ ਦੀ ਅਪੀਲ ਕੀਤੀ ਸੀ। ਊਨ੍ਹਾਂ ਕਿਹਾ ਸੀ ਕਿ ਦੂਜੇ ਮੁਲਕਾਂ ਨਾਲ ਕੂਟਨੀਤਕ ਪੱਧਰ ’ਤੇ ਗੱਲਬਾਤ ਵੀ ਵਰਚੂਅਲ ਮੀਟਿੰਗ ਰਾਹੀਂ ਕੀਤੀ ਜਾ ਰਹੀ ਹੈ ਇਸ ਲਈ ਸਿੰਧ ਜਲ ਬਾਰੇ ਮੀਟਿੰਗ ਵੀ ਇਸ ਤਰੀਕੇ ਨਾਲ ਕੀਤੀ ਜਾਵੇ। ਹਾਲ ਦੀ ਘੜੀ ਦੋਵਾਂ ਧਿਰਾਂ ਵਿਚਾਲੇ ਇਕ ਮੁੱਦਾ, ਕਿਸ਼ਨਗੰਗਾ ਅਤੇ ਰਾਟੇਲ ਹਾਈਡਰੋਇਲੈਕਟ੍ਰਿਕ ਪ੍ਰਾਜੈਕਟਾਂ ਬਾਰੇ ਸਹਿਮਤ ਨਾ ਹੋਣਾ ਹੈ।
ਕਾਬਿਲੇਗੌਰ ਹੈ ਕਿ ਸਿੰਧ ਜਲ ਸਮਝੌਤੇ ਤਹਿਤ 1960 ਵਿੱਚ ਸਥਾਈ ਸਿੰਧ ਕਮਿਸ਼ਨ ਦੀ ਸਥਾਪਨਾ ਕੀਤੀ ਗਈ ਸੀ। ਦੋਵਾਂ ਮੁਲਕਾਂ ਦੇ ਕਮਿਸ਼ਨਰ ਸਮਝੌਤੇ ਨਾਲ ਸਬੰਧਤ ਮਸਲਿਆਂ ’ਤੇ ਸਰਕਾਰ ਦੇ ਪ੍ਰਤੀਨਿਧ ਵਜੋਂ ਕੰਮ ਕਰਦੇ ਹਨ। ਸਮਝੌਤੇ ਅਨੁਸਾਰ ਸਾਲ ਵਿੱਚ ਇਕ ਵਾਰ ਦੋਵਾਂ ਕਮਿਸ਼ਨਰਾਂ ਦੀ ਮੀਟਿੰਗ ਹੁੰਦੀ ਹੈ ਜੋ ਇਕ ਵਾਰ ਭਾਰਤ ਤੇ ਇਕ ਵਾਰ ਪਾਕਿਸਤਾਨ ਵਿੱਚ ਹੁੰਦੀ ਹੈ। ਇਸ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਤਿੰਨ ਪੂਰਵੀ ਨਦੀਆਂ ਰਾਵੀ, ਬਿਆਸ ਅਤੇ ਸਤੁਲਜ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ, ਜਦੋਂ ਕਿ ਪੱਛਮੀ ਨਦੀਆਂ, ਸਿੰਧ, ਚਨਾਬ ਅਤੇ ਜੇਹਲਮ ’ਤੇ ਪਾਕਿਸਤਾਨ ਦਾ ਹੱਕ ਹੈ ਤੇ ਭਾਰਤ ਨੂੰ ਇਸ ਦੇ ਪਾਣੀ ਦੇ ਕੁਝ ਅਧਿਕਾਰ ਦਿੱਤੇ ਗਏ ਹਨ।