ਨੈਣਾਂ ਵਿੱਚ ਬਰਸਾਤਾਂ

(ਸਮਾਜ ਵੀਕਲੀ)

ਸਾਡਾ ਸਾਉਣ ਮਹੀਨਾ ਸੁੱਕਾ ਪਿਆ ,
ਸਾਡੇ ਨੈਣਾਂ ਵਿੱਚ ਬਰਸਾਤਾਂ ਨੇ।
ਦਿਨ ਲੱਗਣ ਦਹਾਕਿਆਂ ਜਿੱਡੇ ਜਿੱਡੇ,
ਅਤੇ ਸਦੀਆਂ ਵਰਗੀਆਂ ਰਾਤਾਂ ਨੇ।

ਮਾਹੀ ਡਾਲਰਾਂ ਪਿੱਛੇ ਲੱਗਿਆ ਏ ,
ਉਸ ਨੂੰ ਮੁੱਲ ਨਾ ਪਤਾ ਪਿਆਰਾਂ ਦਾ।
ਸਾਨੂੰ ਸੂਟ ਬਦਲਨੇ ਭੁੱਲ ਗਏ ਨੇ ,
ਚੇਤਾ ਭੁੱਲ ਗਿਆ ਹਾਰ ਸ਼ਿੰਗਾਰਾਂ ਦਾ।
ਸਾਡੀ ਲੋੜ ਤਾਂ ਚੰਦ ਕੁ ਛਿੱਲੜਾਂ ਦੀ ,
ਅਸੀਂ ਮਾਰ ਲਏ ਬਹੁਤਾਤਾਂ ਨੇ।

ਹਾਲੇ ਮਹਿੰਦੀ ਵੀ ਫਿੱਕੀ ਹੋਈ ਨਹੀਂ ,
ਚੂੜੇ ਦਾ ਰੰਗ ਵੀ ਸੂਹਾ ਏ।
ਘਰ ਪੇਕਿਆਂ ਦੇ ਸੀ ਮੌਜ ਕਰੀ ,
ਸਹੁਰਿਆਂ ਦਾ ਭੀੜਾ ਬੂਹਾ ਏ।
ਸਾਡਾ ਚਿੱਤ ਨਾ ਕਰਦਾ ਵਰਤਣ ਨੂੰ,
ਘਰ ਵਿੱਚ ਲੱਖਾਂ ਪਈਆਂ ਸੁਗਾਤਾਂ ਨੇ।

ਬੜਾ ਚਾਅ ਹੈ ਮੇਰੇ ਮਾਪਿਆਂ ਨੂੰ ,
ਮੁੰਡਾ ਐਨ ਆਰ ਆਈ ਮਿਲ ਗਿਆ ਏ।
ਮੇਰੇ ਦਿਲ ਦਾ ਫੁੱਲ ਮੁਰਝਾ ਗਿਆ ਏ ,
ਬਾਪੂ ਦੇ ਮਨ ਦਾ ਖਿਲ ਗਿਆ ਏ।
ਮਾਹੀ ਵੀਡੀਓ ਕਾਲ ਕਰ ਲੈਂਦਾ ਏ ,
ਬੱਸ ਫੋਨ ਉੱਤੇ ਹੀ ਮੁਲਾਕਾਤਾਂ ਨੇ।

ਕੀ ਹੈ ਕਰਨਾਂ ਕੋਠੀਆਂ ਕਾਰਾਂ ਨੂੰ ,
ਬੈਂਕਾਂ ਵਿੱਚ ਰੱਖਿਆਂ ਨੋਟਾਂ ਨੂੰ।
ਜੇਕਰ ਕੋਈ ਦਰਦ ਨਾ ਜਾਣ ਸਕੇ ,
ਕੋਮਲ ਦਿਲ ‘ਤੇ ਲੱਗੀਆਂ ਚੋਟਾਂ ਨੂੰ।
ਰੰਗ ਰੂਪ ਜਵਾਨੀ ਮਾਨਣ ਲਈ ,
ਕੁਦਰਤ ਨੇ ਬਖ਼ਸ਼ੀਆਂ ਦਾਤਾਂ ਨੇ।

ਸਾਨੂੰ ਖਾਣ ਪੀਣ ਸਭ ਭੁੱਲ ਗਿਆ ਏ,
ਦਿਨੇਂ ਚੈਨ ਨਾ ਨੀਂਦਰ ਰਾਤਾਂ ਨੂੰ।
ਇੱਕ ਮੈਂ ਕੱਲੀ ਇੱਕ ਸੱਸ ਕੱਲੀ ,
ਰਖਦੀ ਜਿੰਦਰੇ ਮਾਰ ਸਬਾ੍ਤਾਂ ਨੂੰ।
ਕੋਈ ਚਾਅ ਨਹੀਂ ਕੋਈ ਰੀਝ ਨਹੀਂ ,
ਹਾਰ ਮੰਨ ਲਈ ਜਜ਼ਬਾਤਾਂ ਨੇ।

ਮੇਰੀ ਚੜ੍ਦੀ ਉਮਰ ਜਵਾਨੀ ਦੀ ,
ਪੂਰੇ ਪੈਂਤੀ ਸਾਲਾਂ ਦੀ ਲਗਦੀ ਐ।
ਜਿੱਥੇ ਅੱਗ ਦੇ ਭਾਂਬੜ ਮੱਚਣੇਂ ਸੀ ,
ਇੱਕ ਮੋਮਬੱਤੀ ਜਿਹੀ ਜਗਦੀ ਐ।
ਸੋਹਣੇ ਪਿੰਡ ਰੰਚਣਾਂ ਦੀਆਂ ਕੁੜੀਆਂ,
ਕਾਹਤੋਂ ਖਾ ‘ਲੀਆਂ ਆਤਮਘਾਤਾਂ ਨੇ।

ਮੂਲ ਚੰਦ ਸ਼ਰਮਾ
ਪਿੰਡ ਰੰਚਣਾਂ ਡਾਕ . ਭਸੌੜ .
ਰਾਹੀਂ ਧੂਰੀ ਜਿਲਾ੍ ਸੰਗਰੂਰ 148024
ਮੋਬਾ: 9478408898

Previous articleउनके राम और अपने राम
Next articleMahatma Gandhi, Race and Caste