ਖੇਤਾਂ ਦੇ ਪੁੱਤ ਜਾਗ ਪਏ

ਪ੍ਰੋਫੈਸਰ ਨਰਿੰਦਰ ਸਿੰਘ

(ਸਮਾਜ ਵੀਕਲੀ)

ਸਾਂਝਾ ਕਾਵਿ ਸੰਗ੍ਰਹਿ ਹੈ ਜਿਸਦਾ ਸੰਪਾਦਕ ਰਜਿੰਦਰ ਸਿੰਘ ਰਾਜਨ ਅਤੇ ਪ੍ਰਕਾਸ਼ਕ ਨਵਰੰਗ ਪਬਲੀਕੇਸ਼ਨ, ਸਮਾਣਾ ਹੈ। ਚੌਵੀ ਕਵੀਆਂ ਦੀਆਂ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਦੀ ਇਹ ਕਿਤਾਬ 120 ਪੰਨਿਆਂ ਦੀ ਹੈ ਜਿਸਦੀ ਕੀਮਤ 180 ਰੁਪਏ ਹੈ । ਬਹੁਤ ਹੀ ਮਿਹਨਤ ਨਾਲ ਤਿਆਰ ਹੋਇਆ ਯਥਾਰਥ ਤਸਵੀਰਾਂ ਸਹਿਤ ਟਾਈਟਲ ਵਾਲੀ ਇਹ ਕਿਤਾਬ ਕਾਲੇ ਕਾਨੂੰਨਾਂ ਖਿਲਾਫ ਜੂਝ ਰਹੇ ਸਿਰੜੀ ਕਿਸਾਨਾਂ ਨੂੰ ਸਮਰਪਿਤ ਹੈ ਅਤੇ ਮਨ ਕੀ ਬਾਤ ਸੁਣਾਉਣ ਵਾਲੇ ਨੂੰ ਕਰਾਰਾ ਜਵਾਬ ਦਿੰਦੀ ਹੋਈ ਜਨ ਕੀ ਬਾਤ ਸੁਣਨ ਲਈ ਕਹਿੰਦੀ ਹੈ ।

ਕਿਤਾਬ ਦਾ ਆਰੰਭ ਇੰਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਦੇ ਗੀਤ – ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ, ਅਜੇ ਤੇਰਾ ਚਿੱਤ ਨਾ ਠਰੇ ਮੁੱਢ ਕਦੀਮ ਤੋਂ ਜਾਬਰ ਦਿੱਲੀ ਨੂੰ ਵੰਗਾਰਦਾ ਹੈ ।

ਉਪਰੰਤ ਚੌਵੀ ਕਵੀਆਂ ਦੀਆਂ ਲਿਖ਼ਤਾਂ ਦੀ ਗੱਲ ਕਰੀਏ,

ਸ਼ੁਰੂਆਤ ਦਿਲਬਰ ਸਿੰਘ ਚੱਠੇ ਦੀ ਲਲਕਾਰ-  ਤਾਨਾਸ਼ਾਹ ਨੇਂ ਕਸੂਤਾ ਪੰਗਾ ਲੈ ਲਿਆ, ਦੇਸ਼ ਦਾ ਕਿਸਾਨ ਛੇੜ ਕੇ ।

ਮੀਤ ਸਕਰੌਦੀ ਦੀ ਐਲਾਨੀਆ ਗੱਲ – ਵਰੰਟ ਜਾਰੀ ਕਰੇ ਮੌਤ ਦੇ, ਤੈਨੂੰ ਪੈਣਗੇ ਪਾੜਨੇ ਸਾਰੇ।

ਮੂਲ ਚੰਦ ਸ਼ਰਮਾ ਦੀ ਕੁਰਬਾਨੀ ਦੇ ਜਜ਼ਬੇ ਭਰੀ ਲਿਖਤ- ਚੰਗਾ ਖੁਦਕੁਸ਼ੀਆਂ ਦੇ ਨਾਲੋਂ, ਹਾਕਮ ਦੇ ਸਰ ਚੜ੍ਹ ਕੇ ਮਰਨਾ

ਰਣਜੀਤ ਆਜ਼ਾਦ ਕਾਂਝਲਾ ਦਾ ਬੁਲੰਦ ਨਾਹਰਾ -ਡੱਟ ਜਾਂਦੇ ਯੋਧੇ,ਜਿੱਥੇ ਝੰਡੇ ਗੱਡਦੇ, ਲਾਉਂਦੇ ਜੈਕਾਰੇ,ਨਾ ਮੈਦਾਨ ਛੱਡਦੇ

ਭੁਪਿੰਦਰ ਨਾਗਪਾਲ ਸ਼ੀਸ਼ਾ ਵਿਖਾਉਂਦਾ ਹੈ ਅਤੇ ਗੀਤ ਸਿਫਤ ਦੇ ਗਾਉਣ ਦੀ ਗੱਲ ਕਰਦਾ ਹੈ  – ਕਿਰਤੀ ਅਤੇ ਕਿਸਾਨ ਦੀਆਂ, ਦੇਖੋ ਤਦਬੀਰਾਂ ਰੋ ਰਹੀਆਂ, ਨਵੀਆਂ ਸਵੇਰਾਂ ਹੋਣਗੀਆਂ, ਇੱਕਮੁੱਠ ਵਹੀਰਾਂ ਹੋ ਰਹੀਆਂ ।

ਮੇਰੀਆਂ ਆਪਣੀਆਂ ਲਿਖਤਾਂ ਦੀ ਗੱਲ ਮੈਂ ਆਪ ਨਾ ਕਰਕੇ ਤੁਹਾਡੇ ਮੂੰਹੋਂ ਸੁੰਨੀ ਚਾਹਾਂਗਾ ।

ਰਣਜੀਤ ਸਿੰਘ ਧੂਰੀ ਪੰਜਾਬੀ ਸ਼ੇਰ-ਪੁਣੇ ਦੀ ਬਾਤ ਪਾਉਂਦਾ ਹੈ ਕਿ – ਇਹ ਯੋਧੇ, ਦੇਸ਼ ਦੇ ਚੋਰਾਂ ਦੀ ਭਾਜੀ ਮੋੜ ਦਿੰਦੇ ਨੇਂ  ।

ਕਰਮ ਸਿੰਘ ਜ਼ਖਮੀ ਰਿਸਦੇ ਜ਼ਖਮ ਦੀ ਗੱਲ ਕਰਦਾ ਹੈ – ਭਗਵਾਂ ਮੁਢੋਂ ਹੀ ਦੁਸ਼ਮਣ ਭਰਾਵਾਂ ਦਾ ਤੇ ਅਜੋਕੇ ਸੰਘਰਸ਼ ਬਾਰੇ ਗੱਲ ਕਰਦਾ ਹੈ ਕਿ ਕਿਰਤੀ ਕਿਸਾਨ ਆਏ ਚੜ੍ਹ ਕੇ, ਗੋਡੀ ਤੇਰੀ ਹਾਕਮਾਂ ਲਵਾਉਣਗੇ ।

ਸੁਖਵਿੰਦਰ ਸਿੰਘ ਲੋਟੇ ਸਪਸ਼ਟਤਾ ਚਾਉਂਦਾ ਹੈ ਕਿ – ਮਸਲਾ ਨਾ ਉਲਝਾ ਦਿੱਲੀਏ, ਹਾਂ ਜਾਂ ਨਾਂਹ ਤੂੰ ਕਹਿ ਦੇ, ਸਾਨੂੰ ਹੋਰ ਨਾ ਹੁਣ ਅਜ਼ਮਾ ਦਿੱਲੀਏ ।

ਮੰਦਰ ਸਿੰਘ ਰੋਮਾਣਾ ਬੁਲੰਦੀ ਦੀ ਬਾਤ ਪਾਉਂਦਾ ਹੈ – ਝੰਡੇ ਜਿੱਤ ਵਾਲੇ ਦਿੱਲੀ ‘ਚ ਹਟਾਂਗੇ ਗੱਡ ਕੇ ।

ਕੁਲਵੰਤ ਸਿੰਘ ਦੀ ਨੇਕ ਸਲਾਹ- ਮੰਨ ਜਾ ਸਰਕਾਰੇ ਅਤੇ  ਐਹੋ ਜਿਹੀ ਸਰਕਾਰ ਨੂੰ ਲੋਕੋ, ਜੜ੍ਹੋਂ ਪੁੱਟਣਾ ਪੈਣਾ ਏ ।

ਸੁਖਵਿੰਦਰ ਕੌਰ ਸਿੱਧੂ ਦੀ ਵੰਗਾਰ – ਦਿੱਲੀਏ ਨੀ ਤੇਰੇ ਮੂੰਹ ਨੂੰ ਖੂਨ ਲੱਗਿਐ ਅਤੇ ਤੇਰਾ ਨਸ਼ਾ ਸਿਆਸੀ ਲਹਿ ਜਾਣਾ, ਜਦ ਜਨਤਾ ਚੁੱਕੂ ਜੁੱਤ ਵੇ ।

ਡਾ. ਅਮਨ ਭਗਤ ਦੀ ਲਲਕਾਰ – ਰਹੀ ਬਚ ਕੇ ਦਿੱਲੀ ਸਰਕਾਰੇ, 21 ਨੂੰ 31 ਪਾ ਦਿਆਂਗੇ ।

ਗੋਬਿੰਦ ਸਿੰਘ ਤੂਰਬਨਜਾਰਾ ਟਰਾਲੀਆਂ ਦੀ ਬਾਤ ਪਾਉਂਦਾ ਖੇਤੀ-ਸੰਦਾਂ ਦੇ ਨਾਲ ਜੰਗੀ-ਹਥਿਆਰਾਂ ਦੀ ਗੱਲ ਕਰਦਾ ਹੈ ਕਿ – ਪੈਲ਼ੀਆਂ ਲਈ ਤਾਂ ਖੂਨ ਮੈਂ ਵਹਾਵਾਂ ਉਏ । ਪੈਲੀ ਜਾਨੋਂ ਪਿਆਰੀ ।

ਕੁਲਵੰਤ ਖਨੌਰੀ ਇੰਨਕਲਾਬ ਦੀ ਗੱਲ ਕਰਦਾ ਹੈ- ਰੋਕਿਆ ਨਹੀਂ ਜਾਣਾ ਨੀ ਤੂਫ਼ਾਨ ਆ ਰਿਹੈ,  ਤੇਰੇ ਵੱਲ ਦਿੱਲੀਏ ਕਿਸਾਨ ਆ ਰਿਹੈ ।

ਰਜਿੰਦਰ ਸਿੰਘ ਰਾਜਨ ਇਸ ਕਿਤਾਬ ਦਾ ਸੂਤਰਧਾਰ ਹੈ  ਤੇ ਸਮੁੱਚੇ ਸੰਘਰਸ਼ ਨੂੰ ਬਿਆਨਦਾ ਹੋਇਆ ਆਵਾਜ਼ ਬੁਲੰਦ ਕਰਦਾ ਹੈ ਕਿ  – ਖੇਤਾਂ ਦੇ ਪੁੱਤ ਜਾਗ ਪਏ, ਆਖਰੀ ਸਾਹ ਤੱਕ ਲੜਨਗੇ ।

ਗੁਰਮੀਤ ਸਿੰਘ ਸੋਹੀ ਬੰਦ ਕੰਨ ਖੋਹਲਣ ਲਈ ਲਾਹਨਤਾਂ ਪਾਉਂਦਾ ਹੈ ਤੇ ਕਹਿੰਦਾ ਹੈ ਕਿ – ਤੈਨੂੰ ਫੇਰ ਕਰਵਾ ਦਿੱਤਾ ਇਹ ਅਹਿਸਾਸ ਦਿੱਲੀਏ । ਜੋ ਭੁੱਲ ਬੈਠੀ ਸੀ ਪੰਜਾਬ ਦਾ ਇਤਿਹਾਸ ਦਿੱਲੀਏ ।

ਧਰਮੀ ਤੁੰਗਾਂ ਕਿਸਾਨਾਂ ਅਤੇ ਕਿਰਤੀਆਂ ਨੂੰ ਸੁਚੇਤ ਕਰਦਾ ਹੈ ਕਿ – ਆਪਾਂ ਹੁਣ ਖ਼ੁਦਕੁਸ਼ੀ ਨੀ ਕਰਨੀ, ਘੰਡੀ ਗੌਰਮਿੰਟ ਦੀ ਫੜ੍ਹਨੀ ।

ਡਾ. ਅਮਨਦੀਪ ਸਿੰਘ ਟੱਲੇਵਾਲੀਆ ਇਤਿਹਾਸ ਵਿੱਚ ਸਿਦਕ ਅਤੇ ਦਲੇਰੀ ਬਾਤ ਪਾਉਂਦਾ ਕਹਿੰਦਾ ਹੈ – ਕਾਮਿਆਂ ਦੇ ਹੱਕਾਂ ਲਈ ਲੜ੍ਹਦੇ ਰਹੇ ਹਾਂ, ਸਦਾ ਲੜ੍ਹਦੇ ਰਹਾਂਗੇ ।

ਸੁਖਵਿੰਦਰ ਕੌਰ ਹਰਿਆਊ ਬੁਲੰਦ ਇਰਾਦੇ ਦੀ ਗੱਲ ਕਰਦੀ ਹੈ – ਸਾਡੇ ਖੇਤਾਂ ‘ਚ ਨਾ ਬਿਗਾਨਾ ਪੈਰ ਜਰਾਂਗੇ ਦਿੱਲੀਏ ਅਸੀਂ ਮਾਰਾਂਗੇ ਜਾਂ ਹੁਣ ਮਰਾਂਗੇ ਦਿੱਲੀਏ ।

ਮੱਘਰ ਸਿੰਘ ਬੰਗੜ ਦੀ ਵੰਗਾਰ – ਅਜੇ ਆਜ਼ਾਦੀ ਪਾਉਣੀ ਐ , ਗਲੋਂ ਗੁਲਾਮੀ ਲਾਹੁਣੀ ਐ ।

ਜਗਸੀਰ ਸਿੰਘ ਖਿੱਲ੍ਹਣ  ਭਵਿੱਖ ਦੀ ਗੱਲ ਕਰਦਾ ਹੈ – ਜਦੋਂ ਕੱਲ ਦਾ ਬੱਚਾ ਫ਼ੋਲੇਗਾ ਬਾਪੂ ਦੇ ਇਤਿਹਾਸ ਨੂੰ ।

ਸਤਪਾਲ ਸਿੰਘ ਬੇਇਨਸਾਫ਼ੀ ਦੀ ਚੋਭ ਨਾ ਸਹਿ ਕੇ ਸੱਦਾ ਦਿੰਦਾ ਹੈ- ਬੱਚਿਆਂ ਨੂੰ ਬਣਾ ਦੇਣਾ ਚਾਹੀਦੈ ਜੱਜ ਵਕੀਲ ਤੈਨੂੰ

ਅਮਨ ਜੱਖਲਾਂ ਕਿਤਾਬ ਨੂੰ ਸੰਪੂਰਨ ਕਰਦਿਆਂ ਮਸ਼ਾਲਾਂ ਦੀ ਆਵਾਜ਼ ਬਣ ਕਹਿੰਦਾ ਹੈ – ਅੰਨਾ ਰਾਜਾ ਤਾਣੀ ਉਲਝਾਈ ਬੈਠਾ । ਪੂਰੇ ਨਹੀਉਂ ਹੋਣ ਦੇਣੇ, ਖੁਆਬ ਜੋ ਸਜਾਇ ਬੈਠਾ ।

ਇੰਝ ਇਸ ਕਿਤਾਬ ਵਿੱਚ ਧਰਮ, ਅਣਖ, ਕੁਰਬਾਨੀਆਂ , ਇਤਿਹਾਸਕ ਹਵਾਲੇ, ਤੋਂ ਇਲਾਵਾ ਜੁਮਲਿਆਂ, ਨੋਟਬੰਦੀ, ਧੋਖਾ, ਫਰੇਬ, ਸਿਆਸੀ ਹੰਕਾਰ, ਜ਼ੁਲਮ, ਮਹਿੰਗਾਈ, ਨਸ਼ਾ ਸਮੇਤ ਕਿਸਾਨੀ ਦਾ ਦੁਖਾਂਤ ਅਤੇ ਕਿਸਾਨ ਸੰਘਰਸ਼ ਆਦਿ ਵਿਸ਼ਾ ਵਿਸਥਾਰ ਹੈ । ਕਿਤਾਬ ਦੀ ਭੂਮਿਕਾ ਵਿੱਚ ਕਰਮ ਸਿੰਘ ਜ਼ਖਮੀ ਦੀ ਟੂਕ ਕਿ “ਕੁਝ ਕਵੀਆਂ ਦੀਆਂ ਰਚਨਾਵਾਂ ਵਿੱਚ ਤੋਲ-ਤੁਕਾਂਤ ਪੱਖੋਂ ਤਾਂ ਥੋੜ੍ਹੀ-ਬਹੁਤੀ ਘਾਟ ਰੜਕ ਸੱਕਦੀ ਹੈ ਪਰ ਵਿਚਾਰਧਾਰਕ ਤੌਰ ਤੇ ਸਾਰੇ ਹੀ ਫਾਸ਼ੀਵਾਦੀ ਤਾਕਤਾਂ ਦੇ ਨਾਲ ਜੂਝਦੇ ਦਿਖਾਈ ਦਿੰਦੇ ਹਨ” ।

ਕੁਲ ਮਿਲਾ ਕੇ ਇਹ ਕਿਤਾਬ ਅਜੋਕੇ ਸਮੇਂ ਦਾ ਦਸਤਾਵੇਜ਼ ਬਣੇਗੀ । ਕਿਤਾਬ ਦੀ ਸੰਪਾਦਕੀ ਲਈ ਰਜਿੰਦਰ ਸਿੰਘ ਰਾਜਨ ਅਤੇ ਛਪਾਉਣ ਦੇ ਉੱਦਮ ਲਈ ਸਮੂਹ ਮਾਲਵਾ ਲਿਖਾਰੀ ਸਭਾ, ਸੰਗਰੂਰ ਵਧਾਈ ਦੀ ਪਾਤਰ ਹੈ ।

ਪ੍ਰੋਫੈਸਰ ਨਰਿੰਦਰ ਸਿੰਘ
ਸਰਪ੍ਰਸਤ ਮਾਲਵਾ ਲਿਖਾਰੀ ਸਭਾ ਸੰਗਰੂਰ ( ਰਜਿ਼)7009164721

Previous articleOpposition asks Imran to resign with honour
Next articleਮਹਿੰਗਾਈ