ਸ੍ਰੀਨਗਰ (ਸਮਾਜ ਵੀਕਲੀ) : ਪੁਲੀਸ ਦੇ ਆਈਜੀ ਵਿਜੈ ਕੁਮਾਰ ਨੇ ਅੱਜ ਇੱਥੇ ਕਿਹਾ ਕਿ ਹੁਣ ਸ੍ਰੀਨਗਰ ਦਾ ਕੋਈ ਵੀ ਵਸਨੀਕ ਅਤਿਵਾਦੀ ਆਗੂਆਂ ’ਚ ਸ਼ਾਮਲ ਨਹੀਂ ਹੈ। ਉਨ੍ਹਾਂ ਇਹ ਗੱਲ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਦੇ ਮਾਰੇ ਜਾਣ ਤੋਂ ਇੱਕ ਦਿਨ ਬਾਅਦ ਕਹੀ ਹੈ।
ਉਨ੍ਹਾਂ ਕਸ਼ਮੀਰ ਜ਼ੋਨ ਪੁਲੀਸ ਦੇ ਅਧਿਕਾਰਕ ਟਵਿੱਟਰ ’ਤੇ ਕਿਹਾ, ‘ਬੀਤੇ ਦਿਨ ਲਸ਼ਕਰ ਦੇ ਅਤਿਵਾਦੀ ਇਸ਼ਫਾਕ ਰਾਸ਼ਿਦ ਖਾਨ ਦੇ ਮਾਰੇ ਜਾਣ ਤੋਂ ਬਾਅਦ ਹੁਣ ਸ੍ਰੀਨਗਰ ਜ਼ਿਲ੍ਹੇ ਦਾ ਕੋਈ ਵੀ ਨਾਗਰਿਕ ਅਤਿਵਾਦੀ ਸਫਾਂ ’ਚ ਨਹੀਂ ਹੈ।’ ਇਸ਼ਫਾਕ ਰਾਸ਼ਿਦ ਖਾਨ ਸ੍ਰੀਨਗਰ ਦੇ ਸੋਜ਼ਾਇਥ ਇਲਾਕੇ ਦਾ ਰਹਿਣ ਵਾਲਾ ਸੀ ਤੇ ਉਹ ਰਣਬੀਰਗੜ੍ਹ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਮਾਰਿਆ ਗਿਆ ਸੀ।
ਇਸੇ ਤਰ੍ਹਾਂ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦਾ ਵਸਨੀਕ ਐਜਾਜ਼ ਅਹਿਮਦ ਭੱਟ ਵੀ ਸੁਰੱੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰਿਆ ਜਾ ਚੁੱਕਾ ਹੈ। ਆਈਜੀ ਵਿਜੈ ਕੁਮਾਰ ਨੇ ਪਿੱਛੇ ਜਿਹੇ ਕਿਹਾ ਸੀ ਕਿ ਸ੍ਰੀਨਗਰ ਅਤਿਵਾਦ ਤੋਂ ਉਸ ਸਮੇਂ ਤੱਕ ਮੁਕਤ ਨਹੀਂ ਹੋ ਸਕਦਾ ਜਦੋਂ ਤੱਕ ਹੋਰਨਾਂ ਜ਼ਿਲ੍ਹਿਆਂ ਤੋਂ ਅਤਿਵਾਦੀ ਇੱਥੇ ਆਉਂਦੇ ਰਹਿਣਗੇ।