ਜੈਪੁਰ (ਸਮਾਜ ਵੀਕਲੀ) : ਰਾਜਸਥਾਨ ਵਿੱਚ ਰਾਜਸੀ ਸੰਕਟ ਦਰਮਿਆਨ, ਭਾਜਪਾ ਦੇ ਵਿਧਾਇਕ ਮਦਨ ਦਿਲਾਵਰ ਨੇ ਵਿਧਾਨ ਸਭਾ ਦੇ ਸਪੀਕਰ ਸੀ ਪੀ ਜੋਸ਼ੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਉਨ੍ਹਾਂ ਛੇ ਬਸਪਾ ਵਿਧਾਇਕਾਂ ਦੇ ਕਾਂਗਰਸ ’ਚ ਸ਼ਾਮਲ ਹੋਣ ’ਤੇ ਉਨ੍ਹਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਉਨ੍ਹਾਂ ਵੱਲੋਂ ਪਾਈ ਪਟੀਸ਼ਨ ’ਤੇ ਕੋਈ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਸਪੀਕਰ ਕੋਲ 16 ਮਾਰਚ ਨੂੰ ਪਟੀਸ਼ਨ ਰੱਖੀ ਸੀ ਤੇ 17 ਜੁਲਾਈ ਨੂੰ ਤੁਰੰਤ ਫ਼ੈਸਲਾ ਲੈਣ ਸਬੰਧੀ ਵੀ ਚੇਤਾ ਕਰਵਾਇਆ ਸੀ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿਧਾਇਕ ਸ੍ਰੀ ਦਿਲਾਵਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਉਨ੍ਹਾਂ ਦੀ ਪਟੀਸ਼ਨ ਬਿਨਾਂ ਕਿਸੇ ਸੁਣਵਾਈ ਤੇ ਬਿਨਾਂ ਬਸਪਾ ਵਿਧਾਇਕਾਂ ਨੂੰ ਕੋਈ ਨੋਟਿਸ ਦਿੱਤਿਆਂ ਰੱਦ ਕਰ ਦਿੱਤੀ ਗਈ ਜਦਕਿ ਸਪੀਕਰ ਨੇ 14 ਜੁਲਾਈ ਨੂੰ 19 ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਨੋਟਿਸ ਜਾਰੀ ਕਰਦਿਆਂ 17 ਜੁਲਾਈ ਨੂੰ ਉਨ੍ਹਾਂ ਤੋਂ ਜੁਆਬ ਮੰਗ ਲਏ ਸਨ।