ਭੋਪਾਲ (ਸਮਾਜ ਵੀਕਲੀ) : ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਕਰੋਨਾ ਪਾਜ਼ੇਟਿਵ ਹੋਣ ਤੋਂ ਇੱਕ ਦਿਨ ਬਾਅਦ ਉਨ੍ਹਾਂ ਨੂੰ ਹਾਲ ਹੀ ’ਚ ਮਿਲਣ ਵਾਲੇ ਸੂਬਾ ਸਰਕਾਰ ਦੇ ਕੁਝ ਮੰਤਰੀ ਤੇ ਭਾਜਪਾ ਦੇ ਕੁਝ ਨੇਤਾ ਆਪੋ-ਆਪਣੇ ਘਰਾਂ ’ਚ ਏਕਾਂਤਵਾਸ ਹੋ ਗਏ ਹਨ। ਇਹ ਨੇਤਾ ਆਪਣੀ ਕਰੋਨਾ ਜਾਂਚ ਵੀ ਕਰਵਾ ਰਹੇ ਹਨ।
ਭਾਜਪਾ ਦੇ ਇੱਕ ਨੇਤਾ ਨੇ ਬਾਅਦ ’ਚ ਦੱਸਿਆ ਕਿ ਸ੍ਰੀ ਚੌਹਾਨ ਨੂੰ ਭੋਪਾਲ ’ਚ ਕੋਵਿਡ-19 ਲਈ ਨਿਰਧਾਰਤ ਕੀਤੇ ਗਏ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਮੁੱਖ ਮੰਤਰੀ ਦਫ਼ਤਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਬੁੱਧਵਾਰ ਨੂੰ ਮੰਤਰੀ ਮੰਡਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ ਅਤੇ ਇਸ ਤੋਂ ਬਾਅਦ ਬੁੱਧਵਾਰ ਤੇ ਵੀਰਵਾਰ ਨੂੰ 23 ਮੰਤਰੀਆਂ ਨਾਲ ਵੱਖ ਵੱਖ ਮੀਟਿੰਗਾਂ ਕੀਤੀਆਂ ਸਨ।
ਸੂਬੇ ਦੇ ਖੇਤੀ ਮੰਤਰੀ ਕਮਲ ਪਟੇਲ ਬਾਰੰਗਾ ਪਿੰਡ ਸਥਿਤ ਆਪਣੇ ਘਰ ’ਚ ਏਕਾਂਤਵਾਸ ਹੋ ਗਏ ਹਨ। ਭਾਜਪਾ ਦੇ ਵਿਧਾਇਕ ਅਜੈ ਬਿਸ਼ਨੋਈ ਨੇ ਦੱਸਿਆ ਕਿ ਉਨ੍ਹਾਂ ਆਪਣਾ ਤੇ ਪਰਿਵਾਰ ਦਾ ਕਰੋਨਾ ਟੈਸਟ ਕਰਵਾਇਆ ਹੈ ਤੇ ਰਿਪੋਰਟ ਦੀ ਉਡੀਕ ਹੈ।