ਨਵੀਂ ਦਿੱਲੀ (ਸਮਾਜਵੀਕਲੀ) : ਭਾਰਤੀ ਫ਼ੌਜ ਨੇ ਅੱਜ ਪੂਰਬੀ ਲੱਦਾਖ ਵਿੱਚ ਸ਼ਾਂਤੀ ਬਹਾਲ ਕਰਨ ਸਬੰਧੀ ਹਾਲਾਤ ’ਤੇ ਹੋਈ ਫ਼ੌਜੀ ਗੱਲਬਾਤ ਦੇ ਚੌਥੇ ਗੇੜ ਤੋਂ ਬਾਅਦ ਕਿਹਾ ਕਿ ਭਾਰਤ ਤੇ ਚੀਨ ਆਪੋ-ਆਪਣੇ ਸੈਨਿਕ ਪਿੱਛੇ ਹਟਾਉਣ ਲਈ ਵਚਨਬੱਧ ਹਨ ਅਤੇ ਇਹ ਪ੍ਰਕਿਰਿਆ ਪੇਚੀਦਾ ਹੈ, ਜਿਸ ਦੀ ਲਗਾਤਾਰ ਨਿਗਰਾਨੀ ਕਰਨ ਦੀ ਲੋੜ ਹੈ। ਿੲਸੇ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤੀ ਫ਼ੌਜ ਦੀਆਂ ਤਿਆਰੀਆਂ ਅਤੇ ਉੱਥੋਂ ਦੇ ਕੁੱਲ ਹਾਲਾਤ ਦਾ ਜਾਇਜ਼ਾ ਲੈਣ ਲਈ ਸ਼ੁੱਕਰਵਾਰ ਨੂੰ ਲੱਦਾਖ ਦਾ ਦੌਰਾ ਕਰਨਗੇ।
ਫ਼ੌਜ ਨੇ ਕਿਹਾ ਕਿ ਭਾਰਤ ਤੇ ਚੀਨੀ ਫ਼ੌਜ ਦੇ ਸੀਨੀਅਰ ਕਮਾਂਡਰਾਂ ਵੱਲੋਂ ਫ਼ੌਜਾਂ ਪਿੱਛੇ ਹਟਾਉਣ ਸਬੰਧੀ ਪਹਿਲੇ ਗੇੜ ਦੇ ਲਾਗੂ ਕਰਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ ਅਤੇ ‘ਫ਼ੌਜਾਂ ਪੂਰੀ ਤਰ੍ਹਾਂ ਪਿੱਛੇ ਹਟਾਉਣ’ ਲਈ ਅਗਲੇ ਕਦਮਾਂ ਬਾਰੇ ਚਰਚਾ ਕੀਤੀ ਗਈ। ਅਸਲ ਕੰਟਰੋਲ ਰੇਖਾ ’ਤੇ ਭਾਰਤ ਵਾਲੇ ਪਾਸੇ ਚੁਸ਼ੁਲ ਵਿੱਚ ਕੋਰ ਕਮਾਂਡਰਾਂ ਵਿਚਾਲੇ ਮੰਗਲਵਾਰ ਸਵੇਰੇ 11 ਵਜੇ ਤੋਂ ਲੈ ਕੇ ਬੁੱਧਵਾਰ ਸਵੇਰੇ 2 ਵਜੇ ਤੱਕ 15 ਘੰਟੇ ਲੰਬੀ ਗੱਲਬਾਤ ਚੱਲੀ। ਇਸ ਦੌਰਾਨ ਰੀਅਰ ਬੇਸਾਂ ਤੋਂ ਮਿੱਥੇ ਸਮੇਂ ਵਿੱਚ ਹਜ਼ਾਰਾਂ ਸੈਨਿਕਾਂ ਨੂੰ ਪਿੱਛੇ ਹਟਾਉਣ ਸਮੇਤ ਫ਼ੌਜਾਂ ਪਿੱਛੇ ਹਟਾਉਣ ਸਬੰਧੀ ਜਟਿਲ ਪ੍ਰਕਿਰਿਆ ਦੇ ਵੱਖ-ਵੱਖ ਪੱਖਾਂ ਬਾਰੇ ਚਰਚਾ ਹੋਈ।
ਭਾਰਤੀ ਫ਼ੌਜ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਇਕ ਬਿਆਨ ਵਿੱਚ ਕਿਹਾ, ‘‘ਸੀਨੀਅਰ ਕਮਾਂਡਰਾਂ ਨੇ ਫ਼ੌਜਾਂ ਪਿੱਛੇ ਹਟਾਉਣ ਦੇ ਪਹਿਲੇ ਫੇਜ਼ ਦੇ ਲਾਗੂ ਕਰਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਫ਼ੌਜਾਂ ਮੁਕੰਮਲ ਤੌਰ ’ਤੇ ਪਿੱਛੇ ਹਟਾਉਣਾ ਯਕੀਨੀ ਬਣਾਉਣ ਲਈ ਅੱਗੇ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਗੱਲਬਾਤ ਕੀਤੀ।’’ ਉਨ੍ਹਾਂ ਕਿਹਾ, ‘‘ਦੋਵੇਂ ਦੇਸ਼ ਮੁਕੰਮਲ ਤੌਰ ’ਤੇ ਫ਼ੌਜਾਂ ਪਿੱਛੇ ਹਟਾਉਣ ਦੇ ਇਰਾਦੇ ’ਤੇ ਦ੍ਰਿੜ੍ਹ ਹਨ। ਇਹ ਪ੍ਰਕਿਰਿਆ ਜਟਿਲ ਹੈ ਅਤੇ ਇਸ ਦੀ ਲਗਾਤਾਰ ਨਿਗਰਾਨੀ ਕਰਨ ਦੀ ਲੋੜ ਹੈ। ਇਸ ਸਬੰਧੀ ਉਹ ਨਿਯਮਤ ਤੌਰ ’ਤੇ ਕੂਟਨੀਤਕ ਤੇ ਫ਼ੌਜੀ ਪੱਧਰ ’ਤੇ ਮੀਟਿੰਗਾਂ ਕਰ ਰਹੇ ਹਨ।’’
ਉਨ੍ਹਾਂ ਦੱਸਿਆ ਕਿ ਭਾਰਤੀ ਵਫ਼ਦ ਦੀ ਅਗਵਾਈ ਲੇਹ ਆਧਾਰਤ 14 ਕੋਰ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦੋਂਕਿ ਚੀਨ ਵੱਲੋਂ ਦੱਖਣੀ ਸ਼ਿਨਜਿਆਂਗ ਮਿਲਟਰੀ ਖੇਤਰ ਦੇ ਕਮਾਂਡਰ ਮੇਜਰ ਜਨਰਲ ਲਿਊ ਲਿਨ ਨੇ ਇਸ ਗੱਲਬਾਤ ਦੀ ਅਗਵਾਈ ਕੀਤੀ।