(ਸਮਾਜ ਵੀਕਲੀ)
ਪਿਛਲੀਆਂ ਦੋ ਲੜੀਆ ਵਿੱਚ ਕੋਰੋਨਾ ਵਾਇਰਸ ਸੰਬੰਧੀ ਪੈਦਾ ਹੋਏ ਤੇ ਹੋ ਰਹੇ ਰੁਝਾਨ ਦੀਆਂ ਸੀਮਾ ਤੇ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ ਸੀ ਤੇ ਹਥਲੀ ਚਰਚਾ ਵਿੱਚ ਉਸੇ ਨੂੰ ਅੱਗੇ ਤੋਰਿਆ ਜਾਵੇਗਾ । ਗੀਤ ਤੇ ਲੋਕ-ਗੀਤ ਬੇਸ਼ੱਕ ਕੰਨਾ ਦਾ ਵਿਸ਼ਾ ਹੁੰਦੇ ਹਨ, ਪਰ ਅਸਲੋਂ ਇਹ ਰੂਹ ਦੀ ਖ਼ੁਰਾਕ ਹੁੰਦੇ ਹਨ । ਇਕ ਚੰਗਾ ਤੇ ਲੋਕ ਮਨ ਨੂੰ ਭਾ ਜਾਣ ਵਾਲਾ ਕਿਸੇ ਸਾਹਿਤਕਾਰ ਦੁਆਰਾ ਰਚਿਆ ਹੋਇਆ ਗੀਤ ਸਮਾਂ ਪਾ ਲੋਕ-ਗੀਤ ਬਣ ਸਕਣ ਦੀ ਸਮਰੱਥਾ ਰੱਖਦਾ ਹੈ । ਜਦ ਇਕ ਗੀਤ ਲੋਕ-ਗੀਤ ਬਣ ਜਾਂਦਾ ਹੈ ਤਾਂ ਫਿਰ ਉਹ ਲੋਕ ਹਿਰਦਿਆਂ ਤੇ ਖੁਣਿਆ ਜਾਂਦਾ ਹੈ ਜਿਸ ਕਰਕੇ ਉਹ ਗੀਤ ਕਈ ਪੀੜੀਆ ਤੱਕ ਲੋਕਾਂ ਦੀ ਜੁਬਾਨੇ ਚੜ੍ਹਕੇ ਪੀੜੀ ਦਰ ਪੀੜੀ ਜ਼ਬਾਨੀ ਕਲਾਮੀ ਸਫਰ ਕਰਦਾ ਹੋਇਆ ਅਮਰ ਤੇ ਅਮਿੱਟ ਬਣ ਜਾਂਦਾ ਹੈ । ਇਸ ਪੱਖੋਂ ਇੰਦਰਜੀਤ ਹਸਨਪੁਰੀ, ਨੰਦ ਲਾਲ ਨੂਰ ਪੁਰੀ ਤੇ ਚੰਨ ਜੰਡਿਆਲਵੀ ਦੇ ਕਈ ਉਹਨਾਂ ਗੀਤਾ ਦੀਆ ਉਦਾਹਰਣਾ ਪੇਸ਼ ਕੀਤੀਆ ਜਾ ਸਕਦੀਆਂ ਹਨ, ਜੋ ਇਸ ਵੇਲੇ ਲੋਕ ਗੀਤਾਂ ਦਾ ਦਰਜਾ ਪਾ ਚੁੱਕੇ ਹਨ ਮਿਸਾਲ ਵਜੋਂ ਪਰਵਾਸੀ ਸਾਹਿਤਕਾਰ ਚੰਨ ਜੰਡਿਆਲਵੀ ਦਾ ਸੁਰਿੰਦਰ ਕੌਰ ਦੁਆਰਾ ਗਾਇਆ ਗੀਤ “ਮਧਾਣੀਆਂ ! ਹਾਏ ਓਏ ਮੇਰੇ ਡਾਢਿਆਂ ਰੱਬਾ, ਕਿਹਨਾ ਜੰਮੀਆ ਤੇ ਕਿਹਨਾ ਲੈ ਜਾਣੀਆਂ “ ਪੇਸ਼ ਕੀਤਾ ਜਾ ਸਕਦਾ ਹੈ । ਠੀਕ ਇਸੇ ਤਰਾਂ ਕੋਰੋਨਾ ਕਾਲ ਵਿੱਚ ਵੀ ਕੁੱਜ ਗੀਤ ਅਜਿਹੇ ਰਚੇ ਜਾਣਗੇ ਜੋ ਸਮਾਂ ਪਾ ਕੇ ਲੋਕ-ਗੀਤਾਂ ਦਾ ਦਰਜਾ ਪ੍ਰਾਪਤ ਕਰਨਗੇ, ਅਜਿਹੇ ਗੀਤਾ ਵਿੱਚੋਂ ਪੰਜਾਬੀ ਦੇ ਨਾਮਵਰ ਸਾਹਿਤਕਾਰ ਤੇ ਲਿਖਾਰੀ ਪ੍ਰੋ ਗੁਰਭਜਨ ਸਿੰਘ ਗਿੱਲ ਦਾ ਲਿਖਿਆ ਇਕ ਤਾਜਾ ਗੀਤ ਜੋ ਇਕ ਢਾਡੀ ਜਥੇ ਵਲੋਂ ਰਿਕਾਰਡ ਵੀ ਹੋ ਚੁੱਕਿਆਂ ਹੈ, ਮੇਰੇ ਮਨ ਨੂੰ ਬਹੁਤ ਟੁੰਬਿਆ ਹੈ । ਇਹ ਹੱਗੀਏ ਹੰਕਾਰੀ ਲੰਬਾ ਹੈ, ਪਰ ਇੱਥੇ ਮੈਂ ਗੀਤ ਦੀਆਂ ਦੀਆ ਕੁੱਜ ਕੁ ਸੱਤਰਾਂ ਉਦਾਹਰਣ ਵਜੋਂ ਪੇਸ਼ ਕਰਨ ਦੀ ਖ਼ੁਸ਼ੀ ਲੈ ਰਿਹਾ ਹਾਂ :
ਮੇਰੀ ਬਾਤ ਸੁਣੋ ਚਿੱਤ ਲਾ ਕੇ , ਧਰਤੀ ਦੇ ਸਰਦਾਰੋ, ਪਹਿਰੇਦਾਰੋ ।
ਕਹਿਰ ਕਰੋਨਾ ਮਹਾਂਮਾਰੀ ਨੂੰ , ਐਸੀ ਮਰਨੀ ਮਾਰੋ, ਭੁਗਤ ਸਵਾਰੋ।
ਆਪੋ ਆਪਣੇ ਘਰ ਵਿੱਚ ਰਹਿ ਕੇ ਖ਼ੁਦ ਨੂੰ ਹੈ ਸਮਝਾਉਣਾ, ਵਕਤ ਲੰਘਾਉਣਾ।
ਕੀਤੀ ਜੇਕਰ ਲਾਪਰਵਾਹੀ , ਵੇਲਾ ਹੱਥ ਨਹੀਂ ਆਉਣਾ, ਪਊ ਪਛਤਾਉਣਾ।
ਇੱਕ ਦੂਜੇ ਤੋਂ ਰੱਖੋ ਫ਼ਾਸਲਾ, ਐਦਾਂ ਰੋਗ ਨਿਵਾਰੋ, ਬਰਖ਼ੁਰਦਾਰੋ।
ਕਹਿਰ ਕਰੋਨਾ ਜੇ ਚੜ੍ਹ ਆਇਆ, ਐਸੀ ਮਰਨੀ ਮਾਰੋ, ਪਹਿਰੇਦਾਰੋ।
ਰੱਖੀਏ ਆਪਣੀ ਆਪ ਸਫ਼ਾਈ, ਸਭਨਾਂ ਨੂੰ ਇਹ ਕਹੀਏ, ਪਰੇ ਹੋ ਬਹੀਏ।
ਰੱਖੀਏ ਮਨ ਵੀ ਚੜ੍ਹਦੀ ਕਲਾ ਵਿੱਚ,ਫੁੱਲਾਂ ਵਾਂਗੂੰ ਰਹੀਏ, ਸਿੱਧੇ ਰਾਹ ਪਈਏ।
ਡਰਦਿਆਂ ਨੂੰ ਇਹ ਢਾਹ ਲੈਂਦਾ ਹੈ, ਸੁਣ ਲਉ ਮੇਰੇ ਯਾਰੋ , ਸਿੰਘ ਸਰਦਾਰੋ।
ਕਹਿਰ ਕਰੋਨਾ ਜੇ ਚੜ੍ਹ ਆਇਆ, ਐਸੀ ਮਰਨੀ ਮਾਰੋ, ਕਸ਼ਟ ਨਿਵਾਰੋ।
ਲਿਖਾਰੀ ਨੇ ਆਪਣੇ ਗੀਤ ਦੀਆ ਉਕਤ ਸੱਤਰਾ ਵਿੱਚ ਕੋਰੋਨਾ ਦਾ ਜੋਸ਼ ਦੇ ਨਾਲ ਹੋਸ਼ ਤੇ ਸਿਆਣਪ ਦੇ ਸੁਮੇਲ ਰਾਹੀਂ ਸਾਹਮਣਾ ਕਰਨ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਨਸੀਹਤ ਕੀਤੀ ਹੈ । ਗੀਤ ਦਾ ਅੱਖਰ ਅੱਖਰ ਸਮੂਹ ਪੰਜਾਬੀਆ ਨੂੰ ਇਕ ਵੱਡਾ ਸੁਨੇਹਾ ਦੇਂਦਾ ਹੈ । ਗੀਤ ਸਮੇਂ ਦੀ ਮੰਗ ਨੂੰ ਸਮਤੋਲ ਵਿੱਚ ਰੱਖਕੇ ਰਚਿਆ ਗਿਆ ਹੈ ਤੇ ਆਪਣੇ ਆਪ ਵਿੱਚ ਲੋਕ ਜ਼ੁਬਾਨ ‘ਤੇ ਚੜ੍ਹ ਜਾਣ ਦੀ ਸਮਰੱਥਾ ਰੱਖਦਾ ਹੈ ।
ਇਸੇ ਤਰਾਂ ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ ਦੀ ਕੋਰੋਨਾ ਦੋ ਸੰਬੰਧ ਚ ਇਕ ਬਾਕਮਾਲ ਰਚਨਾ ਮੇਰੇ ਧਿਆਨ ਚ ਆਈ ਹੈ, ਜਿਸ ਵਿੱਚ ਸ਼ਾਇਰ ਨੇ ਕੋਰਾ ਸੱਚ ਤੇ ਸਿਰਫ ਕੋਰਾ ਸੱਚ ਬਿਆਨ ਕੀਤਾ ਹੈ । ਰਚਨਾ ਵਿੱਚ ਸ਼ਾਇਰ ਨੇ ਜਿੱਥੇ ਕੋਰੋਨਾ ਮਹਾਮਾਰੀ ਕਾਰਨ ਪਤਲੀ ਹੋ ਚੁੱਕੀ ਪਤਲੀ ਹਾਲਤ ਨੂੰ ਬਹੁਤ ਹੀ ਮਾਰਮਿਕ ਲਹਿਜੇ ਚ ਬਿਆਨ ਕੀਤਾ ਹੈ, ਉੱਥੇ ਸਰਕਾਰੀਤੰਤਰ ਦੀ ਕਾਰਗੁਜ਼ਾਰੀ ਤੇ ਵੀ ਵਿਅੰਗ ਦਾ ਤਿੱਖਾ ਨਸ਼ਤਰ ਚਲਾਇਆ ਹੈ ਤੇ ਇਸ ਕੋਰੋਨਾ ਕਾਲ ਦੀ ਹਕੀਕਤ ਦਾ ਬਾ ਕਮਾਲ ਬਿਆਨ ਕੀਤਾ ਹੈ :
ਪੁੱਛ ਨਾ, ਕੋਰੋਨਾ ਕੋਲੋਂ ਤੰਗ ਹੋਏ ਪਏ ਹਾਂ ।
ਅਸੀਂ ਬਿਨਾ ਡੋਰ ਤੋਂ, ਪਤੰਗ ਹੋਏ ਪਏ ਹਾਂ ।
ਕੰਮ-ਕਾਰ ਬੰਦ, ਜੀਣਾ ਆਪਣਾ ਮੁਹਾਲ ਹੈ ।
ਸੱਚੀ ਗੱਲਾਂ ਦੱਸਾਂ ਜੇ, ਟੰਗ ਹੋਏ ਪਏ ਹਾਂ ।
ਕਹਿੰਦੀ ਸਰਕਾਰ, ਬਹੁਤ ਦਿੱਤੀਆਂ ਸਹੂਲਤਾਂ ।
ਅਸੀਂ ਤਾਂ ਭਰਾਵਾ, ਨੰਗ ਹੋਏ ਪਏ ਹਾਂ ।
ਅਮਰੀਕਾ ਵਸਦੇ ਪਰਵਾਸੀ ਸ਼ਾਇਰ ਤੇ ਲਿਖਾਰੀ ਤਰਲੋਚਨ ਸਿੰਘ ਦੁਪਾਲਪੁਰ ਦੀ ਚਿੰਤਾ ਇਹ ਹੈ ਕਿ ਹੁਣ ਮਈ ਦਾ ਮਹੀਨਾ ਵੀ ਸਾਰਾ ਲੰਘ ਚੱਲਿਆ, ਪਰ ਕੋਰੋਨਾ ਲੌਕਡਾਊਨ ਅਜੇ ਖੁੱਲ੍ਹਣ ਦਾ ਨਾਮ ਹੀ ਨਹੀਂ ਲੈਂਦਾ, ਸਰਕਾਰਾਂ ਇਸ ਨੂੰ ਖੋਲ੍ਹਣ ਦਾ ਫੈਸਲਾ ਕੱਦ ਲੈਣਗੀਆਂ ਤੇ ਅਜੇ ਕਦੋਂ ਪਰਵਾਸੀ ਆਪੋ ਆਪਣੇ ਘਰਾਂ ਨੂੰ ਵਾਪਸ ਪਰਤਣਗੇ । ਉਹਨਾਂ ਸ਼ਾਹ ਮੁਹੰਮਦ ਦੇ ਜੰਗਨਾਮੇ ਦੀ ਤਰਜ਼ ਵਿੱਚ ਫ਼ੁਰਮਾਇਆ ਹੈ ਕਿ :
‘ਕੱਤੀ ਮਈ ਵੀ ਸਿਰਾਂ ‘ਤੇ ਆਣ ਢੁੱਕੀ,
ਨਵੀਂ ਹੁਕਮ ਕੀ ਹੋਊ ਸਰਕਾਰ ਦਾ ਜੀ ।
ਬੰਦਾ ਝੂਰਦਾ ਵਿੱਚ ਪ੍ਰਦੇਸ਼ ਬੈਠਾ,
ਘਰੇ ਜਾਣ ਨੂੰ ਰਹੇ ਨਿਹਾਰਦਾ ਜੀ ।
ਯੂ ਕੇ ਵਸਦਾ ਨਾਮਵਰ ਪਰਵਾਸੀ ਕਵੀ ਨਛੱਤਰ ਭੋਗਲ, ਆਪਣੀ ਇਕ ਰਚਨਾ ਚ ਕੋਰੋਨਾ ਨੂੰ ਇਕ ਅਜਿਹੀ ਖ਼ਤਰਨਾਕ ਮਹਾਮਾਰੀ ਵਜੋਂ ਪੇਸ਼ ਕਰਦਾ ਹੈ, ਜਿਸ ਨੇ ਹਰ ਪਾਸੇ ਤਬਾਹੀ ਹੀ ਤਬਾਹੀ ਮਚਾ ਰੱਖੀ ਹੈ :
ਮਹਾਮਾਰੀ ਐਸੀ ਝੁੱਲੀ, ਇਹਦਾ ਨਾਮ ਹੈ ਕੋਰੋਨਾ।
ਖ਼ਤਰਨਾਕ ਬੜੀ ਡਾਢੀ, ਰੱਬੀ ਕਹਿਰ ਹੈ ਕੋਰੋਨਾ ।
ਲਪੇਟ ਏਹਦੀ ਵਿੱਚ ਆਇਆ, ਅੱਜ-ਕੱਲ੍ਹ ਜੱਗ ਸਾਰਾ,
ਨਿਰਾ ਮੌਤ ਦਾ ਰੂਪ, ਸਾਰੇ ਜੱਗ ਦਾ ਪਸਾਰਾ,
ਚੀਨ, ਇਟਲੀ, ਸਪੇਨ, ਕਨੇਡਾ ਅਤੇ ਅਮਰੀਕਾ,
ਪਾਕਿਸਤਾਨ, ਭਾਰਤ, ਰੂਸ ਤੇ ਜਮੀਕਾ,
ਸੁੰਨੇ ਕਰ ਜਾਊ ਬੀਮਾਰੀ, ਸਾਡਾ ਮਾਲਵਾ ਤੇ ਦੋਨਾ,
ਮਹਾਮਾਰੀ ਐਸੀ ਚੱਲੀ, ਇਹਦਾ ਨਾਮ ਹੈ ਕੋਰੋਨਾ ।
ਚੱਲਦਾ ………
– ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
15/07/2020