ਨਵੀਂ ਦਿੱਲੀ (ਸਮਾਜਵੀਕਲੀ) : ਖ਼ਬਰ ਏਜੰਸੀ ‘ਦਿ ਪ੍ਰੈੱਸ ਟਰੱਸਟ ਆਫ਼ ਇੰਡੀਆ’ (ਪੀਟੀਆਈ) ਨੇ ‘ਦਿ ਟਾਈਮਜ਼ ਆਫ਼ ਇੰਡੀਆ’ ਅਖ਼ਬਾਰ ’ਚ ਪ੍ਰਕਾਸ਼ਿਤ ਉਸ ਖ਼ਬਰ ਦਾ ਅੱਜ ਖੰਡਨ ਕੀਤਾ ਹੈ ਜਿਸ ’ਚ ਕਿਹਾ ਗਿਆ ਸੀ ਕਿ ਸਰਕਾਰੀ ਬਰਾਡਕਾਸਟਰ ‘ਪ੍ਰਸਾਰ ਭਾਰਤੀ’ ਨੇ ਏਜੰਸੀ ਦੇ ਬੋਰਡ ਆਫ਼ ਡਾਇਰੈਕਟਰਜ਼ ’ਚ ਸੀਟ ਮੰਗੀ ਹੈ। ਮੰਗਲਵਾਰ ਦੇ ਐਡੀਸ਼ਨ ’ਚ ਇਕ ਰਿਪੋਰਟ ਵਿਚ ਟਾਈਮਜ਼ ਨੇ ‘ਪ੍ਰਸਾਰ ਭਾਰਤੀ’ ਵੱਲੋਂ ਪੀਟੀਆਈ ਨੂੰ 27 ਜੂਨ ਨੂੰ ਲਿਖੇ ਪੱਤਰ ਦਾ ਹਵਾਲਾ ਦਿੱਤਾ ਹੈ। ਇਸ ਵਿਚ ਕਿਹਾ ਗਿਆ ਸੀ ਕਿ ਪ੍ਰਸਾਰ ਭਾਰਤੀ ਖ਼ਬਰ ਏਜੰਸੀ ਤੋਂ ਖ਼ਬਰਾਂ ਲੈਣਾ ਜਾਰੀ ਰੱਖਣ ਜਾਂ ਨਾ ਰੱਖਣ ਬਾਰੇ ਵਿਚਾਰ ਕਰ ਰਹੀ ਹੈ।
‘ਪ੍ਰਸਾਰ ਭਾਰਤੀ’ ਦੇ ਦਾਇਰੇ ਵਿਚ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਆਉਂਦੇ ਹਨ। ਇਹ ਦੋਵੇਂ ਪੀਟੀਆਈ ਤੋਂ ਕਾਫ਼ੀ ਵੱਡੇ ਪੱਧਰ ਉਤੇ ਖ਼ਬਰਾਂ (ਫੀਡ) ਲੈਂਦੇ ਹਨ। ਪੀਟੀਆਈ ਦੇ ਬੁਲਾਰੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰਸਾਰ ਭਾਰਤੀ ਨੇ ਪੀਟੀਆਈ ਦੇ ਬੋਰਡ ਵਿਚ ਸੀਟ ਨਹੀਂ ਮੰਗੀ।