ਦੂਬੇ ਮੁਕਾਬਲਾ: ਸਥਿਤੀ ਰਿਪੋਰਟ ਪੇਸ਼ ਕਰੇਗੀ ਯੂਪੀ ਸਰਕਾਰ

ਨਵੀਂ ਦਿੱਲੀ/ਲਖਨਊ/ਕਾਨਪੁਰ (ਸਮਾਜਵੀਕਲੀ) : ਉੱਤਰ ਪ੍ਰਦੇਸ਼ ਸਰਕਾਰ ਨੇ ਅੱਜ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਅਪਰਾਧੀ ਵਿਕਾਸ ਦੂਬੇ ਤੇ ਉਸ ਦੇ ਸਾਥੀਆਂ ਨਾਲ ਹੋਏ ਮੁਕਾਬਲਿਆਂ ਦੇ ਮਾਮਲੇ ਦੀ ਜਾਂਚ ਲਈ ਚੁੱਕੇ ਗਏ ਕਦਮਾਂ ਬਾਰੇ ਸਥਿਤੀ ਰਿਪੋਰਟ ਅਦਾਲਤ ’ਚ ਦਾਇਰ ਕਰੇਗੀ। ਚੀਫ ਜਸਟਿਸ ਐੱਸਏ ਬੋਬਡੇ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਉਹ ਵਿਕਾਸ ਦੂਬੇ ਤੇ ਉਸ ਦੇ ਸਾਥੀਆਂ ਦੇ ਮੁਕਾਬਲਿਆਂ ’ਚ ਮਾਰੇ ਜਾਣ ਅਤੇ ਅੱਠ ਪੁਲੀਸ ਮੁਲਾਜ਼ਮਾਂ ਦੇ ਕਤਲ ਦੀ ਜਾਂਚ ਲਈ ਸਾਬਕਾ ਜੱਜ ਦੀ ਅਗਵਾਈ ਹੇਠ ਇੱਕ ਪੈਨਲ ਦੇ ਗਠਨ ’ਤੇ ਵਿਚਾਰ ਕਰ ਸਕਦੇ ਹਨ।

ਯੂਪੀ ਸਰਕਾਰ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਹ 16 ਜੁਲਾਈ ਤੱਕ ਆਪਣੀ ਰਿਪੋਰਟ ਅਦਾਲਤ ’ਚ ਪੇਸ਼ ਕਰ ਦੇਣਗੇ। ਦੂਬੇ ਤੇ ਸਾਥੀਆਂ ਤੇ ਮੁਕਾਬਲਿਆਂ ’ਚ ਮਾਰੇ ਜਾਣ ਦੀਆਂ ਘਟਨਾਵਾਂ ਦੀ ਜਾਂਚ ਅਦਾਲਤ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਵਾਲੀਆਂ ਅਪੀਲਾਂ ’ਤੇ ਸੁਪਰੀਮ ਕੋਰਟ ਵੱਲੋਂ 20 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ।

ਇਸੇ ਦੌਰਾਨ ਕਾਨਪੁਰ ਪੁਲੀਸ ਨੇ ਵਿਕਾਸ ਦੂਬੇ ਦੇ ਸਾਥੀ ਤੇ 50 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਸ਼ਸ਼ੀਕਾਂਤ ਉਰਫ਼ ਸੋਨੂੰ ਪਾਂਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਏਡੀਜੀ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸ਼ਸ਼ੀਕਾਂਤ ਦੀ ਨਿਸ਼ਾਨਦੇਹੀ ’ਤੇ ਪੁਲੀਸ ਨੇ ਮੁਕਾਬਲੇ ਦੌਰਾਨ ਪੁਲੀਸ ਤੋਂ ਲੁੱਟੀ ਏਕੇ-47 ਤੇ 17 ਕਾਰਤੂਸ ਅਤੇ ਇਨਸਾਸ ਰਾਈਫਲ ਤੇ 20 ਕਾਰਤੂਸ ਬਰਾਮਦ ਕੀਤੇ ਹਨ।

Previous articleਪ੍ਰਿਯੰਕਾ ਲਈ ਸੀਨੀਅਰ ਕਾਂਗਰਸੀ ਆਗੂ ਨੇ ਕੀਤੀ ਸੀ ਅਪੀਲ: ਪੁਰੀ
Next article‘ਪ੍ਰਸਾਰ ਭਾਰਤੀ’ ਨੇ ਪੀਟੀਆਈ ਬੋਰਡ ਵਿਚ ਸੀਟ ਨਹੀਂ ਮੰਗੀ: ਬੁਲਾਰਾ