ਜੰਮੂ (ਸਮਾਜਵੀਕਲੀ) : ਕਰੋਨਾ ਪੀੜਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਹੋ ਰਹੇ ਵਾਧੇ ਨੂੰ ਦੇਖਦਿਆਂ ਇਕ ਪਾਸੇ ਜਿਥੇ ਪ੍ਰਸ਼ਾਸਨ ਨੇ ਸ੍ਰੀਨਗਰ ਵਿੱਚ ਅੰਸ਼ਕ ਤਾਲਾਬੰਦੀ ਦੇ ਹੁਕਮ ਜਾਰੀ ਕੀਤੇ ਹਨ ਉਥੇ ਯੂਟੀ ਪ੍ਰਸ਼ਾਸਨ ਨੇ ਐਤਵਾਰ ਨੂੰ ਪੜਾਅਵਾਰ ਤਰੀਕੇ ਨਾਲ 14 ਜੁਲਾਈ ਤੋਂ ਸੈਰਸਪਾਟਾ ਖੇਤਰ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਲੈਫਟੀਨੈਂਟ ਗਵਰਨਰ ਗਿਰੀਸ਼ ਚੰਦਰ ਮੁਰਮੂ ਵੱਲੋਂ ਸੈਰਸਪਾਟਾ ਖੇਤਰ ਮੁੜ ਖੋਲ੍ਹੇ ਜਾਣ ਦੀਆਂ ਹਦਾਇਤਾਂ ਬਾਅਦ ਲਿਆ ਗਿਆ ਹੈ। ਸਰਕਾਰ ਦੇ ਬੁਲਾਰੇ ਰੋਹਿਤ ਕਾਂਸਲ ਨੇ 6 ਜੁਲਾਈ ਨੂੰ ਐਲਾਨ ਕੀਤਾ ਸੀ ਕਿ ਸਰਕਾਰ ਛੇਤੀ ਹੀ ਸੈਰਸਪਾਟਾ ਖੇਤਰ ਖੋਲ੍ਹਣ ਲਈ ਦਿਸ਼ਾ ਨਿਰਦੇਸ਼ ਜਾਰੀ ਕਰੇਗੀ। ਸਟੇਟ ਕਾਰਜਕਾਰੀ ਕਮੇਟੀ ਦੇ ਮੈਂਬਰ ਸਕੱਤਰ ਸਿਮਰਨਦੀਪ ਸਿੰਘ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਪਹਿਲੇ ਪੜਾਅ ਤਹਿਤ ਸਿਰਫ ਉਨ੍ਹਾਂ ਸੈਲਾਨੀਆਂ ਨੂੰ ਹੀ ਜੰਮੂ ਕਸ਼ਮੀਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ ਜਿਹੜੇ ਹਵਾਈ ਜਹਾਜ਼ ਰਾਹੀਂ ਆਉਣਗੇ ਤੇ ਉਨ੍ਹਾਂ ਕੋਲ ਹੋਟਲ ਦੀ ਕਨਫਰੰਮ ਬੁਕਿੰਗ ਹੋਵੇਗੀ।