ਨਵੀਂ ਦਿੱਲੀ (ਸਮਾਜਵੀਕਲੀ) : ਸੰਸਦ ਦੇ ਦੋਹਾਂ ਸਦਨਾਂ ਦੇ ਸਕੱਤਰ ਜਨਰਲਾਂ ਨੇ ਅੱਜ ਆਗਾਮੀ ਮੌਨਸੂਨ ਸੈਸ਼ਨ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਿਹਾ ਹੈ। ਸੂਤਰਾਂ ਅਨੁਸਾਰ ਦੋਹਾਂ ਸਦਨਾਂ ਦੇ ਇਜਲਾਸ ਵਿੱਚ ਸੰਸਦ ਮੈਂਬਰ ਸਮਾਜਿਕ ਵਿੱਥ ਨੂੰ ਧਿਆਨ ਵਿੱਚ ਰੱਖਦੇ ਹੋਏ ਨਿੱਜੀ ਤੌਰ ’ਤੇ ਸ਼ਮੂਲੀਅਤ ਕਰ ਸਕਦੇ ਹਨ।
ਸੂਤਰਾਂ ਨੇ ਕਿਹਾ ਕਿ ਇਹ ਜਾਣਕਾਰੀ ਲੋਕ ਸਭਾ ਤੇ ਰਾਜ ਸਭਾ ਦੇ ਸਿਖ਼ਰਲੇ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ। ਦੋਵੇਂ ਸਦਨਾਂ ਦੇ ਇਜਲਾਸ ਉਨ੍ਹਾਂ ਦੇ ਆਪੋ-ਆਪਣੇ ਚੈਂਬਰਾਂ ਵਿੱਚ ਹੀ ਚੱਲਣਗੇ। ਸੂਤਰਾਂ ਨੇ ਕਿਹਾ ਕਿ ਇਸ ਸਬੰਧੀ ਬਦਲ ਪਹਿਲਾਂ ਹੀ ਵਿਚਾਰੇ ਜਾ ਚੁੱਕੇ ਹਨ ਤਾਂ ਜੋ ਸੈਸ਼ਨ ਦੌਰਾਨ ਦੋਵੇਂ ਸਦਨ ਇਕੱਠੇ ਚੱਲ ਸਕਣ, ਨਾ ਕਿ ਬਦਲਵੇਂ ਦਿਨਾਂ ਦੌਰਾਨ ਜਿਵੇਂ ਕਿ ਮੀਡੀਆ ਦੇ ਇਕ ਹਿੱਸੇ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ।