ਪੰਜਾਬ ਦੀ ਸੱਤਾ ਦੇ ਅਸਮਾਨ ’ਤੇ ਟਿਮ-ਟਿਮਾਇਆ ‘ਜੁਗਨੂੰ’

ਪਟਿਆਲਾ (ਸਮਾਜ ਵੀਕਲੀ):  ਲੋਕਾਂ ਦੇ ਮਨ ਵਿਚ ਕਾਮੇਡੀ ਕਿੰਗ ਬਣ ਦੇ ਰਾਜ ਕਰਨ ਵਾਲੇ ਭਗਵੰਤ ਮਾਨ ਨੇ ਸਿਆਸਤ ਵਿਚ ਪ੍ਰਵੇਸ਼ ਕਰਦਿਆਂ ਅੱਜ ਪੰਜਾਬ ਦਾ ਕਿੰਗ ਬਣਨ ਦਾ ਸਫ਼ਰ ਵੀ ਤੈਅ ਕਰ ਲਿਆ ਹੈ। ਭਗਵੰਤ ਮਾਨ ਨੇ 1992 ਵਿਚ ਸਰਦੂਲ ਸਿਕੰਦਰ ਦੇ ਗੀਤ “ਫੁੱਲਾਂ ਦੀ ਕੱਚੀਏ ਵਪਾਰਨੇ” ਗੀਤ ਦੀ ਪੈਰੋਡੀ ‘ਗੋਭੀ ਦੀਏ ਕੱਚੀਏ ਵਪਾਰਨੇ’ ਗਾ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਵਿੱਚ ਉਹ ਵਿਅੰਗਮਈ ਹਾਸੇ ਰਾਹੀਂ ਸਮਾਜ ਵਿੱਚ ਫੈਲੀਆਂ ਬੁਰਾਈਆਂ ’ਤੇ ਵਿਅੰਗ ਕਰਦਾ ਸੀ। ਇਨ੍ਹਾਂ ਕਿਰਦਾਰਾਂ ਵਿੱਚੋਂ ਉਸ ਦਾ ਇੱਕ ਕਿਰਦਾਰ ‘ਜੁਗਨੂੰ’ ਸਭ ਤੋਂ ਵੱਧ ਮਕਬੂਲ ਹੋਇਆ। ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਚ ਪੜ੍ਹਦਿਆਂ ਹੀ ਭਗਵੰਤ ਮਾਨ ਦੀ ਆਈ ਕੈਸੇਟ ਨੇ ਸਾਰੇ ਰਿਕਾਰਡ ਤੋੜ ਦਿੱਤੇ ਉਸ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ।

ਇਸ ਤੋਂ ਬਾਅਦ ਇਕ ਤੋਂ ਇਕ ਕੈਸੇਟ ਦੇ ਕੇ ਮਾਨ ਨੇ ਲੋਕਾਂ ਅੱਗੇ ਰਾਜਨੀਤੀ ਵਿਚ ਆਏ ਨਿਘਾਰ ਨੂੰ ਵਿਅੰਗ ਤਰੀਕੇ ਨਾਲ ਰੱਖਿਆ। ਕੋਕੋ ਦੇ ਬੱਚੇ, ਲੱਲੂ ਕਰੇ ਕਵੱਲੀਆਂ, ਭਗਵੰਤ ਮਾਨ ਫੁੱਲ ਸਪੀਡ, ਜਾਗਦੇ ਰਹੋ ਆਦਿ ਕਈ ਸਾਰੀਆਂ ਮਕਬੂਲ ਕੈਸੇਟਾਂ ਸਰੋਤਿਆਂ ਦੀ ਝੋਲੀ ਪਾਈਆਂ। ਐਨਾ ਹੀ ਨਹੀਂ ਭਗਵੰਤ ਮਾਨ ਨੇ ਪੰਜਾਬੀ ਅਤੇ ਹਿੰਦੀ ਸਿਨੇਮਾ ਵਿਚ ਆਪਣੀ ਕਲਾ ਦਾ ਲੋਹਾ ਮਨਵਾਇਆ ਅਤੇ ਕਾਮੇਡੀ ਸ਼ੋਅ ਦਾ ਲਾਫਟਰ ਚੈਲੰਜ ਵਿਚ ਵੀ ਭਗਵੰਤ ਮਾਨ ਨੇ ਆਪਣੇ ਵਿਅੰਗਮਈ ਤੀਰ ਛੱਡ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਦਿਲਚਸਪ ਗੱਲ ਇਹ ਰਹੀ ਕਿ ਇਸ ਸ਼ੋਅ ਵਿਚ ਭਗਵੰਤ ਮਾਨ ਦੇ ਸਿਆਸੀ ਸ਼ਰੀਕ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਜੱਜ ਰਹੇ। 2007-08 ਦੌਰਾਨ ਭਗਵੰਤ ਮਾਨ ਦੀ ਅਕਾਲੀ ਦਲ ਨਾਲ ਨਜ਼ਦੀਕੀ ਰਹੀ ਪਰ ਕਿਸੇ ਤਣ-ਪੱਤਣ ਨਹੀਂ ਲੱਗ ਸਕੀ। ਇਸ ਤੋਂ ਬਾਅਦ ਭਗਵੰਤ ਮਾਨ ਨੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ 2011 ਵਿਚ ਮਨਪ੍ਰੀਤ ਬਾਦਲ ਦੀ ਪਾਰਟੀ ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ ਕੀਤੀ। ਬਾਅਦ ਵਿੱਹ ਉਨ੍ਹਾਂ ਵਿਧਾਨ ਸਭਾ ਚੋਣਾਂ 2012 ਦੌਰਾਨ ਲਹਿਰਾਗਾਗਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਖ਼ਿਲਾਫ਼ ਚੋਣ ਲੜੀ ਪਰ ਹਾਰ ਦਾ ਸਾਹਮਣਾ ਕਰਨਾ ਪਿਆ।

ਪਰ ਇਹ ‘ਪੀਪਲਜ਼ ਪਾਰਟੀ ਆਫ਼ ਪੰਜਾਬ’ ਦਾ 2012 ਵਿਚ ਹੀ ਢਹਿ ਢੇਰੀ ਹੋ ਗਈ ਅਤੇ ਮਨਪ੍ਰੀਤ ਬਾਦਲ ਨੇ ਕਾਂਗਰਸ ਦਾ ਲੜ ਫੜ ਲਿਆ।   ਮਾਨ ਦੀ ਮੁਲਾਕਾਤ ਅਰਵਿੰਦ ਕੇਜਰੀਵਾਲ ਦੇ ਨਾਲ ਹੋਈ ਜਿਸ ਤੋਂ ਬਾਅਦ ਭਗਵੰਤ ਮਾਨ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਅਤੇ 2014 ਵਿਚ ਸੰਗਰੂਰ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਦੀ ਟਿਕਟ ਮਿਲੀ ਅਤੇ ਲੋਕ ਸਭਾ ਚੋਣ ਲੜੀ ਅਤੇ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ 2 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ। 2017 ਵਿਧਾਨ ਸਭਾ ਚੋਣਾਂ ਵੇਲੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਇਕ ਵੱਡੀ ਲਹਿਰ ਚੱਲੀ ਪਰ ਵਿਧਾਨ ਸਭਾ ਤੱਕ ਆਮ ਆਦਮੀ ਪਾਰਟੀ ਮਹਿਜ਼ ਵਿਰੋਧੀ ਧਿਰ ਦੀ ਭੂਮਿਕਾ ਤੱਕ ਹੀ ਸਿਮਟ ਗਈ। ਜਿਸ ਤੋਂ ਬਾਅਦ ਪਾਰਟੀ ਅੰਦਰ ਭਾਰੀ ਉਤਾਰ ਚੜ੍ਹਾਅ ਆਏ ਪਰ 2019 ਵਿਚ ਸੰਗਰੂਰ ਲੋਕ ਸਭਾ ਸੀਟ ਜਿੱਤ ਕੇ ਭਗਵੰਤ ਮਾਨ ਨੇ ਪਾਰਟੀ ਦੀ ਸਾਖ ਬਚਾ ਲਈ। ਭਗਵੰਤ ਮਾਨ ਨੂੰ ਲੋਕ ਸਭਾ ਵਿਚ ਪੂਰੇ ਪੰਜਾਬ ਅੰਦਰ ਆਮ ਆਦਮੀ ਪਾਰਟੀ  ਦੇ ਇਕਲੌਤੇ ਮੈਂਬਰ  ਹੋਣ ਦਾ ਮਾਣ ਵੀ ਹਾਸਲ ਹੈ। ਲੋਕ ਸਭਾ ਵਿਚ ਕੋਈ ਮੁੱਦਾ ਹੋਵੇ, ਭਗਵੰਤ ਮਾਨ ਨੇ ਬੇਬਾਕੀ ਦੇ ਨਾਲ ਗੱਲ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ਿਲ੍ਹਾ ਬਰਨਾਲਾ: ਤਿੰਨੇ ਸੀਟਾਂ ’ਤੇ ਆਪ ਹੀ ਆਪ
Next articleਪਟਿਆਲਾ ਜ਼ਿਲ੍ਹਾ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਾਰੇ, ਸਨੌਰ, ਨਾਭਾ, ਘਨੌਰ, ਸਮਾਣਾ ਤੇ ਰਾਜਪੁਰਾ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੱਗੇ