ਚਮਕੌਰ ਸਾਹਿਬ (ਸਮਾਜਵੀਕਲੀ) : ਚਮਕੌਰ ਸਾਹਿਬ ਦੇ ਸੁੰਦਰੀਕਰਨ ਪ੍ਰਾਜੈਕਟ ਤਹਿਤ ਚੱਲ ਰਹੇ ਕੰਮ ਸਬੰਧੀ ਦੁਕਾਨਾਂ ਅੱਗੇ ਪੁੱਟੇ ਹੋਏ ਟੋਇਆਂ ਕਾਰਨ ਮੀਂਹ ਦਾ ਪਾਣੀ ਭਰ ਜਾਣ ਕਾਰਨ ਦੁਕਾਨਾਂ ਨੂੰ ਪੈਦਾ ਹੋਏ ਖਤਰੇ ਤੋਂ ਦੁਕਾਨਦਾਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅੱਜ ਸਵੇਰੇ ਗਰੇਵਾਲ ਬੂਟ ਹਾਊਸ, ਸਤਿਕਾਰ ਮੈਡੀਕਲ ਸਟੋਰ, ਲੁਬਾਣਾ ਟੈਲੀਕਾਮ, ਚੌਧਰੀ ਟੀ.ਵੀ ਸੈਂਟਰ, ਖ਼ਾਲਸਾ ਜਨਰਲ ਸਟੋਰ ਆਦਿ ਦੁਕਾਨਦਾਰਾਂ ਵੱਲੋਂ ਜਦੋਂ ਸਵੇਰੇ ਦੁਕਾਨਾਂ ਖੋਲ੍ਹਣ ਲੱਗੇ ਤਾਂ ਕਿਸੇ ਦੁਕਾਨਦਾਰ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ, ਕਿਸੇ ਦੁਕਾਨਾਂ ਦੀਆਂ ਨੀਹਾਂ ਵਿੱਚ ਪਾਣੀ ਭਰ ਗਿਆ ਅਤੇ ਕਿਸੇ ਦਾ ਸ਼ਟਰ ਖਰਾਬ ਸੀ।
ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਠੇਕੇਦਾਰ ਦੇ ਮਜ਼ਦੂਰ ਦਿਨ ਦੀ ਬਜਾਏ ਰਾਤ ਸਮੇਂ ਕੰਮ ਕਰਦੇ ਹਨ ਤੇ ਜਿਸ ਕੰਮ ਲਈ ਕਟਰ ਤੇ ਗਰਾਈਂਡਰ ਵਰਤਨੇ ਚਾਹੀਦੇ ਹਨ, ਉਸ ਕੰਮ ਨੂੰ ਹਥੋੜਿਆਂ ਨਾਲ ਕੀਤਾ ਜਾ ਰਿਹਾ ਹੈ, ਜਿਸ ਕਾਰਨ ਦੁਕਾਨਾਂ ਨੂੰ ਭਾਰੀ ਨੁਕਸਾਨ ਪੁੱਜ ਰਿਹਾ ਹੈ। ਦੁਕਾਨਦਾਰਾਂ ਵੱਲੋਂ ਉਕਤ ਮਸਲਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਅਕਾਲੀ ਵਰਕਰਾਂ ਤੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਵਿਭਾਗ ਦੇ ਠੇਕੇਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਵੀ ਦੁਕਾਨਦਾਰ ਦਾ ਨੁਕਸਾਨ ਹੋਇਆ ਤਾਂ ਉਹ ਸੰਘਰਸ਼ ਕਰਨਗੇ, ਕਿਉਂਕਿ ਦੁਕਾਨਦਾਰ ਪਹਿਲਾਂ ਹੀ ਕਰੋਨਾ ਕਾਰਨ ਆਮਦਨੀ ਨਾ ਹੋਣ ਕਾਰਨ ਪ੍ਰੇਸ਼ਾਨ ਹਨ।
ਇਸ ਮਸਲੇ ਨੂੰ ਜਦੋਂ ਸੈਰ ਸਪਾਟਾ ਵਿਭਾਗ ਦੇ ਐਕਸੀਅਨ ਬੀਐੱਸ ਚਾਨਾ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਤੁਰੰਤ ਐੱਸਡੀਓ ਸੁਰਿੰਦਰਪਾਲ ਸਿੰਘ ਨੂੰ ਮੌਕੇ ’ਤੇ ਭੇਜਿਆ, ਜਿਨ੍ਹਾਂ ਇਸ ਮਸਲੇ ਨੂੰ ਹੱਲ ਕਰਦਿਆਂ ਕਿਹਾ ਕਿ ਜੋ ਵੀ ਦੁਕਾਨਦਾਰਾਂ ਦਾ ਨੁਕਸਾਨ ਹੋਇਆ ਹੈ, ਉਸ ਦਾ ਖਮਿਆਜ਼ਾ ਨਿਰਮਾਣ ਕੰਪਨੀ ਤੋਂ ਪੂਰਾ ਕਰਵਾਇਆ ਜਾਵੇਗਾ।