ਤ੍ਰਾਸਦੀ ਮਜ਼ਦੂਰਾਂ ਦੀ

(ਸਮਾਜਵੀਕਲੀ)

ਕਾਮੇ  ਰੋਟੀ  ਖੁਣੋਂ  ਤੁਰ  ਗਏ
ਜਿਹੜੇ ਮੁਲਕ  ਬਣਾਉਂਦੇ ਵੇਖੇ।

ਗੱਡੀਆਂ ਥੱਲੇ ਆ ਕੇ ਮਰ ਗਏ,
ਜਿਹੜੇ ਲਾਈਨ ਵਿਛਾਂਉਂਦੇ ਵੇਖੇ।

ਇਕ ਮੰਜੀ ਦਾ ਥਾਂ ਨਹੀਂ ਮਿਲਿਆ,
ਜਿਹੜੇ  ਮਹਿਲ  ਬਣਾਂਉਦੇ ਵੇਖੇ।

ਬੱਚੇ,  ਬੁੱਢੇ,  ਬੀਬੀਆਂ  ਸਾਰੇ,
ਸੜਕੀਂ ਦਰਦ ਹੰਢਾਉਂਦੇ ਵੇਖੇ।

ਤੁਸੀਂ ਬੜੀ  ਕੁਰਬਾਨੀ  ਦਿੱਤੀ,
ਲੀਡਰ  ਇਹ ਫਰਮਾਉਂਦੇ ਵੇਖੇ।

ਸੂਝਵਾਨਾਂ  ਲਈ  ਔਖਾ ਵੇਲਾ,
ਮੂਰਖ ਜਸ਼ਨ  ਮਨਾਉਂਦੇ ਵੇਖੇ।

ਵਿਗਿਆਨਕ ਰਾਹ ਲੱਭਣ ਥਾਵੇਂ,
ਥਾਲੀਆਂ  ਖੂਬ ਵਜਾਉਂਦੇ ਵੇਖੇ।

ਅੰਧਵਿਸ਼ਵਾਸੀ ‘ਨੇਰਾ ਵੰਡਣ,
ਪਰ  ਦੀਵੇ ਜਗਵਾਉਂਦੇ ਵੇਖੇ।

ਆਪ ਤਾਂ ਸੌਂਦੇ ਸੁੱਖ ਦੀ ਨੀਂਦੇ,
ਕਿਰਤੀਆਂ ਨੂੰ ਤੜਫਾਉਂਦੇ ਵੇਖੇ।

ਨਾਅਰੇ  ਲਾ  ਕੇ ਹਿੰਸਾ  ਵਾਲੇ,
ਤੇਲ ਬਲਦੀ ‘ਤੇ ਪਾਉਂਦੇ ਵੇਖੇ।

ਬਹਿ ਕੇ ਟੀæਵੀ ਦੇ ਮਾਈਕ ‘ਤੇ,
‘ਬਾਂਦਰ’ ਅੱਗਾਂ  ਲਾਉਂਦੇ  ਵੇਖੇ।

ਫਿਰਕਿਆਂ ਅੰਦਰ ਪਾੜੇ ਪਾ ਕੇ,
ਭਾਬੜ  ਨੂੰ  ਭੜਕਾਉਂਦੇ  ਵੇਖੇ।

ਜਿਨ੍ਹਾਂ ਨੂੰ ਲੋਕੀ  ਨੇਤਾ ਕਹਿੰਦੇ,
ਉਹੀ ਮੁਲਕ ਨੂੰ ਢਾਹੁੰਦੇ  ਵੇਖੇ।

ਸੁੱਖ ਦੀ ਆਸ ਜਿਨ੍ਹਾਂ ਤੋਂ ਕੀਤੀ,
ਉਹੀ  ਪੁਆੜੇ  ਪਾਉਂਦੇ  ਵੇਖੇ।

 – ਕੇਹਰ ਸ਼ਰੀਫ਼

Previous articleਕਿਹੜੀਆਂ ਗੱਲਾਂ
Next articleਖੇਤੀ ਆਰਡੀਨੈਂਸ: ਪੰਜਾਬ ਸੱਦੇਗਾ ਵਿਸ਼ੇਸ਼ ਇਜਲਾਸ