ਕਿਹੜੀਆਂ ਗੱਲਾਂ

(ਸਮਾਜਵੀਕਲੀ)

ਮਨ ਦੀਆਂ ਗੱਲਾਂ ਕਰੇ ਚੌਧਰੀ।
ਚਿੱਤ  ਪ੍ਰਚਾਉਂਦਾ ਖਰੇ ਚੌਧਰੀ।

ਗੱਪਾਂ  ਦਾ  ਕੜਾਹ ਕਰ ਕਰਕੇ,
ਭੁੱਖਿਆ ਦਾ ਢਿੱਡ ਭਰੇ ਚੌਧਰੀ।

ਗੱਲਾਂ ਨਾਲ ਤਾਂ ਢਿੱਡ ਨਹੀਂ ਭਰਦੇ
ਪਰ  ਏਦਾਂ ਹੀ  ਭਰੇ  ਚੌਧਰੀ।

ਕੁੱਲ ਕਬੀਲਾ ਭਾਵੇਂ ਡੁੱਬ ਜਾਏ,
ਪਰ  ਕੱਲਾ  ਹੀ  ਤਰੇ  ਚੌਧਰੀ।

ਉੱਪਰੋਂ ਬੜ੍ਹਕ ਸ਼ੇਰ ਦੀ ਮਾਰੇ,
ਅੰਦਰੋ-ਅੰਦਰੀ  ਡਰੇ ਚੌਧਰੀ।

ਲੋਕੀ ਕਲ਼ਾ-ਕਲੇਸ਼ ਵੀ ਆਖਣ,
ਕੋਈ ਪਰਵਾਹ ਨਾ ਕਰੇ ਚੌਧਰੀ।

ਵਣਜਾਂ  ਵਿਚੋਂ  ਹਿੱਸਾ-ਪੱਤੀ,
ਆਪਣਾ ਆਪੇ  ਧਰੇ  ਚੌਧਰੀ।

ਉਸ ਜਿੰਨੀ ਬਦਨਾਮੀ  ਖੱਟੀ,
ਓਸੇ  ਤੋਂ  ਹੀ  ਡਰੇ  ਚੌਧਰੀ।

ਬਾਹਰੋਂ  ਸ਼ੇਰ ਆਪ  ਨੂੰ ਦੱਸੇ,
ਅੰਦਰ ਝਾਕੇ ਤਾਂ ਮਰੇ ਚੌਧਰੀ।

ਉਸ ਨੇ ਝੂਠ ਦਾ ਸੀਰ ਕਮਾਇਆ,
ਸੱਚ ਤੋਂ ਰਹਿੰਦਾ ਪਰੇ ਚੌਧਰੀ।

ਲੋਕੀ ਮੁੜ ਮੁੜ ਪੁੱਛੀ  ਜਾਂਦੇ,
ਇਹ ਭਲਾਂ ਕੀ  ਕਰੇ ਚੌਧਰੀ।

ਭੈਣ  ਭਰਾਵੋ  ਸੱਚੀ ਗੱਲ ਐ,
ਹਾੜ ਮਹੀਨੇ ਵੀ ਠਰੇ ਚੌਧਰੀ।

ਸਾਰਾ ਦਿਨ ਤਾਂ ਲੁਤਰੋ ਚੱਲਦੀ,
ਅਕਲ ਦੀ ਕੋਈ ਨਾ ਕਰੇ ਚੌਧਰੀ।

ਪੂਰੇ ਝੂਠ ਦਾ ਟੱਲ ਖੜਕਾਉਂਦੈ,
ਸੱਚੀ  ਗੱਲ  ਨਾ  ਕਰੇ  ਚੌਧਰੀ।

– ਕੇਹਰ ਸ਼ਰੀਫ਼

Previous articleਅਧਿਆਪਕ ਦਲ ਪੰਜਾਬ ਦੀ ਅਹਿਮ ਮੀਟਿੰਗ ਹੋਈ
Next articleਤ੍ਰਾਸਦੀ ਮਜ਼ਦੂਰਾਂ ਦੀ