ਲੱਦਾਖ ’ਚ ਦੁਸ਼ਮਣ ਨੂੰ ਢੁੱਕਵਾਂ ਜਵਾਬ ਦਿੱਤਾ: ਮੋਦੀ

ਨਵੀਂ ਦਿੱਲੀ(ਸਮਾਜਵੀਕਲੀ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਨੇ ਲੱਦਾਖ ਖੇਤਰ ਵਿੱਚ ਉਹਦੇ ਖੇਤਰ ’ਤੇ ਮਾੜੀ ਅੱਖ ਰੱਖਣ ਵਾਲਿਆਂ ਨੂੰ ਮੂੰਹ-ਤੋੜਵਾਂ ਜਵਾਬ ਦਿੱਤਾ ਹੈ। ਊਨ੍ਹਾਂ ਕਿਹਾ ਕਿ ਭਾਰਤ ਜਿੱਥੇ ਦੋਸਤੀ ਨਿਭਾਉਣੀ ਜਾਣਦਾ ਹੈ, ਉਥੇ ਦੁਸ਼ਮਣ ਦੀ ਕਿਸੇ ਵੀ ਹਿਮਾਕਤ ਦਾ ਢੁੱਕਵਾਂ ਜਵਾਬ ਦੇਣ ਦੇ ਪੂਰੀ ਤਰ੍ਹਾਂ ਸਮਰੱਥ ਹੈ।

ਗਲਵਾਨ ਘਾਟੀ ਵਿੱਚ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਹੋਈ ਹਿੰਸਕ ਝੜਪ ਦੌਰਾਨ ਸ਼ਹੀਦ ਹੋਏ 20 ਫੌਜੀ ਜਵਾਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੇ ਬਹਾਦਰ ਫੌਜੀਆਂ ਨੇ ਵਿਖਾ ਦਿੱਤਾ ਹੈ ਕਿ ਉਹ ਦੇਸ਼ ਦੇ ਗੌਰਵ ਨੂੰ ਸੱਟ ਮਾਰਨ ਦੀ ਇਜਾਜ਼ਤ ਨਹੀਂ ਦੇਣਗੇ। ਆਕਾਸ਼ਵਾਣੀ ’ਤੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਭਰੋਸਾ ਦਿੱਤਾ ਕਿ ਇਨ੍ਹਾਂ ਫੌਜੀਆਂ ਦੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ।

ਉਨ੍ਹਾਂ ਕਿਹਾ ਕਿ ਦੇਸ਼ ਲੌਕਡਾਊਨ ਗੇੜ ’ਚੋਂ ਨਿਕਲ ਕੇ ‘ਅਨਲੌਕ’ ਗੇੜ ’ਚ ਦਾਖ਼ਲ ਹੋ ਚੁੱਕਾ ਹੈ ਤੇ ਹੁਣ ਆਪਣਾ ਸਾਰਾ ਧਿਆਨ ਕਰੋਨਾਵਾਇਰਸ ਨੂੰ ਮਾਤ ਪਾਉਣ ਤੇ ਅਰਥਚਾਰੇ ਨੂੰ ਮਜ਼ਬੂਤ ਕਰਨ ਵੱਲ ਲਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਹਾਲੀਆ ਫੈਸਲਿਆਂ ਨਾਲ ਕਈ ਹੋਰ ਚੀਜ਼ਾਂ ਦੀ ਤਾਲਾਬੰਦੀ ਖੁੱਲ੍ਹੀ ਹੈ, ਜੋ ਪਿਛਲੇ ਕਈ ਦਹਾਕਿਆਂ ਤੋਂ ਮੁਲਕ ਦੇ ਪੈਰਾਂ ਦੀ ਬੇੜੀ ਬਣੀ ਹੋਈ ਸੀ। ਸ੍ਰੀ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਪੀ.ਵੀ.ਨਰਸਿਮ੍ਹਾ ਰਾਓ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਵੀ ਦਿੱਤੀ।

Previous articleਤੇਲ ਕੀਮਤਾਂ ’ਚ ਵਾਧੇ ਨੇ ਐਤਵਾਰ ਨੂੰ ਮਨਾਈ ਛੁੱਟੀ
Next articleਸ਼ਾਹੀ ਵਿਆਹ: ਪਰਿਵਾਰ ਨੂੰ 6.26 ਲੱਖ ਦਾ ਜੁਰਮਾਨਾ, ਲਾੜੇ ਸਮੇਤ 15 ਨੂੰ ਹੋਇਆ ਕਰੋਨਾ