ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ

ਸੰਗਰੂਰ (ਸਮਾਜਵੀਕਲੀ) :  ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਸੰਘਰਸ਼ਸ਼ੀਲ ਆਗੂਆਂ ਨੂੰ ਸਿੱਖਿਆ ਸਕੱਤਰ ਵੱਲੋਂ ਬਦਲੇ ਦੀ ਨੀਤੀ ਤਹਿਤ ਵਿਭਾਗੀ ਪੜਤਾਲ ਦੇ ਨਾਂ ’ਤੇ ਤੰਗ ਪ੍ਰੇਸ਼ਾਨ ਕਰਨ ਖ਼ਿਲਾਫ਼ ਅਧਿਆਪਕਾਂ ਨੇ ਸਿੱਖਿਆ ਮੰਤਰੀ ਦੀ ਰਿਹਾਇਸ਼ ਤਕ ਰੋਸ ਮਾਰਚ ਤੇ ਮੁਜ਼ਾਹਰਾ ਕੀਤਾ।

ਇਸ ਤੋਂ ਪਹਿਲਾਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਬੈਨਰ ਹੇਠ ਇਕੱਠੇ ਹੋਏ ਅਧਿਆਪਕਾਂ ਨੇ ਹਰੀਪੁਰਾ ਰੋਡ ’ਤੇ ਰੈਲੀ ਕੀਤੀ, ਜਿਸ ਵਿਚ ਸੂਬਾ ਮੀਤ ਪ੍ਰਧਾਨ ਰਣਜੀਤ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਹਰਜੀਤ ਗਲਵੱਟੀ, ਜਨਰਲ ਸਕੱਤਰ ਬਲਵਿੰਦਰ ਭੁੱਕਲ, ਫਕੀਰ ਸਿੰਘ ਟਿੱਬਾ, ਸਤਵੰਤ ਸਿੰਘ ਆਲਮਪੁਰ ਅਤੇ ਸਰਬਜੀਤ ਸਿੰਘ ਪੁੰਨਾਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਪਟਿਆਲਾ ਸੰਘਰਸ਼ ਸਮੇਂ ਕੀਤੇ ਸਮਝੌਤਿਆਂ ਤੋਂ ਟਾਲਾ ਵੱਟ ਲਿਆ ਹੈ।

ਸਿੱਖਿਆ ਮੰਤਰੀ ਨਾਲ ਮੀਟਿੰਗਾਂ ਦੇ ਬਾਵਜੂਦ ਮੰਗਾਂ ਦਾ ਹੱਲ ਨਹੀਂ ਹੋਇਆ। ਅਧਿਆਪਕਾਂ ਨੇ ਤਨਖਾਹ ਕਟੌਤੀ ਦਾ ਰੀਵਿਊ ਕਰਨ, ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕੇ ਕਰਨ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿਚ ਸ਼ਾਮਲ ਕਰਨ ਅਤੇ ਅਧਿਆਪਕਾਂ ਦੇ ਵੱਖ-ਵੱਖ ਕਾਡਰਾਂ ਦੀਆਂ ਖਤਮ ਕੀਤੀਆਂ ਪੋਸਟਾਂ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ।

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਮੀਤ ਪ੍ਰਧਾਨ ਕਰਮਜੀਤ ਸਿੰਘ ਬੀਹਲਾ ਨੇ ਐਲਾਨ ਕੀਤਾ ਕਿ ਜੇ ਸੂਬਾ ਪ੍ਰਧਾਨ ਨੂੰ ਜਾਰੀ ਕੀਤੀ ਦੋਸ਼ ਸੂਚੀ ਰੱਦ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਵਿਚ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਅਧਿਆਪਕਾਂ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਂ ਰੋਸ ਪੱਤਰ ਸਿੱਖਿਆ ਮੰਤਰੀ ਦੇ ਪੀਏ ਸੰਦੀਪ ਸਿੰਗਲਾ ਨੂੰ ਦਿੱਤਾ। ਇਸ ਮੌਕੇ ਬਲਵੀਰ ਚੰਦ ਲੌਂਗੋਵਾਲ, ਹਰਭਗਵਾਨ ਗੁਰਨੇ, ਸੁਖਦੇਵ ਸਿੰਘ ਚੰਗਾਲੀਵਾਲ ਹਾਜ਼ਰ ਸਨ।

Previous articleਪਾਕਿਸਤਾਨ ਭਲਕ ਤੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਲਈ ਤਿਆਰ
Next articleਕਰੋਨਾਵਾਇਰਸ: ਇਕ ਦਿਨ ’ਚ ਸਭ ਤੋਂ ਵੱਧ 18,552 ਕੇਸ ਆਏ ਸਾਹਮਣੇ