ਹੈਦਰਾਬਾਦ (ਸਮਾਜਵੀਕਲੀ): ਤੇਲੰਗਾਨਾ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਜੂਨ ਤੋਂ ਪੂਰੀ ਤਨਖਾਹ ਦੇਣ ਸਬੰਧੀ ਆਦੇਸ਼ ਜਾਰੀ ਕੀਤੇ ਹਨ। ਕਰੋਨਾਵਾਇਰਸ ਕਾਰਨ ਬੀਤੀ 30 ਮਾਰਚ ਤੋਂ ਲੱਗੇ ਕਰੀਬ ਤਿੰਨ ਮਹੀਨਿਆਂ ਦੇ ਕੱਟ ਮਗਰੋਂ ਹੁਣ ਸਾਰੇ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਮਿਲੇਗੀ।
ਕੋਵਿਡ-19 ਮਹਾਮਾਰੀ ਕਾਰਨ ਸੂਬੇ ਦੇ ਅਰਥਚਾਰੇ ’ਤੇ ਪੈ ਰਹੇ ਮਾੜੇ ਅਸਰ ਦੇ ਮੱਦੇਨਜ਼ਰ ਤੇਲੰਗਾਨਾ ਸਰਕਾਰ ਵਲੋਂ ਮੁੱਖ ਮੰਤਰੀ, ਕੈਬਨਿਟ ਮੰਤਰੀਆਂ, ਵਿਧਾਇਕਾਂ ਤੇ ਹੋਰਾਂ ਦੀ ਤਨਖਾਹ ’ਤੇ 75 ਫੀਸਦ, ਆਈਏਐੱਸ, ਆਈਪੀਐੱਸ ਤੇ ਹੋਰ ਕੇਂਦਰੀ ਸੇਵਾਵਾਂ ਵਾਲੇ ਅਫਸਰਾਂ ਦੀ ਤਨਖਾਹ ’ਤੇ 60 ਫੀਸਦੀ ਕੱਟ ਲਾਇਆ ਗਿਆ ਸੀ।
ਸਾਰੀਆਂ ਸ਼੍ਰੇਣੀਆਂ ਦੇ ਪੈਨਸ਼ਨਰਾਂ ’ਤੇ 50 ਫੀਸਦ ਅਤੇ ਚੌਥਾ ਦਰਜਾ, ਆਊਟਸੋਰਸਿੰਗ ਅਤੇ ਕੰਟਰੈਕਟ ਮੁਲਾਜ਼ਮਾਂ ’ਤੇ 10 ਫੀਸਦ ਕੱਟ ਲਾਇਆ ਗਿਆ ਸੀ। ਸਰਕਾਰ ਨੇ ਅੱਜ ਆਮ ਤਨਖਾਹਾਂ ਬਹਾਲ ਕਰਨ ਸਬੰਧੀ ਫ਼ੈਸਲਾ ਲੈਂਦਿਆਂ ਕਿਹਾ ਕਿ ਸੂਬੇ ਦਾ ਅਰਥਚਾਰੇ ਹੁਣ ਕੁਝ ਬਿਹਤਰ ਸਥਿਤੀ ਵਿੱਚ ਹੈ।