ਇੰਫਾਲ (ਸਮਾਜਵੀਕਲੀ): ਮਨੀਪੁਰ ਵਿਚ ਸੱਤਾਧਾਰੀ ਧਿਰ ਦੇ 9 ਵਿਧਾਇਕਾਂ ਵੱਲੋਂ ਅਸਤੀਫ਼ਾ ਦੇਣ ਮਗਰੋਂ ਬਣੀ ਸਿਆਸੀ ਖੜੋਤ ਤੋੜਨ ਲਈ ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਤੇ ਅਸਾਮ ਦੇ ਮੰਤਰੀ ਹਿਮੰਤ ਬਿਸਵਾ ਸਰਮਾ ਵੱਲੋਂ ਭਾਜਪਾ-ਐਨਪੀਪੀ ਮੈਂਬਰਾਂ ਨਾਲ ਕੀਤੀ ਗੱਲਬਾਤ ਬਾਰੇ ਐਨਡੀਏ ਦੀ ਕੇਂਦਰੀ ਲੀਡਰਸ਼ਿਪ ਨੂੰ ਜਾਣੂ ਕਰਵਾਇਆ ਗਿਆ ਹੈ।
ਦੋਵਾਂ ਪਾਰਟੀਆਂ ਦੇ ਸੂਤਰਾਂ ਮੁਤਾਬਕ ਸੰਗਮਾ ਜੋ ਕਿ ਖੇਤਰੀ ਧਿਰ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਦੇ ਕੌਮੀ ਪ੍ਰਧਾਨ ਵੀ ਹਨ ਤੇ ਭਾਜਪਾ ਮੰਤਰੀ ਸਰਮਾ ਵੱਲੋਂ ਵਿਧਾਇਕਾਂ ਨਾਲ ਮਨੀਪੁਰ ਵਿਚ ਵਿਚਾਰ-ਚਰਚਾ ਕੀਤੀ ਗਈ ਹੈ। ਦੱਸਣਯੋਗ ਹੈ ਕਿ ਕਾਂਗਰਸ ਨੇ ਵੀ ਮਨੀਪੁਰ ਵਿਚ ਨਵਾਂ ਗੱਠਜੋੜ ਕਾਇਮ ਕੀਤਾ ਹੈ ਤਾਂ ਕਿ ਭਾਜਪਾ ਦੀ ਅਗਵਾਈ ਵਾਲੀ ਧਿਰ ਨੂੰ ਸੱਤਾ ਵਿਚੋਂ ਬਾਹਰ ਕੀਤਾ ਜਾ ਸਕੇ।
ਅਸਾਮ ਦੇ ਮੰਤਰੀ ਸਰਮਾ ਉੱਤਰ-ਪੂਰਬ ਡੈਮੋਕ੍ਰੈਟਿਕ ਗੱਠਜੋੜ ਦੇ ਕਨਵੀਨਰ ਵੀ ਹਨ। ਦੋਵੇਂ ਇੰਫਾਲ ਤੋਂ ਐਤਵਾਰ ਰਾਤ ਪਰਤੇ ਹਨ। ਐਨਪੀਪੀ, ਭਾਜਪਾ ਦੀ ਅਗਵਾਈ ਵਾਲੇ ਐਨਡੀਏ ਗੱਠਜੋੜ ਦਾ ਵੀ ਹਿੱਸਾ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੀ ਸਰਕਾਰ ਲੰਘੇ ਬੁੱਧਵਾਰ ਉਸ ਵੇਲੇ ਸੰਕਟ ਵਿਚ ਘਿਰ ਗਈ ਜਦ ਐਨਪੀਪੀ ਦੇ ਚਾਰ ਮੰਤਰੀਆਂ ਸਣੇ ਭਾਜਪਾ-ਐਨਪੀਪੀ ਗੱਠਜੋੜ ਦੇ 9 ਮੈਂਬਰਾਂ ਨੇ ਅਸਤੀਫ਼ਾ ਦੇ ਦਿੱਤਾ। ਸੰਗਮਾ ਵੀ ਮੇਘਾਲਿਆ ਵਿਚ ਭਾਜਪਾ ਨਾਲ ਗੱਠਜੋੜ ਕਰ ਕੇ ਸਰਕਾਰ ਚਲਾ ਰਹੇ ਹਨ।