ਚੇਨਈ (ਸਮਾਜਵੀਕਲੀ) : ਭਾਰਤੀ ਜੀਵਨ ਬੀਮਾ ਨਿਗਮ (ਐੱਲਆਈਸੀ) ਦੇ ਅਧਿਕਾਰੀਆਂ, ਫੀਲਡ ਵਰਕਰਾਂ ਅਤੇ ਦਰਜਾ ਤਿੰਨ ਮੁਲਾਜ਼ਮਾਂ ’ਤੇ ਆਧਾਰਿਤ ਤਿੰਨ ਯੂਨੀਅਨਾਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਐੱਲਆਈਸੀ ਨੂੰ ਪ੍ਰਾਈਵੇਟ ਹੱਥਾਂ ’ਚ ਵੇਚਣ ਨਾਲ ਅਰਥਚਾਰੇ ਅਤੇ ਹਾਸ਼ੀਏ ’ਤੇ ਧੱਕੇ ਵਰਗਾਂ ਉਪਰ ਮਾੜਾ ਅਸਰ ਪਵੇਗਾ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਲਿਖੇ ਪੱਤਰ ’ਚ ਤਿੰਨੋਂ ਯੂਨੀਅਨਾਂ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਈਪੀਓ ਲਈ ਸਲਾਹਕਾਰ ਲਾਉਣ ਦੇ ਫ਼ੈਸਲੇ ਨੂੰ ਵਾਪਸ ਲਵੇ ਅਤੇ ਉਸ ’ਚੋਂ ਸਰਕਾਰੀ ਹਿੱਸੇਦਾਰੀ ਕੱਢਣ ਦੇ ਫ਼ੈਸਲੇ ਦੀ ਸਮੀਖਿਆ ਕੀਤੀ ਜਾਵੇ।
ਯੂਨੀਅਨਾਂ ਨੇ ਆਸ ਜਤਾਈ ਕਿ ਸਰਕਾਰ ਉਨ੍ਹਾਂ ਦੀਆਂ ਦਲੀਲਾਂ ’ਤੇ ਸੰਜੀਦਗੀ ਨਾਲ ਵਿਚਾਰ ਕਰੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾਨ ’ਚ ਮੁਲਾਜ਼ਮ ਉਸ ਦੇ ਅਹਿਮ ਹਿੱਸੇਦਾਰ ਹੁੰਦੇ ਹਨ ਪਰ ਐੱਲਆਈਸੀ ਬਾਰੇ ਕੋਈ ਫ਼ੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਰਾਏ ਨਹੀਂ ਲਈ ਗਈ।