ਲੁਧਿਆਣਾ (ਸਮਾਜਵੀਕਲੀ) : ਕੌਮਾਗਾਟਾਮਾਰੂ ਯਾਦਗਾਰ ਕਮੇਟੀ ਜ਼ਿਲ੍ਹਾ ਲੁਧਿਆਣਾ ਦੀ ਇੱਕ ਅਹਿਮ ਮੀਟਿੰਗ ਸਾਥੀ ਉਜਾਗਰ ਸਿੰਘ ਬੱਦੋਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਐਡਵੋਕੇਟ ਕੁਲਦੀਪ ਸਿੰਘ, ਜਸਦੇਵ ਸਿੰਘ ਲਲਤੋਂ, ਐੱਮਐੱਸ ਭਾਟੀਆ, ਰਘਬੀਰ ਬੈਨੀਪਾਲ, ਰਮਨਜੀਤ ਸੰਧੂ ਤੇ ਸ਼ਿੰਦਰ ਜਵੱਦੀ ਨੇ ਉਚੇਚੇ ਤੌਰ ’ਤੇ ਭਾਗ ਲਿਆ।
ਕਮੇਟੀ ਨੇ ਭਾਈ ਬਾਲਾ ਚੌਕ, ਲੁਧਿਆਣਾ ਤੋਂ ਰਾਇਕੋਟ ਰੋਡ (ਵਾਇਆ ਸਰਾਭਾ) ਦਾ ਨਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਰੱਖਣ ਦੇ ਪੰਜਾਬ ਸਰਕਾਰ ਦੇ ਨੋਟੀਫ਼ਿਕੇਸ਼ਨ ਦਾ ਸਵਾਗਤ ਕੀਤਾ ਹੈ। ਇਨ੍ਹਾਂ ਆਗੂਆਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਮੇਤ ਸਮੂਹ ਗ਼ਦਰੀ ਸ਼ਹੀਦਾਂ ਨੂੰ ਸਰਕਾਰੀ ਰਿਕਾਰਡ ਵਿੱਚ ਕੌਮੀ ਸ਼ਹੀਦ ਕਰਾਰ ਦੇਣ ਦੀ ਪੁਰਜ਼ੋਰ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੌਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਕਮੇਟੀ ਵੱਲੋਂ ਪਿਛਲੇ 6 ਸਾਲਾਂ ਅੰਦਰ ਇਨ੍ਹਾਂ ਦੋਵਾਂ ਮੰਗਾਂ ਸਬੰਧੀ ਲਗਾਤਾਰ ਸੰਘਰਸ਼ ਕਰਦੀਆਂ ਡੀਸੀ ਦਫ਼ਤਰ ਲੁਧਿਆਣਾ ਅਤੇ ਮੁੱਖ ਮੰਤਰੀ ਪੰਜਾਬ ਨੂੰ ਦਰਜਨ ਤੋਂ ਉੱਪਰ ਮੰਗ ਪੱਤਰ ਭੇਜੇ ਜਾ ਚੁੱਕੇ ਹਨ।
ਕਮੇਟੀ ਨੇ ਪੰਜਾਬੀ ਮਾਂ ਬੋਲੀ ਦੇ ਪ੍ਰੇਮੀ ਪ੍ਰੋ. ਪੰਡਿਤ ਧਨੇਰਨਵਰ ਰਾਓ ਵੱਲੋਂ ਹਾਈਕੋਰਟ ਰਾਹੀਂ ਅਸ਼ਲੀਲ ਗਾਇਕੀ ’ਤੇ ਰੋਕ ਲਾਉਂਦਾ ਸਟੇਟ ਟਰਾਂਸਪੋਰਟ ਕਮਿਸ਼ਨਰ ਵੱਲੋਂ ਹੁਕਮ ਜਾਰੀ ਕਰਵਾਉਣ ਦਾ ਭਰਪੂਰ ਸਵਾਗਤ ਕਰਦਿਆਂ, ਜ਼ਿਲ੍ਹਾਂ ਦੇ ਡਿਪਟੀ ਕਮਿਸ਼ਨਰ ਨੂੰ ਪੂਰੀ ਸਖਤੀ ਨਾਲ ਇਸ ਨੂੰ ਲਾਗੂ ਕਰਨ ਦੀ ਮੰਗ ਕੀਤੀ ਹੈ।