ਸਿੱਧੂ ਮੂਸੇਵਾਲਾ ਖ਼ਿਲਾਫ਼ ਪੱਤਰਕਾਰ ਭਾਈਚਾਰੇ ’ਚ ਰੋਸ

ਪਾਇਲ (ਸਮਾਜਵੀਕਲੀ) :  ਸਿਟੀ ਪ੍ਰੈੱਸ ਕਲੱਬ ਪਾਇਲ ਦੇ ਸਮੂਹ ਅਹੁਦੇਦਾਰਾਂ ਤੇ ਮੈਬਰਾਂ ਵੱਲੋਂ ਸਿੱਧੂ ਮੂਸੇਵਾਲੇ ਖ਼ਿਲਾਫ਼ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਂ ਐੱਸਡੀਐੱਮ ਪਾਇਲ ਮਨਕੰਵਲ ਸਿੰਘ ਚਾਹਲ ਰਾਹੀ ਇੱਕ ਮੰਗ ਪੱਤਰ ਦਿੱਤਾ ਗਿਆ। ਗਾਇਕ ਵੱਲੋਂ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਕੇ ਪੱਤਰਕਾਰਾਂ ਨੂੰ ਧਮਕੀਆਂ ਦੇਣ ਤੇ ਗਾਲੀ-ਗਲੋਚ ਕਰਨ ਦੀ ਸੋਸ਼ਲ ਮੀਡੀਆਂ ’ਤੇ ਵਾਇਰਲ ਵੀਡੀਓ ਮਗਰੋਂ ਪੱਤਰਕਾਰ ਭਾਈਚਾਰੇ ਵੱਲੋਂ ਸਖਤ ਨੋਟਿਸ ਲੈਂਦਿਆਂ ਪੂਰੇ ਪੰਜਾਬ ਅੰਦਰ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ।

ਪਿਛਲੇ ਦਿਨੀਂ ਚਰਚਾ ਵਿੱਚ ਚੱਲ ਰਹੇ ਗਾਇਕ ਵੱਲੋਂ ਆਪਣੇ ਗੀਤ ਦੀ ਸ਼ੂਟਿੰਗ ਦੌਰਾਨ ਜਿੱਥੇ ਤਾਲਾਬੰਦੀ ਦੌਰਾਨ ਹਥਿਆਰਾਂ ਦੀ ਨੁਮਾਇਸ਼ ਕਰਕੇ ਨੌਜਵਾਨ ਪੀੜ੍ਹੀ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਹੀ ਹੁਣ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਜਾਣੇ ਜਾਂਦੇ ਪੱਤਰਕਾਰ ਭਾਈਚਾਰੇ ਨੂੰ ਧਮਕੀਆਂ ਦੇਣਾ, ਇਹ ਦਰਸਾਉਂਦਾ ਹੈ ਕਿ ਇਸ ਗਾਇਕ ਪਿੱਛੇ ਕਿਸੇ ਵੱਡੇ ਰਾਜਨੀਤਕ ਆਗੂ ਦਾ ਹੱਥ ਹੈ, ਜਿਸ ਕਰਕੇ ਮੂਸੇਵਾਲੇ ਖ਼ਿਲਾਫ਼ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਕਲੱਬ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਮੰਗ ਪੱਤਰ ਰਾਹੀਂ ਪੁਰਜ਼ੋਰ ਮੰਗ ਕੀਤੀ ਕਿ ਸਿੱਧੂ ਮੂਸੇਵਾਲਾ ਵਿਰੁੱਧ ਤੁਰੰਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਗਾਇਕ ਅਜਿਹੀ ਗਲਤੀ ਕਰਨ ਦੀ ਜੁਰੱਅਤ ਨਾ ਕਰ ਸਕੇ। ਇਸ ਮੌਕੇ ਪ੍ਰਧਾਨ ਦੇਵਿੰਦਰ ਸਿੰਘ ਜੱਗੀ, ਜਸਪ੍ਰੀਤ ਸਿੰਘ ਬੈਨੀਪਾਲ, ਹਰਵਿੰਦਰ ਸਿੰਘ ਚੀਮਾ, ਜੋਗਿੰਦਰ ਸਿੰਘ ਆਜ਼ਾਦ, ਸੁਖਵੰਤ ਸਿੰਘ ਸ਼ਾਹਪੁਰ, ਰਾਜਿੰਦਰ ਸਿੰਘ ਪਾਇਲ, ਅਵਤਾਰ ਸਿੰਘ ਜੰਟੀ ਮਾਨ, ਰਣਧੀਰ ਸਿੰਘ ਧੀਰਾ, ਮਾ.ਬਿੱਟੂ ਘੁਡਾਣੀ, ਨਰਿੰਦਰ ਸਿੰਘ ਸ਼ਾਹਪੁਰ, ਅਜਮੇਰ ਸਿੰਘ ਦੀਵਾ, ਜਗਜੀਤ ਸਿੰਘ ਜੱਗੀ ਹਾਜ਼ਰ ਸਨ।

Previous articleਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦੇਣ ਦੀ ਮੰਗ
Next articleਫਾਰਮੇਸੀ ਅਧਿਕਾਰੀਆਂ ਵੱਲੋਂ ਪੱਕੇ ਕਰਨ ਦੀ ਮੰਗ ਸਬੰਧੀ ਧਰਨਾ