ਪਟਿਆਲਾ (ਸਮਾਜਵੀਕਲੀ): ਪੰਜਾਬੀ ਯੂਨੀਵਰਸਿਟੀ ’ਚ ਅਧਿਆਪਕਾਂ ਦੀ ਜਥੇਬੰਦੀ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਵੱਲੋਂ ਸੰਘਰਸ਼ ਦਾ ਰੁਖ਼ ਵਾਈਸ ਚਾਂਸਲਰ ਦੀ ਯੂਨੀਵਰਸਿਟੀ ਸਥਿਤ ਸਰਕਾਰੀ ਰਿਹਾਇਸ਼ ਵੱਲ ਮੋੜਿਆ ਹੋਇਆ ਹੈ। ਅੱਜ ਵੀ ਅਧਿਆਪਕਾਂ ਵਾਈਸ ਚਾਂਸਲਰ ਦੇ ਘਰ ਅੱਗੇ ਰੋਸ ਧਰਨਾ ਦੇਣ ਮਗਰੋਂ ਯੂਨੀਵਰਸਿਟੀ ਕੈਂਪਸ ’ਚ ਰੋਸ ਮਾਰਚ ਕੀਤਾ।
ਪੂਟਾ ਦਾ ਗਿਲਾ ਹੈ ਕਿ ਵਾਈਸ ਚਾਂਸਲਰ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਨੂੰ ਅਣਸੁਣਿਆ ਕੀਤਾ ਜਾ ਰਿਹਾ ਹੈ ਤੇ ਦਫ਼ਤਰ ’ਚੋਂ ਅਲੱਗ ਰਹਿਕੇ ਯੂਨੀਵਰਸਿਟੀ ਲਾਵਾਰਸ ਛੱਡਿਆ ਹੋਇਆ ਹੈ। ਅੱਜ ਦੂਜੇ ਦਿਨ ਪੂਟਾ ਦੇ ਨੁਮਾਇੰਦਿਆਂ ਰੋਸ ਧਰਨੇ ਦਾ ਰੁਖ ਵਾਈਸ ਚਾਂਸਲਰ ਦੇ ਘਰ ਵੱਲ ਮੋੜੀ ਰੱਖਿਆ,ਜਿਥੇ ਅਧਿਆਪਕ ਵੀਸੀ ਹਾਊਸ ਵੱਲ ਗਏ ਤੇ ਧਰਨੇ ਮਗਰੋਂ ਰੋਸ ਮਾਰਚ ਕੀਤਾ।
ਧਰਨੇ ਦੌਰਾਨ ਪੂਟਾ ਪ੍ਰਧਾਨ ਜਸਵਿੰਦਰ ਸਿੰਘ ਬਰਾੜ, ਪੂਟਾ ਸਕੱਤਰ ਗੁਰਨਾਮ ਵਿਰਕ ਨੇ ਸੰਬੋਧਨ ਕੀਤਾ ਤੇ ਕਿਹਾ ਕਿ ਕਿ ਅਧਿਆਪਕਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਕਰਨੀਆਂ ਚਾਹੀਦੀ ਹਨ। ਪੰਜਾਬ ਸਰਕਾਰ ਅਤੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ ਵਿੱਤੀ ਪੈਕੇਜ ਦਿੱਤਾ ਜਾਵੇ। ਮੈਂਬਰ ਪਾਰਲੀਮੈਂਟ ਪਰਨੀਤ ਕੌਰ ਨੂੰ ਵੀ ਅਪੀਲ ਕੀਤੀ ਕਿ ਯੂਨੀਵਰਸਿਟੀ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ ਲਈ ਦਖਲ ਦੇਣ।