ਵਾਸ਼ਿੰਗਟਨ (ਸਮਾਜਵੀਕਲੀ): ਪੁਲੀਸ ਹਿਰਾਸਤ ਵਿਚ ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਮੌਤ ਖ਼ਿਲਾਫ਼ ਸ਼ਾਂਤੀਪੂਰਨ ਮੁਜ਼ਾਹਰੇ ਅਮਰੀਕਾ ਸਣੇ ਪੂਰੀ ਦੁਨੀਆ ਵਿਚ ਜਾਰੀ ਹਨ। ਹਫ਼ਤਾ ਪਹਿਲਾਂ ਸ਼ੁਰੂ ਹੋਏ ਹਿੰਸਕ ਰੋਸ ਮੁਜ਼ਾਹਰੇ ਹੁਣ ਸ਼ਾਂਤੀਪੂਰਨ ਪ੍ਰਦਰਸ਼ਨਾਂ ਵਿਚ ਤਬਦੀਲ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਨੈਸ਼ਨਲ ਗਾਰਡਜ਼ ਨੂੰ ਰਾਜਧਾਨੀ ਵਾਸ਼ਿੰਗਟਨ ਵਿਚੋਂ ਹਟਣ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਥਿਤੀ ਹੁਣ ‘ਬਿਲਕੁਲ ਕਾਬੂ’ ਹੇਠ ਹੈ।
ਹਜ਼ਾਰਾਂ ਲੋਕਾਂ ਨੇ ਪੂਰਬੀ ਤੇ ਪੱਛਮੀ ਕੋਸਟ ਦੇ ਇਲਾਕਿਆਂ ਵਿਚ ਮੁਜ਼ਾਹਰੇ ਕੀਤੇ ਅਤੇ ਉੱਤਰੀ ਕੈਰੋਲੀਨਾ ਵਿਚ ਵੱਡਾ ਇਕੱਠ ਹੋਇਆ। ਬਹੁਤੇ ਸ਼ਹਿਰਾਂ ਵਿਚ ਲਾਇਆ ਗਿਆ ਕਰਫ਼ਿਊ ਹੁਣ ਹਟਾ ਲਿਆ ਗਿਆ ਹੈ ਤੇ ਗ੍ਰਿਫ਼ਤਾਰੀਆਂ ਵੀ ਜ਼ਿਆਦਾ ਨਹੀਂ ਕੀਤੀਆਂ ਜਾ ਰਹੀਆਂ। ਰੋਸ ਮੁਜ਼ਾਹਰੇ ਹੋਰਨਾਂ ਮਹਾਦੀਪਾਂ ਵਿਚ ਵੀ ਹੋ ਰਹੇ ਹਨ। ਯੂਕੇ ਤੇ ਫਰਾਂਸ ਵਿਚ ਵੀ ਰੋਸ ਮੁਜ਼ਾਹਰੇ ਹੋਏ ਹਨ। ਸਿਆਟਲ ਵਿਚ ਪੁਲੀਸ ਨੇ ਲੋਕਾਂ ਨੂੰ ਖਿੰਡਾਉਣ ਲਈ ਮਿਰਚਾਂ ਵਾਲੀ ਸਪਰੇਅ ਤੇ ਫਲੈਸ਼ ਬੈਂਗ ਡਿਵਾਈਸ ਵਰਤੇ।
ਰੋਸ ਪ੍ਰਗਟਾਉਣ ਲਈ ਸਭ ਤੋਂ ਵੱਡਾ ਇਕੱਠ ਵਾਸ਼ਿੰਗਟਨ ਵਿਚ ਹੋਇਆ ਤੇ ਲੋਕਾਂ ਨੇ ਸ਼ਹਿਰ ਦੀਆਂ ਸੜਕਾਂ ਭਰ ਦਿੱਤੀਆਂ। ਲੋਕਾਂ ਨੇ ਕਿਹਾ ਕਿ ਉਹ ਪੁਲੀਸ ਦੀ ਜ਼ਿੰਮੇਵਾਰੀ ਹੋਰ ਵੱਡੇ ਪੱਧਰ ਉਤੇ ਤੈਅ ਕਰਨ ਦੀ ਮੰਗ ਕਰ ਰਹੇ ਹਨ। 37 ਸਾਲਾ ਇਕ ਅਫ਼ਰੀਕੀ-ਅਮਰੀਕੀ ਅਧਿਆਪਕ ਨੇ ਕਿਹਾ ਕਿ ਪੁਲੀਸ ਨੂੰ ਗਲ ਦੁਆਲੇ ਮਜ਼ਬੂਤ ਪਕੜ ਬਣਾ ਕੇ ਸਾਹ ਰੋਕਣ ਤੇ ਬਾਡੀ ਕੈਮਰਾ ਪਾਉਣ ਜਿਹੇ ਹੱਕ ਮਿਲੇ ਹੋਏ ਹਨ। ਇਨ੍ਹਾਂ ਉਤੇ ਰੋਕ ਲੱਗਣੀ ਚਾਹੀਦੀ ਹੈ। ਗੋਲਡਨ ਗੇਟ ਬ੍ਰਿੱਜ, ਬਰੁੱਕਲਿਨ ਬ੍ਰਿੱਜ, ਟੈਨੇਸੀ, ਅਟਲਾਂਟਾ ਵਿਚ ਵੀ ਵੱਖ-ਵੱਖ ਤਰੀਕਿਆਂ ਨਾਲ ਰੋਸ ਪ੍ਰਗਟਾਇਆ ਗਿਆ।