ਲੰਬੀ (ਸਮਾਜਵੀਕਲੀ): ਲੌਕਡਾਊਨ ’ਚ ਢਿੱਲ ਮਗਰੋਂ ਕਰੋਨਾ ਮਹਾਮਾਰੀ ਵੱਡੇ ਸ਼ਹਿਰਾਂ ਤੋਂ ਪਿੰਡਾਂ ’ਚ ਪੁੱਜ ਗਈ ਹੈ। ਅੱਜ ਖੇਤਰ ਦੇ ਪਿੰਡ ਤਰਮਾਲਾ ’ਚ ਇੱਕ 19 ਸਾਲਾ ਲੜਕੀ ਕਰੋਨਾ ਪਾਜ਼ੇਟਿਵ ਆਈ ਹੈ। ਇਹ ਲੜਕੀ ਗੁੜਗਾਓਂ ਵਿੱਚ ਇੱਕ ਕਾਲ ਸੈਂਟਰ ’ਚ ਨੌਕਰੀ ਕਰਦੀ ਹੈ। ਸਿਹਤ ਵਿਭਾਗ ਨੇ 1 ਜੂਨ ਨੂੰ ਸੈਂਪਲ ਲੈ ਕੇ ਉਸਨੂੰ ਘਰ ’ਚ ਏਕਾਂਤਵਾਸ ’ਤੇ ਭੇਜ ਦਿੱਤਾ ਸੀ।
ਅੱਜ ਰਿਪੋਰਟ ਪਾਜ਼ੇਟਿਵ ਆਉਣ ’ਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਤੁਰੰਤ ਭਾਈਕੇਰਾ ਚੌਕੀ ਦੇ ਮੁਖੀ ਵਰੁਣ ਯਾਦਵ ਤੇ ਸਿਹਤ ਅਮਲਾ ਉਸਦੇ ਘਰ ਪੁੱਜਾ। ਲੜਕੀ ਨੂੰ ਕੋਵਿਡ ਹਸਪਤਾਲ ਥੇੜੀ ਦਾਖ਼ਲ ਕਰਵਾਇਆ ਗਿਆ। ਉਸਦੀ ਰਿਹਾਇਸ਼ ਵਾਲੀ ਗਲੀ ਨੂੰ ਭਾਈਕੇਰਾ ਚੌਕੀ ਨੇ ਸੀਲ ਕਰ ਦਿੱਤਾ ਹੈ। ਉਸਦੇ ਪਰਿਵਾਰਕ ਮੈਂਬਰ ਏਕਾਂਤਵਾਸ ’ਤੇ ਭੇਜ ਦਿੱਤੇ ਹਨ।
ਹੁਣ ਉਨ੍ਹਾਂ ਦੇ ਕੋਵਿਡ-19 ਟੈਸਟ ਲਏ ਜਾਣਗੇ। ਪਾਜ਼ੇਟਿਵ ਆਈ 19 ਸਾਲਾ ਲੜਕੀ ਨੇ ਦੱਸਿਆ ਕਿ ਉਹ 29 ਮਈ ਨੂੰ ਸ਼ਾਮ ਸਮੇਂ ਰੋਡਵੇਜ਼ ਦੀ ਬੱਸ ਦੀ ਗੁੜਗਾਓਂ ਤੋਂ ਸਿਰਸਾ ਆਈ ਸੀ। ਜਿੱਥੋਂ ਉਸਦਾ ਭਰਾ ਉਸਨੂੰ ਮੋਟਰਸਾਈਕਲ ’ਤੇ ਪਿੰਡ ਤਰਮਾਲਾ ਲੈ ਕੇ ਆਇਆ ਸੀ। ਘਰ ਪੁੱਜਣ ’ਤੇ ਉਹ ਖੁਦ ਹੀ ਅਹਿਤਿਹਾਤ ਵਜੋਂ ਵੱਖਰੇ ਕਮਰੇ ’ਚ ਏਕਾਂਤਵਾਸ ਹੋ ਗਈ ਸੀ।
ਬਿਮਾਰੀ ਦੇ ਲੱਛਣਾਂ ਬਾਰੇ ਉਸਨੇ ਕਿਹਾ ਕਿ ਖਾਂਸੀ ਜਾਂ ਬੁਖਾਰ ਜਿਹੀ ਦਿੱਕਤ ਮਹਿਸੂਸ ਨਹੀਂ ਹੋ ਰਹੀ। ਸਿਰਫ਼ ਕੋਵਿਡ-19 ਟੈਸਟ ਦੀ ਰਿਪੋਰਟ ਤੋਂ ਪਾਜ਼ੇਟਿਵ ਹੋਣ ਬਾਰੇ ਪਤਾ ਲੱਗਿਆ ਹੈ। ਇਸਤੋਂ ਪਹਿਲਾਂ ਲੰਬੀ ਹਲਕੇ ’ਚ ਮੰਡੀ ਕਿੱਲਿਆਂਵਾਲੀ, ਚੰਨੂ, ਮਾਹਣੀਖੇੜਾ ’ਚ ਕਰੀਬ ਪੌਨੀ ਦਰਜਨ ਕਰੋਨਾ ਪਾਜ਼ੇਟਿਵ ਆ ਚੁੱਕੇ ਹਨ।