ਚੌਥਾ ਦਰਜਾ ਕਰਮਚਾਰੀਆਂ ਨੇ ਪਾਵਰਕੌਮ ਦਫ਼ਤਰਾਂ ਅੱਗੇ ਬਿਜਲੀ ਬਿੱਲ ਫੂਕੇ

ਪਟਿਆਲਾ (ਸਮਾਜਵੀਕਲੀ)– ਪੰਜਾਬ ਵਿਚਲੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਦੇ ਚੌਥਾ ਦਰਜਾ ਕਰਮਚਾਰੀਆਂ, ਕੰਟਰੈਕਟ, ਆਊਟ ਸੋਰਸ, ਡੇਲੀਵੇਜਿਜ਼ ਅਤੇ ਪਾਰਟਟਾਈਮ ਕਰਮੀਆਂ ਵੱਲੋਂ ‘ਮੰਗ ਹਫ਼ਤੇ’ ਦੀ ਕੜੀ ਤਹਿਤ ‘ਦਿ ਕਲਾਸ ਫੋਰਥ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ’ ਦੇ ਬੈਨਰ ਹੇਠ ਪਾਵਰਕੌਮ ਤੇ ਟਰਾਂਸਕੋ ਦਫ਼ਤਰਾਂ ਅੱਗੇ ਗੇਟ ਰੈਲੀਆਂ ਕਰਕੇ ਖ਼ਪਤਕਾਰਾਂ ਨੂੰ ਭੇਜੇ ਗਏ ਬਿਜਲੀ ਦੇ ਵੱਡੇ ਬਿੱਲਾਂ ਨੂੰ ਫੂਕਿਆ ਗਿਆ ਅਤੇ ਬਿਜਲੀ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ।

ਪਟਿਆਲਾ ਵਿਚਲੇ ਚੌਥਾ ਦਰਜਾ ਕਰਮਚਾਰੀ ਸਵੇਰੇ ਬਾਰ੍ਹਾਂਦਰੀ ਬਾਗ ਵਿੱਚ ਇਕੱਤਰ ਹੋਏ, ਜਿੱਥੇ ਉਨ੍ਹਾਂ ਪੰਜਾਬ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਇੱਥੋਂ ਮਾਰਚ ਕਰਕੇ ਪਾਵਰਕੌਮ ਦੇ ਮੁੱਖ ਦਫਤਰ ਅੱਗੇ ਪਹੁੰਚ ਕੇ ਪਿੱਟ ਸਿਆਪਾ ਕੀਤਾ। ਉਨ੍ਹਾਂ ਬਿਜਲੀ ਬਿੱਲਾਂ ਦੀਆਂ ਫੋਟੋਕਾਪੀਆਂ ਫੂਕੀਆਂ ਅਤੇ ਮੰਗ ਕੀਤੀ ਇਨ੍ਹਾਂ ਭਾਰੀ ਬਿੱਲਾਂ ਵਿੱਚ ਛੋਟਾਂ ਦਿੱਤੀਆਂ ਜਾਣ ਤੇ ਕਿਸ਼ਤਾਂ ਵਿੱਚ ਭਰਵਾਏ ਜਾਣ। ਇਸ ਮੌਕੇ ਮੁੱਖ ਮੰਤਰੀ ਤੇ ਚੇਅਰਮੈਨ ਪਾਵਰਕੌਮ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਗਿਆ।

ਇਹ ਰੋਸ ਪ੍ਰੋਗਰਾਮ ਮੁਲਾਜ਼ਮਾਂ ਦੇ ਪ੍ਰਮੁੱਖ ਆਗੂਆਂ ਚੇਅਰਮੈਨ ਸੱਜਣ ਸਿੰਘ, ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਤੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਪਾਲ ਉਗੀ ਦੀ ਅਗਵਾਈ ਹੇਠ ਕੀਤੇ ਗਏ। ਬਿਜਲੀ ਮੁਲਾਜ਼ਮਾਂ ਦੇ ਸੰਘਰਸ਼ਾਂ ਦੀ ਹਮਾਇਤ ਕਰਦੇ ਹੋਏ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ ਯੂਨੀਅਨ ਬਿਜਲੀ ਮੁਲਾਜ਼ਮਾਂ ਨਾਲ ਖੜ੍ਹੀ ਹੈ।

Previous articleਵੱਡੇ ਸ਼ਹਿਰਾਂ ਤੋਂ ਪਿੰਡਾਂ ’ਚ ਪੁੱਜੀ ਕਰੋਨਾ ਮਹਾਮਾਰੀ
Next article‘ਆਪ’ ਵਿੱਚ ਸ਼ਾਮਲ ਹੋ ਸਕਦੇ ਨੇ ਨਵਜੋਤ ਸਿੱਧੂ