-
ਸ਼ਿਕਾਗੋ ’ਚ ਦੋ ਮੌਤਾਂ ਤੇ ਪੰਜ ਪੁਲੀਸ ਕਰਮੀਆਂ ਨੂੰ ਲੱਗੀ ਗੋਲੀ
-
ਕਈ ਥਾਈਂ ਹਿੰਸਾ ਤੇ ਲੁੱਟ-ਖੋਹ
-
ਨਿਊ ਯਾਰਕ ਸਿਟੀ ’ਚ ਵੀ ਕਰਫ਼ਿਊ ਲਾਗੂ
ਸ਼ਿਕਾਗੋ (ਸਮਾਜਵੀਕਲੀ): ਅਫ਼ਰੀਕੀ-ਅਮਰੀਕੀ ਜੌਰਜ ਫਲਾਇਡ ਦੀ ਮੌਤ ਖ਼ਿਲਾਫ਼ ਅਮਰੀਕਾ ਵਿਚ ਰੋਸ ਮੁਜ਼ਾਹਰੇ ਜਾਰੀ ਹਨ ਤੇ ਇਸ ਦੌਰਾਨ ਸ਼ਿਕਾਗੋ ਦੇ ਉਪ ਨਗਰੀ ਖੇਤਰ ਸਿਜ਼ੇਰੋ ਵਿਚ ਦੋ ਮੌਤਾਂ ਵੀ ਹੋ ਗਈਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਸੂਬੇ ਹਿੰਸਕ ਮੁਜ਼ਾਹਰਿਆਂ ਨੂੰ ਰੋਕਣ ਵਿਚ ਅਸਫ਼ਲ ਰਹੇ ਤਾਂ ਉਹ ਫ਼ੌਜ ਤਾਇਨਾਤ ਕਰਨ ਵਿਚ ਗੁਰੇਜ਼ ਨਹੀਂ ਕਰਨਗੇ। ਟਰੰਪ ਦੀ ਚਿਤਾਵਨੀ ਮਗਰੋਂ ਹੋਏ ਹਿੰਸਕ ਮੁਜ਼ਾਹਰਿਆਂ ਵਿਚ ਹੁਣ ਤੱਕ ਕਰੀਬ ਪੰਜ ਪੁਲੀਸ ਕਰਮੀਆਂ ਨੂੰ ਗੋਲੀ ਲੱਗ ਚੁੱਕੀ ਹੈ।
ਸ਼ਿਕਾਗੋ ਦੇ ਅਧਿਕਾਰੀਆਂ ਮੁਤਾਬਕ ਸੋਮਵਾਰ 60 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਪਰ ਉਨ੍ਹਾਂ ਮੌਤਾਂ ਪਿਛਲੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਲੀਨੌਇ ਤੇ ਲਾਸ ਏਂਜਲਸ ਪੁਲੀਸ ਅਤੇ ਕੁੱਕ ਕਾਊਂਟੀ ਸ਼ੈਰਿਫ਼ ਦਫ਼ਤਰ ਨੂੰ ਦੁਕਾਨਾਂ ਦੀ ਤੋੜ-ਭੰਨ੍ਹ ਤੇ ਲੁੱਟਮਾਰ ਸਬੰਧੀ ਸ਼ਿਕਾਇਤਾਂ ਮਿਲੀਆਂ ਹਨ।
ਰਾਸ਼ਟਰਪਤੀ ਟਰੰਪ ਨੇ ਵਾਈਟ ਹਾਊਸ ਵਿਚ ਕਿਹਾ ਕਿ ਉਹ ਦੰਗਿਆਂ, ਲੁੱਟਮਾਰ, ਸੰਪਤੀ ਦੇ ਨੁਕਸਾਨ ਨੂੰ ਰੋਕਣ ਲਈ ਹਥਿਆਰਬੰਦ ਫ਼ੌਜ ਦੀ ਵਰਤੋਂ ਕਰ ਸਕਦੇ ਹਨ। ਟਰੰਪ ਨੇ ਕਿਹਾ ਕਿ ਉਹ ਹਰੇਕ ਸੂਬੇ ਦੇ ਗਵਰਨਰ ਨੂੰ ਲੋੜੀਂਦੀ ਗਿਣਤੀ ਵਿਚ ਨੈਸ਼ਨਲ ਗਾਰਡਜ਼ ਤਾਇਨਾਤ ਕਰਨ ਦੀ ਸਿਫਾਰਿਸ਼ ਕਰਦੇ ਹਨ ਤੇ ਜੇ ਸ਼ਹਿਰ ਜਾਂ ਸੂਬੇ ਬਣਦੀ ਕਾਰਵਾਈ ਕਰਨ ਤੋਂ ਮੁੱਕਰਦੇ ਹਨ ਤਾਂ ਉਹ ਅਮਰੀਕੀ ਫ਼ੌਜ ਨੂੰ ਹਿੰਸਾ ਰੋਕਣ ਦਾ ਹੁਕਮ ਦੇਣਗੇ।
ਉਨ੍ਹਾਂ ਨਾਲ ਹੀ ਕਿਹਾ ਕਿ ਫਲਾਇਡ ਦੀ ਮੌਤ ਨਾਲ ਸਾਰੇ ਅਮਰੀਕੀ ਬੇਹੱਦ ਖਫ਼ਾ ਹਨ ਤੇ ਨਿਆਂ ਕੀਤਾ ਜਾਵੇਗਾ। ਵਾਸ਼ਿੰਗਟਨ ਸਥਿਤ ਇਤਿਹਾਸਕ ਗਿਰਜਾ ਘਰ ਸੇਂਟ ਜੌਹਨ ਚਰਚ ਦਾ ਵੀ ਕੁਝ ਹਿੱਸਾ ਹਿੰਸਕ ਮੁਜ਼ਾਹਰਾਕਾਰੀਆਂ ਨੇ ਅੱਗ ਲਾ ਕੇ ਸਾੜ ਦਿੱਤਾ। ਰਾਸ਼ਟਰਪਤੀ ਟਰੰਪ ਨੇ ਅੱਜ ਇਸ ਗਿਰਜਾ ਘਰ ਦਾ ਦੌਰਾ ਕੀਤਾ। ਉਨ੍ਹਾਂ ਹੱਥ ਵਿਚ ਬਾਈਬਲ ਫੜੀ ਹੋਈ ਸੀ। 150 ਤੋਂ ਵੱਧ ਸ਼ਹਿਰਾਂ ਵਿਚ ਕਰਫ਼ਿਊ ਦੇ ਬਾਵਜੂਦ ਲੋਕ ਰੋਸ ਪ੍ਰਗਟਾਉਣ ਲਈ ਆ ਰਹੇ ਹਨ। ਹਿਊਸਟਨ ’ਚ ਅੱਜ ਕੀਤੇ ਗਏ ਰੋਸ ਮੁਜ਼ਾਹਰੇ ਵਿਚ ਵੀ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ।