ਨਵੀਂ ਦਿੱਲੀ (ਸਮਾਜ ਵੀਕਲੀ): ਕੁਝ ਦੇਸ਼ਾਂ ਵਿੱਚ ਵਧ ਰਹੇ ਕਰੋਨਾਵਾਇਰਸ ਮਹਾਮਾਰੀ ਦੇ ਕੇਸਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਦੇਸ਼ ਵਿੱਚ ਕਿਸੇ ਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਅੱਜ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਤਰਲ ਮੈਡੀਕਲ ਆਕਸੀਜਨ, ਸਿਲੰਡਰਾਂ ਦਾ ਢੁੱਕਵਾਂ ਭੰਡਾਰ ਅਤੇ ਜੀਵਨ ਰੱਖਿਅਕ ਪ੍ਰਣਾਲੀ ਜਿਵੇਂ ਕਿ ਵੈਂਟੀਲੇਟਰ ਆਦਿ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਸਿਹਤ ਮੰਤਰਾਲੇ ਨੇ ਸੂਬਿਆਂ ਤੇ ਯੂਟੀਜ਼ ਨੂੰ ਆਕਸੀਜਨ ਬਣਾਉਣ ਵਾਲੇ ਪੀਐੱਸਏ ਪਲਾਂਟਾਂ ਨੂੰ ਕਾਰਜਸ਼ੀਲ ਰੱਖਣ ਅਤੇ ਇਨ੍ਹਾਂ ਨੂੰ ਚੈੱਕ ਕਰਨ ਲਈ ਨਿਯਮਤ ਤੌਰ ’ਤੇ ਮੌਕ ਡਰਿੱਲਾਂ ਕਰਨ ਲਈ ਵੀ ਕਿਹਾ ਗਿਆ ਹੈ। ਸੂਬਿਆਂ ਤੇ ਯੂਟੀਜ਼ ਨੂੰ ਲਿਖੇ ਇਕ ਪੱਤਰ ਵਿੱਚ ਸਿਹਤ ਮੰਤਰਾਲੇ ਦੇ ਵਧੀਕ ਸਕੱਤਰ ਮਨੋਹਰ ਅਗਾਨੀ ਨੇ ਕਿਹਾ ਕਿ ਕਿਸੇ ਵੀ ਚੁਣੌਤੀ ਨਾਲ ਨਿਪਟਣ ਲਈ ਇਸ ਮੈਡੀਕਲ ਢਾਂਚੇ ਦੀ ਕਾਰਜਸ਼ੀਲਤਾ ਤੇ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ।