ਪੰਜ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕੋਵਿਡ ਦਾ ਟੈਸਟ ਜ਼ਰੂਰੀ

ਨਵੀਂ ਦਿੱਲੀ (ਸਮਾਜ ਵੀਕਲੀ):  ਕੇਂਦਰੀ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਅੱਜ ਕਿਹਾ ਕਿ ਚੀਨ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਵਿੱਚ ਕੋਵਿਡ-19 ਦਾ ਪਤਾ ਲਗਾਉਣ ਲਈ ਉਨ੍ਹਾਂ ਦਾ ਆਰਟੀ-ਪੀਸੀਆਰ ਟੈਸਟ ਜ਼ਰੂਰੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਲਕਾਂ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦੀ ਹਵਾਈ ਅੱਡਿਆਂ ’ਤੇ ਥਰਮਲ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਯਾਤਰੀਆਂ ’ਚ ਕੋਵਿਡ-19 ਦੇ ਲੱਛਣ ਜਾਂ ਬੁਖਾਰ ਪਾਇਆ ਗਿਆ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾਵੇਗਾ। ਉਹ ਕੌਮੀ ਫਾਰਮਾਸਿਊਟਿਕਲ ਸਿੱਖਿਆ ਤੇ ਖੋਜ ਸੰਸਥਾ (ਨਾਈਪਰ) ਦੇ ਡਿਗਰੀ ਵੰਡ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਮਾਂਡਵੀਆ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ ਸਿਹਤ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ‘ਏਅਰ ਸੁਵਿਧਾ’ ਫਾਰਮ ਭਰਨਾ ਜ਼ਰੂਰੀ ਹੋਵੇਗਾ। ਮੰਤਰੀ ਨੇ ਕਿਹਾ, ‘‘ਕੋਵਿਡ-19 ਮਹਾਮਾਰੀ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਚੀਨ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਬੈਂਕਾਕ (ਥਾਈਲੈਂਡ) ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਐਡਵਾਂਸ ਵਿੱਚ ਉਨ੍ਹਾਂ ਦੀਆਂ ਆਰਟੀ-ਪੀਸੀਆਰ ਦੀਆਂ ਰਿਪੋਰਟਾਂ ਅਪਲੋਡ ਲੋਕਾਂ ਵਿਚ ਗਲਤ ਪਛਾਣ ਬਣਾਉਣ ਕਰਨੀਆਂ ਹੋਣਗੀਆਂ। ਭਾਰਤ ਪਹੁੰਚਣ ’ਤੇ ਉਨ੍ਹਾਂ ਦੀ ਥਰਮਲ ਜਾਂਚ ਹੋਵੇਗੀ ਤੇ ਜੇਕਰ ਉਨ੍ਹਾਂ ਵਿੱਚ ਕਰੋਨਾ ਦੇ ਲੱਛਣ ਜਾਂ ਬੁਖਾਰ ਪਾਇਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਇਕਾਂਤਵਾਸ ਕੀਤਾ ਜਾਵੇਗਾ।’’ ਅੱਜ ਸਾਰੇ ਹਵਾਈ ਅੱਡਿਆਂ ’ਤੇ ਕੌਮਾਂਤਰੀ ਯਾਤਰੀਆਂ ਦੀ ਕਰੋਨ ਸਬੰਧੀ ਰੈਂਡਮ ਚੈਕਿੰਗ ਸ਼ੁਰੂ ਹੋ ਗਈ। ਦੇਸ਼ ਵਿੱਚ ਲਾਗ ਨੂੰ ਵਧਣ ਤੋਂ ਰੋਕਣ ਲਈ ਹਵਾਈ ਅੱਡਾ ਅਥਾਰਿਟੀ ਨੇ ਸਖ਼ਤ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਦਿੱਲੀ, ਮੁੰਬਈ, ਹੈਦਰਾਬਾਦ, ਬੰਗਲੌਰ, ਚੇਨੱਈ, ਅਹਿਮਦਾਬਾਦ, ਪੁਣੇ, ਇੰਦੌਰ ਅਤੇ ਗੋਆ ਸਣੇ ਵੱਖ-ਵੱਖ ਹਵਾਈ ਅੱਡਿਆਂ ’ਤੇ ਯਾਤਰੀਆਂ ਦੀ ਕੋਵਿਡ ਸਬੰਧੀ ਰੈਂਡਮ ਜਾਂਚ ਕੀਤੀ ਗਈ। ਇਸੇ ਦੌਰਾਨ ਕੇਂਦਰ ਨੇ ਸੂਬਿਆਂ ਨੂੰ 27 ਦਸੰਬਰ ਨੂੰ ਕੋਵਿਡ ਸਬੰਧੀ ਮੌਕ ਡਰਿੱਲਾਂ ਕਰਨ ਤੇ ਉਨ੍ਹਾਂ ਦੀ ਰਿਪੋਰਟ ਭੇਜਣ ਲਈ ਕਿਹਾ ਹੈ। 

 

Previous articleਲੋਕ ਨਸ਼ੇੜੀਆਂ ਨਾਲ ਆਪਣੀਆਂ ਧੀਆਂ-ਭੈਣਾਂ ਦਾ ਵਿਆਹ ਨਾ ਕਰਨ, ਨਸ਼ੇੜੀ ਅਫ਼ਸਰ ਨਾਲੋਂ ਮਜ਼ਦੂਰ ਚੰਗਾ ਲਾੜਾ ਸਾਬਤ ਹੋਵੇਗਾ: ਕੇਂਦਰੀ ਮੰਤਰੀ
Next articleਕੇਂਦਰ ਵੱਲੋਂ ਸੂਬਿਆਂ ਨੂੰ ਆਕਸੀਜਨ ਤੇ ਜੀਵਨ ਰੱਖਿਅਕ ਪ੍ਰਣਾਲੀ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਹਦਾਇਤ