ਨਵੀਂ ਦਿੱਲੀ (ਸਮਾਜਵੀਕਲੀ): ਅਨਲਾਕ-1 ਪਿੱਛੋਂ ਯੁੂਨੀਵਰਸਿਟੀਆਂ ‘ਚ ਹੁਣ ਪਹਿਲੀ ਜੁਲਾਈ ਤੋਂ ਪਹਿਲਾਂ ਹੀ ਪ੍ਰੀਖਿਆਵਾਂ ਕਰਵਾਉਣ ਨੂੰ ਲੈ ਕੇ ਹਲਚਲ ਹੋ ਗਈ ਹੈ। ਯੂਜੀਸੀ ਨੇ ਫਿਲਹਾਲ ਇਸ ਨੂੰ ਲੈ ਕੇ ਯੂਨੀਵਰਸਿਟੀਆਂ ਨੂੰ ‘ਫ੍ਰੀ-ਹੈਂਡ’ ਦੇ ਦਿੱਤਾ ਹੈ। ਯਾਨੀ ਹੁਣ ਉਹ ਕੋਵਿਡ-19 ਦੀ ਇਨਫੈਕਸ਼ਨ ਦੇ ਸਥਾਨਕ ਹਾਲਾਤ ਦੇ ਮੱਦੇਨਜ਼ਰ ਆਪਣੇ ਪੱਧਰ ‘ਤੇ ਪ੍ਰੀਖਿਆਵਾਂ ਕਰਵਾਉਣ ਦੀ ਯੋਜਨਾ ਤਿਆਰ ਕਰ ਸਕਣਗੇ। ਇਹ ਪਹਿਲੀ ਜੁਲਾਈ ਤੋਂ ਪਹਿਲਾਂ ਵੀ ਹੋ ਸਕਦਾ ਹੈ। ਇਸ ਤੋਂ ਪਹਿਲਾਂ ਯੂਜੀਸੀ ਨੇ ਯੂਨੀਵਰਸਿਟੀਆਂ ਨੂੰ ਲੈ ਕੇ ਜਾਰੀ ਕੀਤੇ ਗਏ ਅਕਾਦਮਿਕ ਕੈਲੰਡਰ ‘ਚ ਜੁਲਾਈ ਵਿਚ ਪ੍ਰੀਖਿਆਵਾਂ ਕਰਵਾਉਣ ਦਾ ਸੁਝਾਅ ਦਿੱਤਾ ਸੀ।
ਇਸ ਵਿਚ ਸਭ ਤੋਂ ਪਹਿਲਾਂ ਆਖਰੀ ਸਾਲ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਕਿਹਾ ਗਿਆ ਸੀ ਜੋ ਪਹਿਲੀ ਤੋਂ 15 ਜੁਲਾਈ ਦੌਰਾਨ ਹੋਣੀਆਂ ਸਨ। ਇਸ ਤੋਂ ਬਾਅਦ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਕਰਵਾਉਣ ਲਈ ਕਿਹਾ ਗਿਆ ਸੀ। ਇਨ੍ਹਾਂ ਨੂੰ 15 ਤੋਂ 30 ਜੁਲਾਈ ਦਰਮਿਆਨ ਕਰਵਾਇਆ ਜਾਣਾ ਸੀ। ਇਸ ਦਰਮਿਆਨ ਲਾਕਡਾਊਨ-5 ਤੇ ਅਨਲਾਕ-ਇਕ ਦੇ ਸ਼ੁਰੂ ਹੁੰਦਿਆਂ ਹੀ ਹਾਲਾਤ ਕਾਫ਼ੀ ਬਦਲ ਗਏ ਹਨ।
ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਗੁਜਰਾਤ ਸਮੇਤ ਕਈ ਸੂਬਿਆਂ ਵਿਚ ਯੂਨੀਵਰਸਿਟੀਆਂ ਨੇ ਜੂਨ ਤੋਂ ਹੀ ਪ੍ਰੀਖਿਆਵਾਂ ਕਰਵਾਉਣ ਦੀ ਯੋਜਨਾ ਯੂਜੀਸੀ ਤੇ ਸੂਬਾ ਸਰਕਾਰ ਨੂੰ ਦਿੱਤੀ ਹੈ। ਹਾਲਾਂਕਿ ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਇਸ ਮੁੱਦੇ ‘ਤੇ ਸੂਬਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੀ ਸਲਾਹ ਨਾਲ ਹੀ ਕੋਈ ਫ਼ੈਸਲਾ ਕਰਨ ਲਈ ਕਿਹਾ ਹੈ।
ਯੂਜੀਸੀ ਦੇ ਚੇਅਰਮੈਨ ਡਾ. ਡੀਪੀ ਸਿੰਘ ਮੁਤਾਬਕ ਜੋ ਅਕਾਦਮਿਕ ਕੈਲੰਡਰ ਜਾਰੀ ਕੀਤਾ ਗਿਆ ਸੀ ਉਹ ਤੱਤਕਾਲਿਕ ਹਾਲਾਤ ਦੇ ਮੁਲਾਂਕਣ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਸੀ। ਨਾਲ ਹੀ ਇਨ੍ਹਾਂ ਵਿਚ ਜੋ ਵੀ ਕਿਹਾ ਗਿਆ ਸੀ ਉਹ ਇਕ ਸੁਝਾਅ ਸੀ। ਹੁਣ ਜਦੋਂ ਅਨਲਾਕ-1 ਪਿੱਛੋਂ ਸਾਰੀਆਂ ਸਰਗਰਮੀਆਂ ਇੱਕੋ ਵੇਲੇ ਸ਼ੁਰੂ ਹੋ ਗਈਆਂ ਹਨ ਤਾਂ ਪ੍ਰੀਖਿਆਵਾਂ ਵੀ ਹੋ ਸਕਦੀਆਂ ਹਨ। ਫਿਲਹਾਲ ਸਾਰਿਆਂ ਨੂੰ ਸਥਾਨਕ ਹਾਲਾਤ ਦੇ ਆਧਾਰ ‘ਤੇ ਫ਼ੈਸਲਾ ਲੈਣ ਲਈ ਕਿਹਾ ਗਿਆ ਹੈ। ਨਾਲ ਹੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਰੱਖਣ ਲਈ ਵੀ ਕਿਹਾ ਗਿਆ ਹੈ।