ਲੁਧਿਆਣਾ (ਸਮਾਜਵੀਕਲੀ): ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਦਾ ਅੱਜ ਉਸ ਸਮੇਂ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਦੋਂ ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਪੈਂਦੇ ਇੱਕ ਪ੍ਰਾਈਵੇਟ ਸਕੂਲ ਸਾਹਮਣੇ ਮਾਪਿਆਂ ਨੇ ਰੋਸ ਪ੍ਰਦਰਸ਼ਨ ਕੀਤਾ। ਇਨ੍ਹਾਂ ਮਾਪਿਆਂ ਦਾ ਕਹਿਣਾ ਸੀ ਕਿ ਸਕੂਲ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਦੱਸੇ ਬਿਨਾਂ ਉਨ੍ਹਾਂ ਦੇ ਬੱਚਿਆਂ ਨੂੰ ਬੀਰਮੀ ਪਿੰਡ ਦੇ ਸਕੂਲ ਵਿੱਚੋਂ ਸਬੰਧਤ ਸਕੂਲ ਵਿੱਚ ਸ਼ਿਫਟ ਕਰ ਦਿੱਤਾ ਹੈ।
ਰੋਸ ਪ੍ਰਦਰਸ਼ਨ ਕਰਨ ਵਾਲੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਪਿਛਲੇ ਕਈ ਸਾਲਾਂ ਤੋਂ ਗੁਰੂ ਨਾਨਕ ਪਬਲਿਕ ਸਕੂਲ ਬੀਰਮੀ ਵਿੱਚ ਪੜ੍ਹਦੇ ਆ ਰਹੇ ਹਨ ਅਤੇ ਹੁਣ ਪ੍ਰਬੰਧਕਾਂ ਵੱਲੋਂ 400 ਦੇ ਕਰੀਬ ਬੱਚਿਆਂ ਨੂੰ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਪੈਂਦੇ ਸਕੂਲ ਵਿੱਚ ਸ਼ਿਫਟ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਬੱਚਿਆਂ ਲਈ ਸਕੂਲ ਤੋਂ ਕਿਤਾਬਾਂ ਅਤੇ ਵਰਦੀਆਂ ਤੱਕ ਖਰੀਦ ਚੁੱਕੇ ਹਨ।
ਜੇਕਰ ਬੱਚਿਆਂ ਨੂੰ ਇੱਥੇ ਸ਼ਿਫਟ ਕਰਨਾ ਸੀ ਤਾਂ ਦਾਖਲਿਆਂ ਤੋਂ ਪਹਿਲਾਂ ਮਾਪਿਆਂ ਨੂੰ ਜ਼ਰੂਰ ਦੱਸਿਆ ਜਾਣਾ ਚਾਹੀਦਾ ਸੀ। ਹੁਣ ਬੱਚਿਆਂ ਨੂੰ 2-3 ਕਿਲੋਮੀਟਰ ਦੀ ਥਾਂ 15 ਤੋਂ 20 ਕਿਲੋਮੀਟਰ ਦੂਰ ਪੜ੍ਹਨ ਆਉਣਾ ਪਵੇਗਾ। ਮਾਪਿਆਂ ਨੇ ਇਹ ਵੀ ਦੋਸ਼ ਲਾਇਆ ਕਿ ਪਿਛਲੇ ਦੋ ਕੁ ਸਾਲਾਂ ਤੋਂ ਬੱਸਾਂ ਦਾ ਕਿਰਾਇਆ ਇਹ ਆਖ ਕਿ ਵਧਾਇਆ ਜਾਂਦਾ ਰਿਹਾ ਹੈ ਕਿ ਟ੍ਰਾਂਸਪੋਰਟ ਨੂੰ ਘਾਟਾ ਪੈ ਰਿਹਾ ਹੈ।
ਮਾਪਿਆਂ ਦਾ ਕਹਿਣਾ ਸੀ ਕਿ ਅੱਜ ਉਹ ਇੱਥੇ ਸਕੂਲ ਪ੍ਰਿੰਸੀਪਲ/ਪ੍ਰਬੰਧਕਾਂ ਨਾਲ ਗੱਲ ਕਰਨ ਆਏ ਹਨ ਪਰ ਅਫਸੋਸ ਕੋਈ ਵੀ ਉਨ੍ਹਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸਕੂਲ ਵੱਲੋਂ ਇੱਕ ਵਕੀਲ ਵੀ ਉਨ੍ਹਾਂ ਨੂੰ ਮਿਲਿਆ ਜਿਸ ਨੇ ਕਥਿਤ ਤੌਰ ‘ਤੇ ਇਹ ਆਖਿਆ ਕਿ ਪ੍ਰਬੰਧਕਾਂ ਨੇ ਘਾਟਾ ਪੈਣ ਕਰਕੇ ਬੀਰਮੀ ਵਾਲਾ ਸਕੂਲ ਵੇਚ ਦਿੱਤਾ ਹੈ ਅਤੇ ਹੁਣ ਬੱਚਿਆਂ ਨੂੰ ਇਸ ਸਕੂਲ ਵਿੱਚ ਹੀ ਪੜ੍ਹਾਇਆ ਜਾਵੇਗਾ।
ਮਾਪਿਆਂ ਨੇ ਖਦਸ਼ਾ ਪ੍ਰਗਟਾਇਆ ਕਿ ਪ੍ਰਬੰਧਕਾਂ ਦੇ ਇਸ ਫੈਸਲੇ ਨਾਲ ਸੈਂਕੜੇ ਬੱਚਿਆਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ। ਦੂਜੇ ਪਾਸੇ ਸਕੂਲ ਪ੍ਰਿੰਸੀਪਲ ਮੋਨਾ ਸਿੰਘ ਨੂੰ ਕਈ ਫੋਨ ਕੀਤੇ, ਮੋਬਾਇਲ ਰਾਹੀਂ ਸੁਨੇਹੇ ਭੇਜੇ ਪਰ ਖਬਰ ਲਿਖੇ ਜਾਣ ਤਕ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।