(ਸਮਾਜ ਵੀਕਲੀ)
ਮਨੋਵਿਗਿਆਨ, ਉਹ ਵਿਗਿਆਨ ਹੈ ਜੋ ਮਨੋਵਿਚਾਰਧਾਰਾ ਦਾ ਵਿਗਿਆਨਿਕ ਅਧਿਐਨ ਪੇਸ਼ ਕਰਕੇ ਕਿਸੇ ਵੀ ਸੰਸਾਰਕ ਜੀਵ ਦੇ ਮਾਨਸਿਕ ਵਰਤਾਰੇ ਨੂੰ ਸਾਹਮਣੇ ਲਿਆਉਂਦਾ ਹੈ ਤੇ ਇਸ ਦੇ ਨਾਲ ਹੀ ਮਾਨਸਿਕ ਵਰਤਾਰੇ ਕਾਰਨ ਕਿਸੇ ਜੀਵ ਦੇ ਵਿਵਹਾਰਕ ਬਦਲਾਵ ਦਾ ਅਧਿਐਨ ਕਰਕੇ ਉਸ ਦੇ ਕਾਰਨਾ ਦੀ ਪੁਣਛਾਣ ਕਰਦਾ ਹੈ । ਏਹੀ ਕਾਰਨ ਹੈ ਕਿ ਇਸ ਨੂੰ ਸਿੱਧੇ ਸ਼ਬਦਾਂ ਵਿੱਚ ਮਨ ਤੇ ਵਿਵਹਾਰ ਦਾ ਵਿਗਿਆਨ ਵੀ ਕਹਿ ਲਿਆ ਜਾਂਦਾ ਹੈ।
ਆਪਣੀ ਗੱਲ ਅੱਗੇ ਤੋਰਨ ਤੋਂ ਪਹਿਲਾਂ ਇਹ ਸ਼ਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਕਿਸੇ ਜੀਵ ਦੇ ਮਨ ਵਿੱਚ ਵਿਚਾਰਾਂ ਦੀ ਧਾਰਾ ਬਿਲਕੁਲ ਉਸੇ ਤਰਾਂ ਹਰ ਵੇਲੇ ਚਲਦੀ ਰਹਿੰਦੀ ਹੈ ਜਿਵੇਂ ਦਿਲ ਦੀ ਧੜਕਣ ਤੇ ਨਾੜੀਆ ਵਿੱਚ ਖ਼ੂਨ । ਇਸ ਨੂੰ thought stream ਅਰਥਾਤ ਵਿਚਾਰਾਂ ਦੀ ਨਿਰੰਤਰ ਵਹਿ ਰਹੀ ਧਾਰਾ ਵੀ ਕਿਹਾ ਜਾਂਦਾ ਹੈ । ਇਸ ਨਿਰੰਤਰ ਵਹਿੰਦੀ ਧਾਰਾ ਉੱਤੇ ਸਮੇਂ ਸਥਾਨ ਤੇ ਹਾਲਾਤਾਂ ਮੁਤਾਬਿਕ ਚੰਗਾ ਜਾਂ ਮਾੜਾ ਅਸਰ ਹਮੇਸ਼ਾ ਹੀ ਪੈਂਦਾ ਰਹਿੰਦਾ ਹੈ । ਪਰਿਵਾਰਕ, ਸਮਾਜਿਕ, ਭੂਗੋਲਿਕ, ਸੱਭਿਆਚਾਰਕ, ਰਾਜਨੀਤਿਕ ਤੇ ਆਰਥਿਕ ਹਾਲਾਤਾਂ ਦੇ ਨਾਲ ਨਾਲ ਹੀ ਉਮਰ ਦੇ ਪੜਾਅ ਤੇ ਬਦਲਦੀਆਂ ਰੁੱਤਾਂ ਵੀ ਮਨੋਵਿਚਾਰਧਾਰਾ ਨੂੰ ਬਹੁਤ ਪ੍ਰਭਾਵਤ ਕਰਦੀਆਂ ਹਨ, ਉਦਾਹਰਣ ਵਜੋਂ ਸਰਦੀਆਂ ਵਿੱਚ ਸੂਰਜ ਦੀ ਰੌਸ਼ਨੀ ਘੱਟ ਮਿਲਣ ਕਰਕੇ ਬਹੁਤ ਸਾਰੇ ਲੋਕ seasonal anxiety disorder (SAD) ਦਾ ਅਕਸਰ ਹੀ ਸ਼ਿਕਾਰ ਹੋ ਜਾਂਦੇ ਹਨ, ਤੇ ਆਪਣੇ ਆਪ ਨੂੰ ਉਦਾਸ ਤੇ ਬੁਝੇ ਬੁਝੇ ਮਹਿਸੂਸ ਕਰਦੇ ਹਨ, ਦੂਜੇ ਪਾਸੇ ਗਰਮੀਆਂ ਵਿੱਚ ਬਹੁਤੇ ਲੋਕ ਖੁਸ਼ਮਿਜਾਜ ਨਜ਼ਰ ਆਉਂਦੇ ਹਨ ।
ਕਰੋਨਾ ਮਹਾਂਮਾਰੀ ਨੇ ਪਿਛਲੇ ਕਈ ਮਹੀਨਿਆਂ ਤੋਂ ਪੂਰੇ ਸੰਸਾਰ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ । ਇਸ ਮਹਾਂਮਾਰੀ ਰੂਪੀ ਛੂਤ ਦੀ ਬੀਮਾਰੀ ਦਾ ਅਜੇ ਤੱਕ ਕੋਈ ਇਲਾਜ ਨਾ ਹੋਣ ਕਾਰਨ ਲੱਖਾਂ ਕੀਮਤੀ ਜਾਨਾਂ ਮੌਤ ਦੇ ਮੂੰਹ ਜਾ ਚੁੱਕੀਆਂ ਹਨ ਤੇ ਨਿੱਤ ਦਿਨ ਜਾ ਰਹੀਆਂ ਹਨ । ਸਰਕਾਰਾਂ ਤੇ ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਸਿਰਫ ਤੇ ਸਿਰਫ ਬਚਾਅ ਉਪਰਾਲੇ ਕਰਨ ਦੀ ਹੀ ਚੇਤਾਵਨੀ ਤੇ ਪ੍ਰੇਰਨਾ ਦਿੱਤੀ ਜਾ ਰਹੀ ਹੈ ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਮਹਾਂਮਾਰੀ ਨੇ ਮਨੁੱਖੀ ਜੀਵਨ ਬਿਲਕੁਲ ਬਦਲਕੇ ਰੱਖ ਦਿੱਤਾ ਹੈ । ਜੇਕਰ ਇੰਜ ਕਹਿ ਲਈਏ ਕਿ 2019 ਤੇ 2020 ਦੇ ਜਨਜੀਵਨ ਵਿਚ ਜਮੀਨ ਅਸਮਾਨ ਦਾ ਅੰਤਰ ਵਾਪਰ ਚੁੱਕਾ ਹੈ ਤਾ ਵਧੇਰੇ ਸਹੀ ਰਹੇਗਾ । ਮਾਸਕ ਤੇ ਦਸਤਾਨੇ ਪਹਿਨਣਾ ਤੇ ਇਸ ਦੇ ਨਾਲ ਹੀ ਵਾਰ ਵਾਰ ਹੱਥ ਧੋਣੇ ਜਾਂ ਸੈਨੇਟਾਈਜ ਕਰਨ ਨਾਲ ਲੋਕਾਂ ਦੇ ਮਨਾਂ ਚ Hygiene Fobia ਪੈਦਾ ਹੋ ਗਿਆ ਹੈ ਜੋ ਹੌਲੀ ਹੌਲੀ Obsessive compulsive disorder (OCD) ਨਾਮ ਦੀ ਮਾਨਸਿਕ ਬੀਮਾਰੀ ਬਣਦਾ ਜਾ ਰਿਹਾ ਹੈ । ਇਥੇ ਦਸਦਾ ਜਾਵਾਂ ਕਿ OCD ਉਹ ਮਾਨਸਿਕ ਬੀਮਾਰੀ ਹੈ ਜਿਸ ਕਾਰਨ ਮਨੁੱਖ ਡਰ ਫੋਬੀਏ ਦਾ ਸ਼ਿਕਾਰ ਹੋ ਕੇ ਕੁੱਝ ਕੁ ਕਿਰਿਆਵਾ ਨੂੰ ਅਚੇਤ ਜਾਂ ਸੁਚੇਤ ਰੂਪ ਵਿਚ ਵਾਰ ਵਾਰ ਕਰਦਾ ਰਹਿੰਦਾ ਹੈ ਤਾਂ ਕਿ ਉਹ ਆਪਣੇ ਆਪ ‘ਤੇ ਬਣੇ ਕਿਸੇ ਭਰਾਮਿਕ ਖਤਰੇ ਉਤੇ ਕਾਬੂ ਪਾ ਸਕੇ ਜਦ ਕਿ ਕਈਆ ਹਾਲਤਾਂ ਵਿਚ ਸਬੰਧਿਤ ਰੋਗੀ ਨੂੰ ਅਸਲ ਚ ਕਿਸੇ ਤਰਾਂ ਦਾ ਕੋਈ ਖਤਰਾ ਹੁੰਦਾ ਹੀ ਨਹੀਂ ।
ਕਰੋਨਾ ਨੇ ਮਨੁੱਖੀ ਮਨ ਚ ਘਬਰਾਹਟ ਤੇ ਹੜਬੜੀ (Anxiety and Panic disorder ) ਪੈਦਾ ਕੀਤਾ ਹੈ । ਜਿਸ ਢੰਗ ਨਾਲ ਮੀਡੀਏ ਨੇ ਇਸ ਬੀਮਾਰੀ ਦਾ ਧੂਆਂਧਾਰ ਪਰਚਾਰ ਕੀਤਾ ਹੈ, ਸਰਕਾਰਾ ਨੇ ਲੌਕ ਡਾਊਨ ‘ਤੇ ਕਰਫਿਊ ਲਗਾਏ ਅਤੇ ਸਿਹਤ ਮਹਿਕਮਿਆ ਨੇ ਲੋਕਾਂ ਨੂੰ ਇਸ ਦਾ ਇਲਾਜ ਨਾ ਹੋਣ ਕਰਕੇ ਆਪਣੇ ਆਪ ਨੂੰ ਤੇ ਆਪਣੇ ਨਜਦੀਕੀਆ ਨੁੰ ਬਚਾਉਣ ਦਾ ਹੋਕਾ ਦਿੱਤਾ ਤੇ ਪੁਲਿਸਤੰਤਰ ਨੇ ਲੋਕਾਂ ਦੀ ਜਿਸ ਢੰਗ ਨਾਲ ਬਿਨਾ ਵਜ੍ਹਾ ਗਿੱਦੜਕੁਟ ਕੀਤੀ, ਇਸ ਸਾਰੇ ਅਚਨਚੇਤੀ ਵਾਪਰੇ ਘਟਨਾ ਕ੍ਰਮ ਨੇ ਲੋਕਾਂ ਦੇ ਮਨਾ ਚ ਘਬਰਾਹਟ ਤੇ ਹੜਬੜਾਹਟ ਪੈਦਾ ਕੀਤੀ ਜਿਸ ਕਾਰਨ ਲੋਕਾਂ ਨੇ ਆਪਣੀਆ ਜੀਵਨ ਲੋੜਾ ਨੂੰ ਧੜਾਧੜ ਘਰਾਂ ਚ ਜਮ੍ਹਾ ਕਰਨਾ ਸ਼ੁਰੂ ਕੀਤਾ ।
ਇਸ ਮਹਾਂਮਾਰੀ ਨਾਲ ਬਹੁਤੇ ਵਪਾਰਕ ਅਦਾਰੇ ਬੰਦ ਹੋ ਗਏ ਜਿਸ ਨਾਲ ਲੋਕਾਂ ਨੂੰ ਰੋਜੀ ਰੋਟੀ ਤੇ ਪੇਟ ਪਾਲਣ ਦੀ ਔਕੜ ਪੇਸ਼ ਆਈ । ਕਿਰਤੀ ਤੇ ਮੱਧਵਰਤੀ ਜਮਾਤ ਵੱਡੇ ਮਾਨਸਿਕ ਦਬਾਅ ਦਾ ਸ਼ਿਕਾਰ ਹੋਈ ਜਿਸ ਦਾ ਸਿੱਟਾ Depression ਵਜੋ ਨਿਕਲਕੇ ਸਾਹਮਣੇ ਆਇਆ । ਇਸ ਮਾਨਸਿਕ ਬੀਮਾਰੀ ਕਾਰਨ ਖੁਦਕਸ਼ੀਆਂ ਦੀਆਂ ਘਟਨਾਵਾਂ ਵਾਪਰਨੀਆ ਸ਼ੁਰੂ ਹੋਈਆਂ, ਘਰਾਂ ਚ ਲੜਾਈਆ ਝਗੜੇ ਹੋਏ ਤੇ ਇਥੋ ਤੱਕ ਪੁਲਿਸ ਦੇ ਮਾੜੇ ਵਤੀਰੇ ਦੇ ਵਿਰੋਧ ਵਜੋ ਵੀ ਲੋਕ ਪੁਲਿਸ ਨਾਲ ਡਾਂਗੋ ਡਾਂਗੀ ਹੁੰਦੇ ਨਜਰ ਆਏ ।ਇਥੇ ਜਿਕਰ ਕਰਦਾ ਜਾਵਾਂ ਕਿ Depression ਇਕ ਅਜਿਹੀ ਭਿਆਨਕ ਬੀਮਾਪੀ ਹੈ ਜਿਸ ਵਿਚ Mood Swings ਬਹੁਤ ਆਉਂਦੇ ਹਨ । ਇਸ ਬੀਮਾਰੀ ਦਾ ਮਰੀਜ ਕਦੇ ਬਹੁਤ ਖੁਸ਼ ਤੇ ਕਦੇ ਇਕ ਜਮ ਉਦਾਸ ਜਾਂ ਗੁੱਸੇ ਦੀਆ ਭਾਵਨਾਵਾ ਦਾ ਇਜਹਾਰ ਕਰਦਾ ਹੈ ਤੇ ਬਹੁਤੀਆ ਹਾਲਤਾ ਵਿਚ ਇਸ ਬੀਮਾਰੀ ਨਾਲ ਪੀੜਤ ਆਪਣੇ ਆਪ ਨੂੰ ਬਿਲਕੁਲ ਸਹੀ ਤੇ ਠੀਕ ਹੀ ਸਮਝਦਾ ਹੈ, ਕਹਿਣ ਦਾ ਭਾਵ ਇਸ ਬੀਮਾਰੀ ਨਾਲ ਪੀੜਤ ਰੋਗੀ ਨੂੰ ਖੁਦ ਨੁੰ ਵੀ ਇਹ ਪਤਾ ਨਹੀ ਹੁੰਦਾ ਕਿ ਉਹ Depression ਦਾ ਸ਼ਿਕਾਰ ਹੈ ।
ਮਨੁੱਖ ਇਕ ਸਮਾਜਿਕ ਪਰਾਣੀ ਹੈ, ਸਮਾਜ ਚ ਰਹਿਣਾ, ਵਿਚਰਨਾ ਤੇ ਦੂਸਰੇ ਲੋਕਾਂ ਰਿਸ਼ਤੇਦਾਰਾਂ ਤੇ ਸੁਨੇਹੀਆ ਨਾਲ ਮੇਲ ਮਿਲਾਪ ਤੋ ਵਿਰਵੇ ਹੋਣਾ ਉਸ ਵਾਸਤੇ ਇਕ ਬਹੁਤ ਹੀ ਕਠਿਨ ਤੇ ਸੰਤਾਪ ਪੂਰਨ ਵਰਤਾਰਾ ਹੈ । ਇਸ ਦੇ ਨਾਲ ਹੀ ਇਕ ਜਗ੍ਹਾ ਤੜੇ ਰਹਿਣਾ ਵੀ ਮਨੁੱਖ ਵਾਸਤੇ ਬਹੁਤ ਔਖਾ ਤੇ ਅਸਹਿਜ ਵਰਤਾਰਾ ਹੈ । ਏਹੀ ਕਾਰਨ ਹੈ ਕਿਸੇ ਦੋਸ਼ੀ ਨੁੰ ਜੇਹਲ ਦੀ ਚਾਰ ਦੀਵਾਰੀ ਚ ਬੰਦ ਕਰਨ ਦੀ ਸਜਾ ਦੇ ਦਿਤੀ ਜਾਂਦੀ ਹੈ ਤਾਂ ਕਿ ਉਹ ਸਮਾਜ ਤੋ ਵੱਖ ਰਹਿਣ ਦੀ ਸਜਾ ਪਾ ਕੇ ਸਮਾਜ ਵਿਚ ਰਹਿਣ ਦੇ ਅਰਥਾਂ ਨੂੰ ਸਮਝਕੇ, ਆਪਣੀ ਸਜਾ ਪੂਰੀ ਹੋਣ ਉਪਰੰਤ ਆਪਣੇ ਵਿਵਹਾਰ ਨੂੰ ਸੁਧਾਰ ਲਵੇ, ਪਰ ਕਰੋਨਾ ਮਹਾਂਮਾਰੀ ਨੇ ਮਨੁੱਖ ਨੂੰ ਮਨੁੱਖ ਨਾਲੋ ਬਿਲਕੁਲ ਹੀ ਕੱਟ ਦਿੱਤਾ, ਦੋ ਮੀਟਰ ਦੀ ਸਰੀਰਕ ਦੂਰੀ ਦੇ ਨਾਲ ਨਾਲ ਹੀ ਸਮਾਜਿਕ ਦੂਰੀ ਵੀ ਝੱਲਣੀ ਪੈ ਰਹੀ ਹੈ, ਜੋ ਕਿ ਆਪਣੇ ਆਪ ਚ ਜਿਥੇ ਵੱਡਾ ਸੰਤਾਪ ਹੈ, ਉਥੇ ਬਹੁਤ ਸਾਰੀਆ ਮਾਨਸਿਕ ਬੀਮਾਰੀਆ ਦੀ ਅਲਾਮਤ ਵੀ ਹੈ । ਇਸ ਤਰਾ ਕਰਨ ਨਾਲ General/ Social Fobia/ Anxiety, Fear fobia, Insomnia, Depression ਆਦਿ ਰੋਗਾਂ ਦਾ ਸ਼ਿਕਾਰ ਮਨੁੱਖ ਦਿਨ ਬ ਦਿਨ ਹੁੰਦਾ ਦਾ ਰਿਹਾ ਹੈ ।
ਕਰੋਨਾ ਦੇ ਪੋਜਿਟਿਵ ਕੇਸਾਂ ਦੇ ਮਰੀਜ਼ਾਂ ਨੂੰ ਆਈਜੋਲੇਸ਼ਨ ਵੇਲੇ ਨੈਤਿਕ ਸਹਾਇਤਾ ਦੀ ਸਖ਼ਤ ਲੋੜ ਹੁੰਦੀ ਹੈ, ਪਰ ਆਈਜੋਲੇਸ਼ਨ ਵੇਲੇ ਉਸ ਦੇ ਪਰਿਵਾਰਕ ਮੈਂਬਰਾਂ ਤੇ ਸਿਹਤ ਕਰਮਚਾਰੀਆਂ ਵੱਲੋਂ ਉਹਨਾਂ ਨਾਲ ਜੋ ਸਲੂਕ ਕੀਤਾ ਜਾਂਦਾ ਹੈ, ਉਸ ਨੂੰ ਦੇਖ ਤੇ ਤਾਂ ਕਈ ਵਾਰ ਇਸ ਤਰਾਂ ਲਗਦਾ ਹੇੈ ਜਿਵੇਂ ਪੀੜਤ ਕਰੋਨਾ ਨਾਲ ਪੀੜਤ ਹੋਣ ਦੀ ਬਜਾਏ ਕੋਈ ਬਹੁਤ ਵੱਡਾ ਗੁਨਾਹਗਾਰ ਹੋਵੇ । ਇਸ ਤਰਾਂ ਦੇ ਹਾਲਾਤਾਂ ਵਿੱਚ ਪੀੜਤ ਦੀ ਮਨੋਦਸ਼ਾ ਕਿਹੋ ਜਿਹੀ ਹੋਵੇਗੀ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਕੋਈ ਬਹੁਤਾ ਔਖਾ ਨਹੀਂ ।
ਘਰਾਂ ਚ ਬੰਦ ਲੋਕ ਮੀਡੀਏ ਦੀ ਵਰਤੋ ਰਾਹੀ ਸਮਾਂ ਪਾਸ ਕਰ ਰਹੇ ਹਨ । ਟੈਲੀਜਨ, ਰੇਡੀਓ ਤੇ ਪ੍ਰੈਸ ਦੀਆ ਇੱਕੋ ਤਰਾਂ ਦੀਆ ਖ਼ਬਰਾਂ ਸੁਣ ਸੁਣ ਕੇ ਲੋਕਾਂ ਦੇ ਕੰਨ ਪੱਕ ਗਏ ਹਨ ਜਿਸ ਕਾਰਨ ਉਹਨਾ ਵਿੱਚ ਸ਼ੋਸ਼ਲ ਮੀਡੀਏ ਦਾ ਰੁਝਾਨ ਪਾਗਲਪਣ ਦੀ ਹੱਦ ਤੱਕ ਵਧਦਾ ਚਲਾ ਜਾ ਰਿਹਾ ਹੈ ਤੇ ਇਹ ਮਾੜਾ ਰੁਝਾਨ ਮਨੁੱਖੀ ਸੁਭਾਅ ਅਤੇ ਰਿਸ਼ਤਿਆਂ ਵਿੱਚ ਬਹੁਤ ਸਾਰੀਆਂ ਮਾਨਸਿਕ ਗੁੰਝਲ਼ਾ ਪੈਦਾ ਕਰਨ ਦਾ ਕਾਰਨ ਬਣਦਾ ਜਾ ਰਿਹਾ ਹੈ ਜਿਸ ਕਾਰਨ ਖਾਣ ਪੀਣ ਦੀਆ ਆਦਤਾ ਵਿੱਚ ਤਬਦੀਲੀ, ਨੀਂਦ ਦੇ ਸਮੇਂ ਵਿੱਚ ਬੇਨਿਯਮੀ ਤੇ ਛੋਟੀ ਛੋਟੀ ਗੱਲ ਤੇ ਚਿੜਚਿੜਾਪਣ ਵੱਧ ਰਿਹਾ ਹੈ । ਇਸ ਆਦਤ ਦੀ ਲੱਤ ਪੈ ਜਾਣ ਨਾਲ ਪਰਿਵਾਰਕ ਰਿਸ਼ਤੇ ਬੁਰੀ ਤਰਾਂ ਪਰਭਾਵਤ ਹੋ ਰਹੇ ਹਨ ।
ਨਿੱਤ ਦੇ ਜੀਵਨ ਵਿਚ ਅਸੀ ਨੋਟ ਕਰ ਰਹੇ ਹਾਂ ਕਿ ਮਨੁੱਖ ਦਾ ਮਨੁੱਖ ਪ੍ਰਤੀ ਵਿਵਹਾਰ ਬਹੁਤ ਬਦਲ ਚੁੱਕਾ ਰੈ । ਹਰ ਮਨੁੱਖ ਇਕ ਦੂਜੇ ਤੋ ਡਰਦਾ ਹੈ । ਹਰ ਵਿਅਕਤੀ ਏਹੀ ਸਮਝਕੇ ਵਿਚਰ ਰਿਹਾ ਹੈ ਕਿ ਉਹ ਆਪ ਬਿਲਕੁਲ ਠੀਕ ਹੈ ਪਰ ਉਸ ਦੀ ਜਾਨ ਨੂੰ ਦੂਸਰਿਆਂ ਤੋ ਖਤਰਾ ਹੈ ਜਿਸ ਕਾਰਨ ਉਸ ਨੂੰ ਦੂਜਿਆ ਦੀ ਬਜਾਏ ਆਪਣੀ ਜਾਨ ਦਾ ਬਚਾਅ ਕਰਨ ਦੀ ਵਧੇਰੇ ਜਰੂਰਤ ਹੈ ।ਮਨੁੱਖ ਦੇ ਇਸ ਵਿਵਹਾਰ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਪਿਆਰ, ਸੁਨੇਹ, ਹਮਦਰਦੀ ਤੇ ਅਪਣੱਤ ਵਰਗੀਆ ਕੋਮਲ ਮਾਨਸਿਕ ਭਾਵਨਾਵਾਂ ਮਨੁੱਖ ਅੰਦਰੋ ਦਿਨ ਬ ਦਿਨ ਖਤਮ ਹੁੰਦੀਆ ਜਾ ਰਹੀਆ ਹਨ, ਜਿਸ ਕਾਰਨ ਆਉਣ ਵਾਲੇ ਸਮੇ ਵਿਚ ਮਨੁੱਖੀ ਜੀਵਨ ਵਿਚਲੇ ਰਿਸ਼ਤੇ ਵਧੇਰੇ ਰਸਮੀ ਤੇ ਯਾਂਤਰਿਕ ਬਣ ਜਾਣ ਦੀਆਂ ਸੰਭਾਵਨਾਵਾਂ ਪੈਦਾ ਹੋ ਗਈਆ ਹਨ, ਜਿਸ ਦੇ ਪ੍ਰਤੀਫਲ ਆਉਣ ਵਾਲੇ ਦਿਨਾਂ ਚ ਸਮਾਜਿਕ ਰਿਸ਼ਤੇ ਰੁੱਖੇ ਤੇ ਨੀਰਸ ਬਣ ਜਾਣ ਦੀਆ ਸੰਭਾਵਨਾਵਾ ਤੋ ਕਦਾਚਿਤ ਇਨਕਾਰ ਨਹੀ ਕੀਤਾ ਜਾ ਸਕਦਾ ।
ਸੋ ਸਮੁੱਚੀ ਚਰਚਾ ਤੋ ਬਾਅਦ ਜੇਕਰ ਇੰਜ ਕਹਿ ਲਈਏ ਕਿ ਕਰੋਨਾ ਮਹਾਂਮਾਰੀ ਮਨੁੱਖੀ ਨਸਲ ਉਤੇ ਇਕ ਜਾਨੀ ਹਮਲਾ ਦੇ ਨਾਲ ਨਾਲ ਮਾਨਸਿਕ ਹਮਲਾ ਵੀ ਹੈ ਤਾਂ ਗਲਤ ਨਹੀ ਹੋਵੇਗਾ । ਹਰ ਰੋਜ ਮੀਡੀਏ ਉਤੇ ਸਿਰਫ ਇਕੋ ਖਬਰ ਕਰੋਨਾ – ਕਰੋਨਾ – ਕਰੋਨਾ ਹੀ ਚਲਣੀ, ਤੇ ਲੋਕਾਂ ਦਾ ਘਰੀ ਬੰਦ ਹੋ ਕੇ ਉਸ ਇਕ ਖਬਰ ਨੂੰ ਨਾ ਚਾਹੰਦੇ ਹੋਏ ਵੀ ਸੁਣਨ ਵਾਸਤੇ ਮਜਬੂਰ ਹੋਣਾ, ਦਰਅਸਲ ਮਨੁੱਖੀ ਮਾਨਸਿਕਤਾ ‘ਤੇ ਸਿੱਧਾ ਹਮਲਾ ਹੈ ਜੋ ਜਿਥੇ ਮਨੁੱਖ ਅੰਦਰ ਬਹੁਤ ਸਾਰੀਆ ਮਾਨਸਿਕ ਬੀਮਾਰੀਆ ਦਾ ਕਾਰਨ ਬਣ ਰਿਹਾ ਹੈ ਤੇ ਉਥੇ ਇਸ ਦੇ ਨਾਲ ਹੀ ਮਨੁੱਖੀ ਵਿਵਹਾਰ ਵਿਚ ਵੱਡੀ ਤਬਦੀਲੀ ਦਾ ਕਾਰਨ ਵੀ । ਇਸ ਸਭ ਵਰਤਾਰੇ ਨੂੰ ਦੇਖ ਕੇ ਇੰਜ ਲਗਦਾ ਹੈ ਕਿ ਆਉਣ ਵਾਲੱ ਸਮੇ ਚ ਸਿਹਤ ਮਾਹਿਰਾ ਦੀ ਬਜਾਏ ਮਾਨਸਿਕ ਮਾਹਿਰਾਂ ਦੀ ਵਧੇਰੀ ਲੋੜ ਹੋਵੇਗੀ ਤੇ ਮਾਨਸਿਕ ਰੋਗੀਆ ਦੀ ਗਿਣਤੀ ਵਧਣ ਕਰਕੇ ਮਾਨਸਿਕ ਹਸਪਤਾਲਾਂ ਤੇ ਮਾਨਸਿਕ ਰੋਗੀ ਘਰਾਂ ਦੀ ਵੀ । ਦੁਨੀਆ ਦੇ ਵੱਖ ਵੱਖ ਮੁਲਖਾ ਦੀਆ ਸਰਕਾਰਾ ਨੁੰ ਇਸ ਮਹਾਮਾਰੀ ਨਾਲ ਪੈਦੀ ਹੋਏ ਹੋਰ ਬਹੁਤ ਸਾਰੇ ਸੰਕਟਾਂ ਨਾਲ ਦੋ ਚਾਰ ਹੋਣ ਦੇ ਨਾਲ ਨਾਲ ਹੀ ਲੋਕਾਈ ਚ ਪੈਦਾ ਹੋ ਰਹੇ ਮਾਨਸਿਕ ਸੰਕਟ ਨੂੰ ਕਾਬੂ ਕਰਨ ਬਾਰੇ ਵੀ ਉਚਿਤ ਪਰਬੰਧ ਕਰਨ ਬਾਰੇ ਹੁਣੇ ਤੋ ਹੀ ਸੋਚਣਾ ਪਵੇਗਾ ਕਿਉਕਿ ਕਰੋਨਾ ਦਾ ਲੋਕਾਈ ਦੀ ਮਾਨਲਿਕਤਾ ਉਤੇ ਵੀ ਇਕ ਬਹੁਤ ਵੱਡਾ ਮਾਰੂ ਪ੍ਰਭਾਵ ਸਾਹਮਣੇ ਆ ਰਿਹਾ ਹੈ, ਜਿਸਦੇ ਲੱਛਣ ਪਿਛਲੇ ਮਹੀਨਿਆਂ ਤੋਂ ਬੜੀ ਤੇਜੀ ਨਾਲ ਸਾਹਮਣੇ ਆ ਰਹੇ ਹਨ ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
31/05/2020