ਨਵੀਂ ਦਿੱਲੀ (ਸਮਾਜਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਸਾਲ ਪੂਰਾ ਹੋਣ ’ਤੇ ਧਾਰਾ 370 ਹਟਾਉਣ, ਰਾਮ ਮੰਦਰ ਮਸਲੇ ਦਾ ਹੱਲ ਕਰਾਉਣ, ਤੀਹਰੇ ਤਲਾਕ ਦੇ ਅਪਰਾਧੀਕਰਨ ਅਤੇ ਨਾਗਰਿਕਤਾ ਐਕਟ ਵਿੱਚ ਸੋਧ ਨੂੰ ਆਪਣੀਆਂ ਮੁੱਖ ਪ੍ਰਾਪਤੀਆਂ ਦੱਸਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਪਿਛਲੇ ਇੱਕ ਸਾਲ ਦੌਰਾਨ ਭਾਰਤ ਨੂੰ ਆਲਮੀ ਆਗੂ ਬਣਾਉਣ ਦਾ ਸੁਫ਼ਨਾ ਪੂਰਾ ਕਰਨ ਦੇ ਮਕਸਦ ਨਾਲ ਫ਼ੈਸਲੇ ਲਏ ਗਏ ਸਨ।
ਦੇਸ਼ ਵਾਸੀਆਂ ਦੇ ਨਾਂ ਲਿਖੇ ਖੁੱਲ੍ਹੇ ਪੱਤਰ ਵਿੱਚ ਮੋਦੀ ਨੇ ਕਿਹਾ ਕਿ 2019 ਵਿੱਚ ਲੋਕਾਂ ਨੇ ਕੇਵਲ ਲਗਾਤਾਰਤਾ ਲਈ ਵੋਟ ਨਹੀਂ ਪਾਈ ਸੀ ਬਲਕਿ ਭਾਰਤ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਣ ਅਤੇ ਆਲਮੀ ਆਗੂ ਬਣਾਉਣ ਦੇ ਸੁਫ਼ਨੇ ਨਾਲ ਵੀ ਵੋਟ ਪਾਈ ਸੀ। ਇਨ੍ਹਾਂ ਸੁਫ਼ਨਿਆਂ ਦੀ ਪੂਰਤੀ ਦੇ ਮਕਸਦ ਨਾਲ ਪਿਛਲੇ ਇੱਕ ਸਾਲ ਦੌਰਾਨ ਫ਼ੈਸਲੇ ਲਏ ਗਏ। ਮੋਦੀ ਨੇ ਕਿਹਾ ਕਿ ਪਿਛਲੇ ਇੱਕ ਸਾਲ ਦੌਰਾਨ ਲਏ ਕਈ ਫ਼ੈਸਲੇ ਚਰਚਿਤ ਰਹੇ ਅਤੇ ਆਮ ਲੋਕਾਂ ਦੀ ਗੱਲਬਾਤ ਦਾ ਹਿੱਸਾ ਬਣੇ।
ਉਨ੍ਹਾਂ ਕਿਹਾ, ‘‘ਧਾਰਾ 370 ਮਨਸੂਖ ਕੀਤੇ ਜਾਣ ਨਾਲ ਕੌਮੀ ਏਕਤਾ ਦੀ ਭਾਵਨਾ ਮਜ਼ਬੂਤ ਹੋਈ ਹੈ। ਅਯੁੱਧਿਆ ਰਾਮ ਮੰਦਰ ਬਾਰੇ ਫ਼ੈਸਲੇ ਨਾਲ ਸਦੀਆਂ ਦੇ ਵਿਵਾਦ ਦਾ ਸੁਖਦ ਅੰਤ ਹੋਇਆ ਹੈ। ਤੀਹਰੇ ਤਲਾਕ ਦੀ ਕੁਰੀਤੀ ਨੂੰ ਇਤਿਹਾਸ ਦੇ ਕੂੜੇ-ਕਰਕਟ ਦੇ ਢੇਰ ਵਿੱਚ ਸੁੱਟ ਦਿੱਤਾ ਗਿਆ ਹੈ।’’ ਨਾਗਰਿਕਤਾ ਸੋਧ ਐਕਟ ਵੱਲ ਇਸ਼ਾਰਾ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਭਾਰਤ ਦੀ ਦਿਆਲਤਾ ਅਤੇ ਸਮਾਵੇਸ਼ ਦੀ ਭਾਵਨਾ ਹੈ। ਪ੍ਰਧਾਨ ਮੰਤਰੀ ਨੇ ਮਿਸ਼ਨ ਗਗਨਯਾਨ, ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ, ਜਲ ਜੀਵਨ ਮਿਸ਼ਨ, ਪਸ਼ੂਆਂ ਦਾ ਟੀਕਾਕਰਨ, ਪੈਨਸ਼ਨ ਸਕੀਮਾਂ ਆਦਿ ਦਾ ਜ਼ਿਕਰ ਵੀ ਕੀਤਾ।