(ਸਮਾਜ ਵੀਕਲੀ)
ਲੋਖ ਵਿਕਾਊ ਨਹੀਂ, ਸਦਾ ਹੀ ਆਗੂ ਵਿਕਦੇ ਹਨ। ਹੁਣ ਵਸਤੂਆਂ ਬਣ ਗਏ ਹਨ । ਪਤਾ ਨਹੀਂ ਕੌਣ ਕਿਸ ਨੂੰ ਵੇਚ ਜਾਵੇ, ਜਿਵੇਂ ਡੇਰਿਆਂ ਵਾਲੇ ਸਾਨ੍ਹ ( ਸਾਧ ) ਸੰਗਤ ਵੇਚਦੇ ਹਨ । ਜੇ ਜ਼ਿੰਦਗੀ ਜਾਗਦੀ ਹੈ ਤਾਂ ਵਿਕਦੀ ਨਹੀਂ ।
ਨਾ ਹੀ ਜ਼ਿੰਦਗੀ ਮੱਛੀ ਮੰਡੀ ਨਹੀਂ ਹੁੰਦੀ ਤੇ ਹਰ ਵਸਤੂ ਵਿਕਾਊ ਵੀ ਨਹੀਂ ਹੁੰਦੀ । ਖਰੇ ਖੋਟੇ ਦਾ ਇਕ ਭਾਅ ਨਹੀਂ ਹੁੰਦਾ । ਗਧਾ ਤੇ ਘੋੜਾ ਬਰਾਬਰ ਨਹੀਂ ਹੁੰਦੇ । ਮੰਡੀ ਵੇਚਣ ਤੇ ਖਰੀਦਣ ਲਈ ਹੀ ਨਹੀਂ ਹੁੰਦੀ । ਕੁੱਝ ਦੇਖਣ ਪਰਖਣ ਲਈ ਵੀ ਹੁੰਦੀ ਹੈ । ਹਰ ਚੀਜ਼ ਦਾ ਕੋਈ ਵਪਾਰੀ ਨਹੀਂ ਹੁੰਦਾ । ਮੰਡੀ ਵਿੱਚ ਭਾਅ ਉਹੀ ਪੁੱਛ ਸਕਦੈ, ਜਿਸ ਦੀ ਜੇਬ ਵਿੱਚ ਨੋਟ ਹੋਣ ਤੇ ਜਿਸ ਨੂੰ ਵਸਤੂ ਦੀ ਕੀਮਤ ਦਾ ਪਤਾ ਹੋਵੇ। ਕੀਮਤ ਉਸ ਦੀ ਪੈਂਦੀ ਹੈ, ਜਿਸ ਦੀ ਕਿਸੇ ਨੂੰ ਲੋੜ ਹੋਵੇ। ਖਰੀਦ ਦਾ ਉਹੀ ਹੈ, ਜਿਸ ਕੋਲ ਖਰੀਦਣ ਦੀ ਤਾਕਤ ਹੋਵੇ। ਵੇਚਣ ਦੀ ਤੇ ਖਰੀਦਣ ਦੀ ਪ੍ਰਥਾ ਬੜੀ ਪੁਰਾਣੀ ਹੈ ਤੇ ਇਸ ਦੀ ਬਹੁਤ ਲੰਮੀ ਅਣਥੱਕ ਕਹਾਣੀ ਹੈ। ਕਹਾਣੀ ਦਾ ਮੁੱਢ ਵੀ ਮਨੁੱਖ ਦੇ ਜਨਮ ਤੋਂ ਸ਼ੁਰੂ ਹੋ ਗਿਆ ਸੀ।
ਪਹਿਲਾਂ ਵੇਚ-ਖਰੀਦ ‘ਚ ਦਮੜੇ ਨਹੀਂ, ਵਸਤਾਂ, ਪਸ਼ੂ, ਇਲਾਕੇ, ਆਦਮੀਂ ਤੇ ਔਰਤਾਂ ਹੁੰਦੀਆਂ ਸੀ। ਜਿਸ ਕੋਲ ਤਾਕਤ ਤੇ ਵਸਤੂਆਂ ਦੀ ਭਰਮਾਰ ਹੁੰਦੀ ਸੀ, ਉਸ ਦੀ ਇਲਾਕੇ ਵਿੱਚ ਪੂਰੀ ਇਜਾਰੇਦਾਰੀ ਹੁੰਦੀ ਸੀ। ਇਹ ਗੁਲਾਮੀ ਦੇ ਦੌਰ ਬਾਤਾਂ ਨੇ, ਉਹ ਬਾਤਾਂ ਜਿਹੜੀਆਂ ਹੁਣ ਕਿਤਾਬਾਂ ਵਿੱਚ ਸਿਮਟ ਕੇ ਰਹਿ ਗਈਆਂ,
ਹੁਣ ਭਾਵੇਂ ਨਾਨੀਆਂ-ਦਾਦੀਆਂ ਤਾਂ ਜਿਉਂਦੀਆਂ ਨੇ, ਪਰ ਬਾਤਾਂ ਸੁਨਣ ਵਾਲਿਆਂ ਕੋਲ ਸਮਾਂ ਨਹੀਂ। ਹੁਣ ਘਰ ਤੇ ਬਜ਼ਾਰ ਦਾ ਫਾਸਲਾ ਮੁੱਕ ਗਿਆ ਹੈ। ਇਸੇ ਕਰਕੇ ਜਿੰਨਾਂ ਕੋਲ ਗਾਂਧੀ ਦੇ ਨੋਟਾਂ ਦੀ ਭਰਮਾਰ ਹੈ, ਉਨ੍ਹਾਂ ਦੇ ਘਰ ਹੀ ਗੋਦਾਮ ਬਣ ਗਏ ਹਨ।
ਪਰ ਜਿਹੜੇ ਅਜੇ ਭਾਅ ਹੀ ਪੁੱਛਦੇ ਹਨ, ਉਨ੍ਹਾਂ ਕੋਲ ਰੋਟੀ, ਕੱਪੜਾ ਤੇ ਮਕਾਨ ਨਹੀਂ। ਜੇ ਉਨਾਂ ਕੋਲ ਮਕਾਨ ਹੋ ਜਾਵੇ ਤਾਂ ਉਹ ਜਰੂਰ ਦੁਕਾਨ ਖੋਲ੍ਹ ਸਕਦੇ ਹਨ। ਅੱਜਕੱਲ੍ਹ ਦੁਕਾਨਦਾਰੀ ਵਿੱਚ ਬੜਾ ਮੁਨਾਫਾ ਹੈ। ਇੱਕ ਰੁਪਏ ਕਿਲੋ ਦੇ ਆਲੂ ਪੰਜ ਸੌ ਰੁਪਏ ਦੇ ਕਿਲੋਂ ਨਹੀਂ, ਗ੍ਰਾਮਾਂ ਵਿੱਚ ਵਿਕਦੇ ਹਨ ਤੇ ਖਰੀਦਣ ਵਾਲੇ ਖਰੀਦਦੇ ਹਨ।
ਫਸਲਾਂ ਪੈਦਾ ਕਰਨ ਵਾਲੇ ਭੁੱਖੇ ਮਰਦੇ ਮਰਦੇ, ਹੁਣ ਖੁਦਕੁਸ਼ੀਆਂ ਤੱਕ ਪੁੱਜ ਗਏ ਹਨ। ਫਸਲਾਂ ਖਰੀਦਣ ਵਾਲੇ ਅਸਮਾਨੀ ਚੜ੍ਹ ਗਏ ਹਨ, ਉਨ੍ਹਾਂ ਕੋਲ ਕਿਸੇ ਵੀ ਚੀਜ਼ ਦਾ ਕੋਈ ਅੰਤ ਨਹੀਂ। ਉਨ੍ਹਾਂ ਨੂੰ ਤਾਂ ਆਪਣਾ ਅੰਤ ਵੀ ਭੁਲਿਆ ਹੋਇਆ, ਇਸੇ ਕਰਕੇ ਉਹ ਵੱਧ ਤੋਂ ਵੱਧ ਮਾਲ ਇਕੱਠਾ ਕਰਨ ਦੀ ਹੋੜ ‘ਚ ਲੱਗੇ ਹੋਏ ਹਨ।
ਇਹ ਹੋੜ ਹੁਣ ਅੰਨ੍ਹੀ ਦੌੜ ਬਣ ਗਈ ਹੈ। ਅੰਨ੍ਹੀ ਦੌੜ ‘ਚ ਉਹੀ ਦੌੜਦੇ ਹਨ, ਜਿੰਨਾਂ ਕੋਲ ਹਰ ਤਰ੍ਹਾਂ ਦੀ ਤਾਕਤ ਜੇਬ ‘ਚ ਹੁੰਦੀ ਹੈ। ਇਸ ਜੇਬ ਵਿੱਚ ਸੱਤਾ, ਕਾਨੂੰਨ, ਪੁਲਿਸ ਤੇ ਬਜ਼ਾਰ ਦਾ ਸਭ ਕੁਝ ਹੁੰਦਾ ਹੈ। ਜੇ ਕੁੱਝ ਨਹੀਂ ਹੁੰਦਾ ਤਾਂ ਸਿਰ ਅੰਦਰ ਅਕਲ ਦਾ ਖਾਨਾ। ਇਹ ਖਾਨਾ ਉਨ੍ਹਾਂ ਦੀ ਹਉਮੈਂ ਨਾਲ ਏਨਾ ਭਰ ਜਾਂਦਾ ਹੈ, ਉਹ ਦਲਦਲ ਬਣ ਜਾਂਦਾ ਹੈ ਪਰ ਉਨ੍ਹਾਂ ਨੂੰ ਦਲਦਲ ਦੇ ਸੁਭਾਅ, ਰਮਜ਼ ਤੇ ਤਬੀਅਤ ਦਾ ਪਤਾ ਨਹੀਂ ਹੁੰਦਾ। ਉਨ੍ਹਾਂ ਦੇ ਅੰਦਰ ਸਿਰਫ ਜੋਸ਼ ਹੁੰਦਾ ਹੈ, ਹੋਸ਼ ਨਹੀਂ ਹੁੰਦੀ ਪਰ ਹੋਸ਼ ਵਾਲਿਆਂ ਨੂੰ ਜੋਸ਼ ਵਾਲੇ ਤਾਕਤ ਦੇ ਸਹਾਰੇ ਵਰਤ ਜਾਂਦੇ ਹਨ। ਵਰਤੇ ਜਾਣ ਵਾਲਿਆਂ ਨੂੰ ਵਰਤੇ ਜਾਣ ਦਾ ਉਦੋਂ ਤੀਕ ਪਤਾ ਨਹੀਂ ਲੱਗਦਾ, ਜਦੋਂ ਤੱਕ ਉਹ ਸਿੱਕੇ ਦੇ ਦੋਵੇਂ ਪਾਸੇ ਨਹੀਂ ਵੇਖ ਲੈਂਦੇ।
ਜਦੋਂ ਦੋ ਚੀਜ਼ਾਂ ਆਪਸ ਵਿੱਚ ਘਸਰਦੀਆਂ ਨੇ, ਤਾਂ ਨਵੀਂ ਸਿਰਜਣਾ ਹੁੰਦੀ ਹੈ, ਇਸ ਮੌਕੇ ਵਰਤੇ ਤਾਂ ਦੋਵੇਂ ਹੀ ਜਾਂਦੇ ਹਨ, ਕੋਈ ਵੱਧ ਤੇ ਕੋਈ ਘੱਟ। ਵੱਧ ਵਾਲਿਆਂ ਦਾ ਹੱਥ ਉੱਤੇ ਰਹਿੰਦਾ ਹੈ, ਜਿਹੜਾ ਉਤੇ ਹੁੰਦਾ ਹੈ, ਉਹੀ ਜੇਤੂ ਹੁੰਦਾ ਹੈ। ਕਿਸੇ ਨੂੰ ਨੂਰਾ-ਕੁਸ਼ਤੀ ਲੜਨੀ ਪੈਂਦੀ ਹੈ, ਜਿੱਤਣ ਵਾਲੇ ਨੂੰ ਸਦਾ ਜਿਤਾਉਣਾ ਹੀ ਪੈਂਦਾ ਹੈ, ਹਾਰਨ ਵਾਲਾ ਜਿੰਨਾਂ ਮਰਜ਼ੀ ਤਾਕਤਵਰ ਹੋਵੇ।
ਪਰ ਦੁੱਖ ਤਾਂ ਉਦੋਂ ਲਗਦਾ ਹੈ, ਜਦੋਂ ਕੋਈ ਚਿੱਟੇ ਬਸਤਰ ਪਾ ਕੇ ਦੇਵੀ ਦਾ ਰੂਪ ਧਾਰ ਕੇ ਲੁੱਟੇ। ਭਾਵੇਂ ਲੁੱਟਣ ਵਾਲਿਆਂ ਦਾ ਇੱਕ ਨੁਕਾਤੀ ਪ੍ਰੋਗਰਾਮ ਹੀ ਲੁੱਟਣਾ ਹੁੰਦਾ ਹੈ। ਉਹ ਚੋਲਾ ਤੇ ਮਖੌਟਾ ਜਿਹੜਾ ਮਰਜ਼ੀ ਪਾ ਲਵੇ ਪਰ ਜਦੋਂ ਤੀਕ ਉਸ ਦਾ ਮਖੌਟਾ ਉਤਰਦਾ ਹੈ, ਉਦੋਂ ਤੱਕ ਸਮਾਂ ਲੰਘ ਚੁੱਕਾ ਹੁੰਦਾ ਹੈ।
ਬੀਤਿਆ ਸਮਾਂ ਵਾਪਸ ਨਹੀਂ ਆਉਂਦਾ ਪਰ ਯਾਦਾਂ ਜਦੋਂ ਚੇਤਿਆਂ ਦੀ ਤਖ਼ਤੀ ਉੱਤੇ ਦਸਤਕ ਦੇਂਦੀਆਂ ਹਨ ਤਾਂ ਮਨ ਉਦਾਸ ਵੀ ਹੁੰਦਾ ਤੇ ਖੌਲਦਾ ਵੀ, ਕਦੇ ਕਦੇ ਤਾਂ ਸੁਨਾਮੀ ਵਾਂਗ ਤਬਾਹੀ ਦੀ ਹੋਂਦ ਤੀਕ ਪੁੱਜ ਜਾਂਦਾ ਹੈ। ਆਪਣੇ ਆਪ ਨੂੰ ਸਵਾਲ ਕਰਦਾ, ਖੁੱਦ ਹੀ ਸਵਾਲ ਬਣ ਕੇ ਰਹਿ ਜਾਂਦਾ ਹੈ। ਉਦੋਂ ਸਮਾਂ, ਸਥਿਤੀ ਤੇ ਹਾਲਾਤ ਬਦਲ ਜਾਂਦੇ ਹਨ। ਬਦਲੇ ਹਾਲਤਾਂ ਦੇ ਕਾਰਨ ਬੰਦੇ ਦੀ ਸੋਚ, ਸਮਝ ਤੇ ਸ਼ਕਤੀ ਵੀ ਘੱਟ ਜਾਂਦੀ ਹੈ।
ਪਰ ਯਾਦਾਂ ਦੇ ਵਰਕੇ, ਝੀਥਾਂ ਥਾਣੀਂ ਵੀ ਰੋਸ਼ਨੀ ਬਣ ਬਣ ਆਉਂਦੇ ਹਨ, ਉਹ ਸੁੱਤਿਆਂ ਨੂੰ ਜਗਾਉਂਦੇ ਹਨ। ਜਾਗਣ ਵਾਲੇ ਤਾਂ ਸਦਾ ਸੀਸ ਤਲੀ ‘ਤੇ ਧਰ ਕੇ ਤੁਰਦੇ ਹਨ, ਪਰ ਜਿਹੜੇ ਸੁੱਤੇ ਰਹਿੰਦੇ ਹਨ। ਉਹ ਤਲੀਆਂ ‘ਤੇ ਸਰੋਂ ਉਗਾਉਂਦੇ ਹਨ। ਹੱਥਾਂ ਦੀਆਂ ਤਲੀਆਂ ਉੱਤੇ ਉਹ ਹੀ ਸਰੋਂ ਜਮਾਉਂਦੇ ਹਨ, ਜਿੰਨ੍ਹਾਂ ਨੂੰ ਤੇਲ ਦੇ ਮੁੱਲ ਦਾ ਪਤਾ ਹੋਵੇ। ਹੁਣ ਤਾਂ ਤੇਲ ਪਿੱਛੇ ਸਾਮਰਾਜੀ ਤਾਕਤਾਂ ਵੀ ਹੱਥ ਧੋ ਕੇ ਪੈ ਗਈਆਂ ਹਨ, ਪਰ ਇਹ ਤੇਲ ਮਗਰ ਤਾਂ ਬਹੁਤ ਪਹਿਲਾਂ ਹੀ ਲੱਗੀਆਂ ਸਨ। ਹੁਣ ਧਰਤੀ ਮਗਰ ਲੱਗੀਆਂ ਹਨ। ਹਾਕਮ ਦਲਾਲ ਬਣ ਗਏ ਹਨ ।
ਕਾਲੇ ਦਿਨਾਂ ਵਿੱਚ ਜਦੋਂ ਕੋਈ ਰੋਸ਼ਨੀ ਬਣਦਾ ਤਾਂ ਉਸ ਦੇ ਆਲੇ ਦੁਆਲੇ ਚਾਨਣ ਹੀ ਚਾਨਣ ਹੋ ਜਾਂਦਾ ਹੈ। ਉਦੋਂ ਹੀ ਚਾਨਣ ਦੇ ਵਣਜਾਰਿਆਂ ਨੇ ਪੁਸਤਕ ਸੱਭਿਆਚਾਰ ਤੇ ਨਸ਼ਿਆਂ ਵਿਰੁੱਧ ਕਾਫਲਾ ਤੋਰਿਆ ਸੀ। ਇਸ ਨੇ ਸਭ ਦਾ ਧਿਆਨ ਖਿੱਚਿਆ ਸੀ। ਨੰਗੇ ਧੜ ਨੰਗੀਆਂ ਸੜਕਾਂ, ਗੋਲੀਆਂ ਤੇ ਧਮਾਕਿਆਂ ਦੀ ਗੜਗੜਾਹਟ ਚਾਰ ਚੁਫੇਰੇ ਮੌਤ ਦਾ ਤਾਂਡਵ ਨਾਚ ਹੋ ਰਿਹਾ ਸੀ।
ਸ਼ਾਇਰ ਕੁਲਵੰਤ ਨੀਲੋੰ ਦਾ ਇਹ ਸ਼ਿਅਰ
ਜੇ ਦਰਿਆ ਲਹੂ ਨਾਲ ਭਰਦੇ ਰਹਿਣਗੇ
ਤਰਨ ਵਾਲੇ ਵੀ ਇਸਨੂੰ ਤਰਦੇ ਰਹਿਣਗੇ।
ਉਦੋਂ ਤਾਂ ਇੰਝ ਲਗਦਾ ਸੀ ਹਨੇਰੇ ਦੇ ਖਿਲਾਫ ਚਾਨਣ ਨਾਲ ਹਸਦਾ ਵਸਦਾ ਖੇੜਾ ਮੁੜ ਆਵੇਗਾ। ਪੁਸਤਕ ਸੱਭਿਆਚਾਰ ਪੈਦਾ ਕਰਨ ਦੇ ਮਕਸਦ ਨਾਲ ਕੁੱਝ ਰੋਸ਼ਨ ਸਿਰਜਕ ਤੁਰੇ। ਤੁਰਦਿਆਂ ਤੁਰਦਿਆਂ ਉਨ੍ਹਾਂ ਨੇ ਧਰਤੀ ਦੇ ਕੁੱਝ ਹਿੱਸਿਆਂ ਅੰਦਰ ਚਾਨਣ ਦੇ ਬੀਜ ਬੀਜੇ ਸਨ।
ਚਾਨਣ ਦਾ ਛਿੱਟਾ ਦਿੰਦਿਆਂ ਦੁੱਖ ਤਕਲੀਫਾਂ ਤੇ ਹਨੇਰੇ ਦੇ ਵਣਜਾਰਿਆਂ ਵੱਲੋਂ ਸੋਧਣ ਦੀਆਂ ਧਮਕੀਆਂ ਵੀ ਮਿਲੀਆਂ। ਉਹ ਧਮਕੀਆਂ ਵੀ ਚਾਨਣ ਬਣ ਗਈਆਂ। ਉਦੋਂ ਦੇ ਬੀਜੇ ਬੀਜ ਹੁਣ ਫੁੱਲ ਬੂਟੇ ਬਣ ਗਏ, ਪਰ ਉਹ ਅਜੇ ਵੀ ਤਰਸਦੇ ਨੇ, ਉਹ ਸ਼ਬਦ ਰੂਪੀ ਖੁਰਾਕ ਨੂੰ ਜਿਹੜੀ ਉਨਾਂ ਨੂੰ ਇਨਾਂ ਨੇ ਦਿੱਤੀ ਸੀ।
ਸੰਕਲਪ, ਮਿਸ਼ਨ ਲੈ ਕੇ ਤੁਰੇ ਲੋਕ ਕਾਫਲਾ ਬਣ ਜਾਂਦੇ ਹਨ, ਉਸ ਕਾਫਲੇ ਅੱਗੇ ਕੋਈ ਖੜਦਾ ਨਹੀਂ। ਜਿਹੜੇ ਖੜ ਜਾਂਦੇ ਹਨ, ਉਹ ਝੀਲ ਬਣ ਜਾਂਦੇ ਹਨ ਪਰ ਜਦੋਂ ‘ਝੀਲ’ ਬਨਣ ਲਈ ਤੁਰਿਆ ਜਲ, ਇੱਕ ਧਰਤੀ ਦੇ ਟੁਕੜੇ ਲਈ ਅਟਕ ਜਾਵੇ ਤਾਂ ਬੜਾ ਕੁੱਝ ਟੁੱਟਦਾ ਹੈ।
ਉਨ੍ਹਾਂ ਦਿਨਾਂ ‘ਚ ਸਾਡੇ ਮਨਾਂ ਅੰਦਰ ਆਦਰਸ਼ਵਾਦੀ ਰੇਤ ਦਾ ਭਰਤ ਪੈ ਗਿਆ ਸੀ। ਇਸ ਭਰਤ ਨੇ ਸਾਡੇ ਅੰਦਰੋਂ ਉਹ ਚੇਤਨਾ ਖਤਮ ਕਰ ਦਿੱਤੀ, ਜਿਸ ਨਾਲ ਮਨੁੱਖ ਮੰਥਨ ਕਰਦਾ ਹੈ। ਸੰਵਾਦ ਰਚਾਉਂਦਾ ਹੈ। ਜਦੋਂ ਕਦੇ ਸਾਡੇ ਮਨਾਂ ਅੰਦਰ ਸ਼ੱਕ ਦੇ ਵਾ ਵਰੋਲੇ ਉਠਣੇ ਤਾਂ ਰੇਤ ਨੇ ਉਡ ਕੇ ਸਾਡੀਆਂ ਅੱਖਾਂ ਅੰਦਰ ਕਿਰਚਾਂ ਵਾਂਗ ਧਸ ਜਾਣਾ।
ਅਸੀਂ ਸ਼ਰਧਾ ਦੇ ਧੌਲੇ ਬਲਦ ਬਣ ਕੇ ਕੰਮ ਕਰਦੇ ਰਹੇ। ਉਦੋਂ ਸਵਾਲ ਕਰਨ ਨਾਲੋਂ ਅਸੀਂ ਮਿਸ਼ਨ ਨੂੰ ਕਾਮਯਾਬ ਕਰਨ ਲਈ ਮੁਸ਼ੱਕਤ ਕਰਦੇ ਰਹੇ। ਸਵਾ ਸਾਲ ਦੇ ਕਿਸਾਨੀ ਅੰਦੋਲਨ ਵਿੱਚ ਕੌਣ ਕੀ ਖੱਟ ਤੇ ਵੱਟ ਗਿਆ ਹੈ । ਕੌਣ ਨਹੀਂ ਜਾਣਦਾ ? ਪਰ ਚੁੱਪ ਹਨ !
ਸਵਾਲ ਤਾਂ ਸੋਚਣ ਵਾਲਾ ਮਨੁੱਖ ਕਰਦਾ ਪਰ ਜਦੋਂ ਸ਼ਰਧਾ ਤੇ ਆਦਰਸ਼ ਦੀ ਅੱਖਾਂ ਉੱਤੇ ਪੱਟੀ ਬੰਨੀ ਹੋਵੇ ਫਿਰ ਬੰਦਾ ਵੀ ਕੋਹਲੂ ਦਾ ਬਲਦ ਬਣ ਜਾਂਦਾ ਹੈ। ਜਦੋਂ ਉਹ ਸੋਚਣ, ਸਮਝਣ ਦੇ ਕਾਬਲ ਹੁੰਦਾ ਹੈ, ਉਦੋਂ ਦਿੱਲੀ ਦੂਰ ਹੋ ਜਾਂਦੀ ਹੈ, ਦਿਨ ਰਾਤ ਵਿੱਚ ਬਦਲ ਜਾਂਦਾ ਹੈ।
ਸਾਂਝੇ ਕਾਜ ਲਈ ਦਮੜੀਆਂ ਤੇ ਚਮੜੀਆਂ ਦੀ ਕੋਈ ਘਾਟ ਨਹੀਂ ਹੁੰਦੀ। ਜਦੋਂ ਪਤਾ ਹੋਵੇ ਨਾ ਦਮੜੀਆਂ ਦੀ ਨਾ ਬੰਦਿਆਂ ਦੀ, ਫਿਰ ਤਾਂ ਪੰਜੇ ਉਂਗਲਾਂ ਘਿਉ ਵਿੱਚ ਹੁੰਦੀਆਂ ਹਨ।
ਅਸੀਂ ਤਾਂ ਬਾਲਣ ਸੀ, ਬਲਦੇ ਰਹੇ, ਸੜਦੇ ਰਹੇ ਤੇ ਖੜੇ ਪਾਣੀਆਂ ਵਿੱਚ ਹਲਚਲ ਪੈਦਾ ਕਰਦੇ ਰਹੇ। ਉਦੋਂ ਨਾ ਮੌਤ ਦਾ ਭੈਅ ਸੀ, ਨਾ ਦਮੜੀਆਂ ਦਾ ਕੋਈ ਲਾਲਚ ਸੀ।
ਧਰਮ ਦੇ ਨਾਂਅ ਹੇਠ ਪੈਸੇ ਤੇ ਲੋਕਾਂ ਦੀ ਭੀੜ ਇਕੱਠੀ ਕੀਤੀ ਜਾ ਸਕਦੀ ਹੈ, ਉਨ੍ਹਾਂ ਨੂੰ ਚੇਤਨ ਨਹੀਂ ਕੀਤਾ ਜਾ ਸਕਦਾ । ਭੀੜ ਨੂੰ ਵਰਤਿਆ ਜਾ ਸਕਦਾ ਹੈ। ਚੇਤਨਾ ਪੈਦਾ ਕਰਨ ਸਿੱਖਿਆ ਤੇ ਗਿਆਨ ਦੇਣਾ ਜਰੂਰੀ ਹੁੰਦਾ ਹੈ। ਚੇਤਨ ਲੋਕ ਕੁੱਝ ਕੁ ਹੁੰਦੇ ਹਨ। ਬਹੁਗਿਣਤੀ ਤਮਾਸ਼ਾ ਦੇਖਣ ਵਾਲੇ ਹੁੰਦੇ ।
ਚੇਤਨਾ ਪੈਦਾ ਕਰਨ ਵਾਲਿਆਂ ਦੀ ਭੀੜ ਨਹੀਂ ਹੁੰਦੀ ਤੇ ਨਾ ਹੀ ਭੀੜ ਦੀ ਕੋਈ ਸੋਚ ਹੁੰਦੀ ਹੈ। ਜਦ ਭੀੜ ਪੈਦੀ ਹੈ ਕੋਈ ਨਹੀਂ ਨਾਲ ਖੜਦਾ। ਆਪਣਾ ਸਿਰ ਆਪ ਹੀ ਗੁੰਦਣਾ ਪੈਦਾ ਹੈ।
ਬੇਗਾਨੇ ਹੱਥ ਜੂੜਾ ਤੇ ਅਕਲ ਫੜਾ ਕੇ ਜੰਗ ਨਹੀਂ ਜਿੱਤ ਹੁੰਦੀ ।
ਭਾਵਨਾਵਾਂ ਏਨੀਆਂ ਸੂਖਮ ਤੇ ਕਮਜ਼ੋਰ ਨਹੀਂ ਹੁੰਦੀਆਂ ਕਿ ਹਵਾ ਵਗਦਿਆਂ ਹੀ ਭਾਂਬੜ ਬਣ ਜਾਣ। ਅੱਗ ਲੱਗਦੀ ਲਾਈ ਜਾਂਦੀ ਹੈ।
ਤਾੜੀ ਇੱਕ ਹੱਥ ਨਹੀਂ ਦੋਵੇਂ ਹੱਥਾਂ ਨਾਲ ਵੱਜਦੀ ਹੈ। ਤਾੜੀ ਮਾਰ ਕੇ ਹੱਸਣ ਵਾਲੇ ਸਦਾ ਹੀ ਦਗ਼ਾ ਕਮਾਉਦੇ ਹਨ। ਬੁੱਕਲ ਦੇ ਸੱਪ ਤੇ ਘਰਦੇ ਭੇਤੀ ਲੰਕਾ ਢਾਉਦੇ ਹਨ। ਬੰਦਾ ਦੁਸ਼ਮਣ ਤੋਂ ਨਹੀਂ ਆਪਣਿਆਂ ਕਰਕੇ ਹਾਰਦਾ ਤੇ ਮਰਦਾ ਹੈ। ਜਦ ਭਰਾ ਦੁਸ਼ਮਣ ਦੇ ਖੇਮੇ ਵਿੱਚ ਹੋਵੇ…ਫੇਰ ਰਾਵਣ ਵਰਗੇ ਵੀ ਖਤਮ ਹੁੰਦੇ ਹਨ।
ਆਪਣੇ ਅੰਦਰਲੇ ਉਹ ਦੁਸ਼ਮਣ ਮਾਰਨ ਦੀ ਲੋੜ ਹੈ। ਕਾਮ, ਕਰੋਧ, ਲੋਭ,ਮੋਹ ਤੇ ਹੰਕਾਰ ਦੀਆਂ ਲਗਾਮ ਸੰਭਾਲੋ। ਯੁੱਧ ਨੂੰ ਮਹਾਭਾਰਤ ਵਿੱਚ ਬਦਲਣਾ ਹੀ ਹਾਕਮ ਦੀ ਚਾਲ ਹੈ। ਭਰਾ ਮਾਰੂ ਜੰਗ ਨਾ ਲੜੋ। ਹਰ ਚੀਜ਼ ਦਾ ਮੁੱਲ ਨਾ ਵੱਟੋ….ਜੰਗ ਜ਼ੁਲਮੀ ਦੇ ਨਾਲ ਜ਼ੁਲਮ ਖਿਲਾਫ਼ ਲੜੋ…ਬਿਨ ਮੌਤ ਨਾ ਮਰੋ। ਸਮਾਂ ਤੇ ਲਗਾਮ ਅੰਨ੍ਹੇ ਹੱਥ ਨਾ ਦਵੋ। ਆਪਣੇ ਗਿਰੇਵਾਨ ਵਿੱਚ ਝਾਤੀ ਮਾਰੋ। ਹੰਕਾਰ ਦੇ ਘੋੜੇ ਦੇ ਸਵਾਰ ਨੂੰ ਸਮਾਂ ਵਾਹਣੀ ਭਜਾ ਲੈਦਾ ਹੈ । ਝੂਠ ਸਦਾ ਨਹੀਂ ਜਿੱਤਿਆ ਭਾਵੇਂ ਸੱਤਾ ਦਾ ਉਸ ਕੋਲ ਬਲ ਹੋਵੇ । ਦੁਨੀਆਂ ਜਾਣਦੀ ਵੀ ਹੈ ਤੇ ਹੁਣ ਪਛਾਣ ਦੀ ਵੀ ਹੈ ! ਸਮਾਂ ਬਦਲ ਰਿਹਾ ਹੈ । ਗੱਪਾਂ ਤੇ ਥੁੱਕ ਨਾਲ ਪਕੌੜੇ ਸਦਾ ਨਹੀਂ ਪੱਕਦੇ । ਜਦ ਲੋਕਾਂ ਹੱਥਾਂ ਨੂੰ ਥੁੱਕ ਤਾਂ ਸਾਹ ਸੁੱਕ ਗਏ।
ਇਹ ਵਕਤ ਕਿਸੇ ਦੇ ਪਿਓ ਦਾ ਨਹੀਂ ! ਕੀ ਪਤਾ ਕਦ ਢਲ ਜਾਵੇ । ਪਰ ਲੋਕ ਤਾਕਤ ਅੱਗੇ ਹਾਕਮ ਨਹੀਂ ਖੜ੍ਹੇ ਰਹਿ ਸਕਦੇ । ਉਹ ਤਾਂ ਤਨਖਾਹਦਾਰਾਂ ਦੇ ਸਹਾਰੇ ਜੰਗ ਲੜਦੇ ਹਨ । ਤਨਖਾਹਦਾਰ ਨੌਕਰ ਕਿਉਂ ਭੁੱਲ ਜਾਂਦੇ ਹਨ । ਕਾਲੇ ਦੌਰ ਦੇ ਤਨਖਾਹਦਾਰ ਹਾਕਮ ਹੁਣ ਜੇਲਾਂ ਵਿੱਚ ਹਨ । ਹਰ ਵਸਤੂ ਵਿਕਾਊ ਨਹੀਂ ਹੁੰਦੀ । ਆਗੂ ਵਿਕਦੇ ਹਨ ਤੇ ਲੋਕ ਨਹੀਂ । ਤਾਕਤ ਸਦਾ ਨਹੀਂ ਰਹਿੰਦੀ । ਰਾਤ ਦੇ ਅੱਗੇ ਸਵੇਰ ਹੈ ।
ਬੁੱਧ ਸਿੰਘ ਨੀਲੋੰ
94643 70823