ਪੰਜਾਬ ’ਚ ਭਲਕ ਤੋਂ ਹਟੇਗਾ ਕਰਫਿਊ, ਲੌਕਡਾਊਨ 31 ਮਈ ਤੱਕ ਵਧਿਆ

ਚੰਡੀਗੜ੍ਹ (ਸਮਾਜਵੀਕਲੀ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ’ਚ ਸੋਮਵਾਰ ਤੋਂ ਕਰਫ਼ਿਊ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ ਜਦਕਿ ਸੂਬੇ ’ਚ ਲੌਕਡਾਊਨ 31 ਮਈ ਤੱਕ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਪੰਜਾਬ ’ਚ ਲੰਘੇ ਚਾਰ ਦਿਨਾਂ ਤੋਂ ਕੋਵਿਡ ਦੇ ਨਵੇਂ ਕੇਸਾਂ ’ਚ ਹੋਈ ਕਟੌਤੀ ਨੂੰ ਅਧਾਰ ਬਣਾ ਕੇ ਇਹ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਨੇ ਵਿਦਿਅਕ ਸੰਸਥਾਵਾਂ ਹਾਲੇ ਬੰਦ ਰੱਖਣ ਦਾ ਐਲਾਨ ਕੀਤਾ ਹੈ। 18 ਮਈ ਤੋਂ ਗੈਰ ਸੀਮਤ ਜ਼ੋਨਾਂ ਵਿੱਚ ਵੱਧ ਤੋਂ ਵੱਧ ਸੰਭਾਵੀ ਢਿੱਲ ਦੇਣ ਤੇ ਸੀਮਤ ਜਨਤਕ ਆਵਾਜਾਈ ਬਹਾਲ ਕਰਨ ਦੇ ਵੀ ਸੰਕੇਤ ਦਿੱਤੇ ਗਏ ਹਨ। ਉਨ੍ਹਾਂ ਐਲਾਨ ਕੀਤਾ ਕਿ ਗੈਰ ਸੀਮਤ ਖ਼ਿੱਤਿਆਂ ਵਿੱਚ ਦੁਕਾਨਾਂ ਅਤੇ ਛੋਟੇ ਕਾਰੋਬਾਰ ਸ਼ੁਰੂ ਕਰਨ ਲਈ ਸੀਮਤ ਜ਼ੋਨ ਸਖ਼ਤੀ ਨਾਲ ਸੀਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੌਕਡਾਊਨ 4.0 ਬਾਰੇ ਨਵੇਂ ਕੇਂਦਰੀ ਦਿਸ਼ਾ ਨਿਰਦੇਸ਼ਾਂ ਦੀ ਸਮੀਖਿਆ ਕਰਕੇ ਪੰਜਾਬ ’ਚ ਦਿੱਤੀਆਂ ਜਾਣ ਵਾਲੀਆਂ ਨਵੀਆਂ ਛੋਟਾਂ ਦਾ ਐਲਾਨ ਵੀ ਸੋਮਵਾਰ ਤੱਕ ਕਰ ਦਿੱਤਾ ਜਾਵੇਗਾ।

ਮੁੱਖ ਮੰਤਰੀ ਨੇ ਛੋਟਾਂ ਤਹਿਤ ਲੌਕਡਾਊਨ ਪੂਰੇ ਦੇਸ਼ ਵਿਚ ਲਾਗੂ ਰੱਖਣ ਦਾ ਮਸ਼ਵਰਾ ਵੀ ਕੇਂਦਰ ਨੂੰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਚ ਹੁਣ ‘ਲਾਲ-ਸੰਤਰੀ’ ਜ਼ੋਨ ਨਹੀਂ ਰੱਖੇ ਜਾਣਗੇ ਬਲਕਿ ਸੌਖੇ ਤਰੀਕੇ ਨਾਲ ਸੀਮਤ ਅਤੇ ਗੈਰ ਸੀਮਤ ਜ਼ੋਨ ਵਿਚ ਪੰਜਾਬ ਨੂੰ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਣਾਲੀ ਤਹਿਤ ਜ਼ਿਲ੍ਹੇ ਦੇ ਇਕ ਹਿੱਸੇ ਵਿੱਚ ਕੋਵਿਡ ਕੇਸਾਂ ਕਾਰਨ ਪੂਰਾ ਜ਼ਿਲ੍ਹਾ ਰੈੱਡ ਜ਼ੋਨ ਦੀ ਸ਼੍ਰੇਣੀ ਵਿੱਚ ਪਾਇਆ ਜਾਂਦਾ ਹੈ ਜਿਸ ਦੇ ਨਤੀਜੇ ਵਜੋਂ ਉੱਥੇ ਉਦਯੋਗ ਅਤੇ ਦੁਕਾਨਾਂ ਆਦਿ ਕਾਰੋਬਾਰ ਵੀ ਸਾਰੀਆਂ ਬੰਦਿਸ਼ਾਂ ਹੇਠ ਆ ਜਾਂਦੇ ਹਨ।

ਉਨ੍ਹਾਂ ਇਹ ਵੀ ਆਖਿਆ ਕਿ ਦਫ਼ਤਰਾਂ ਨੂੰ ਆਮ ਦਫ਼ਤਰੀ ਸਮੇਂ ਦੌਰਾਨ ਪੂਰੇ ਹਫਤੇ ਲਈ ਖੁੱਲ੍ਹਣ ਦੀ ਆਗਿਆ ਦਿੱਤੀ ਜਾ ਸਕਦੀ ਹੈ। ਮੁੱਖ ਮੰਤਰੀ ਨੇ ਅੱਜ ਫੇਸਬੁਕ ’ਤੇ ‘ਕੈਪਟਨ ਨੂੰ ਸੁਆਲ’ ਪ੍ਰੋਗਰਾਮ ਦੌਰਾਨ ਹੀ ਕਰਫਿਊ ਖਤਮ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਦੇਸ਼ ਭਰ ’ਚੋਂ 60 ਹਜ਼ਾਰ ਅਤੇ ਵਿਦੇਸ਼ ’ਚੋਂ ਕਰੀਬ 20 ਹਜ਼ਾਰ ਪੰਜਾਬੀ ਪਰਤ ਰਹੇ ਹਨ ਤੇ ਮੁਸਤੈਦ ਰਹਿਣ ਦੀ ਲੋੜ ਹੈ। ਕੈਪਟਨ ਨੇ ਕਿਹਾ ਕਿ ਸਕੂਲ ਬਿਨਾਂ ਫੀਸ ’ਚ ਵਾਧਾ ਕੀਤੇ ਆਨ ਲਾਈਨ ਕਲਾਸਾਂ ਸ਼ੁਰੂ ਕਰਕੇ ਟਿਊਸ਼ਨ ਫੀਸ ਲੈ ਸਕਦੇ ਹਨ।

Previous articleਆਰਥਿਕ ਪੈਕੇਜ ਦੀ ਚੌਥੀ ਕੜੀ ਨਾਲ ਰੁਜ਼ਗਾਰ ਨੂੰ ਹੁਲਾਰਾ ਮਿਲੇਗਾ: ਮੋਦੀ
Next articleਸੜਕ ਹਾਦਸਿਆਂ ’ਚ 35 ਪਰਵਾਸੀ ਮਜ਼ਦੂਰ ਹਲਾਕ