ਸੜਕ ਹਾਦਸਿਆਂ ’ਚ 35 ਪਰਵਾਸੀ ਮਜ਼ਦੂਰ ਹਲਾਕ

ਯੂਪੀ ’ਚ 27 ਅਤੇ ਮੱਧ ਪ੍ਰਦੇਸ਼ ’ਚ 8 ਜਣਿਆਂ ਦੀ ਗਈ ਜਾਨ

ਔਰੱਈਆ (ਸਮਾਜਵੀਕਲੀ) : ਉੱਤਰ ਪ੍ਰਦੇਸ਼ ਦੇ ਔਰੱਈਆ ਅਤੇ ਮੱਧ ਪ੍ਰਦੇਸ਼ ’ਚ ਅੱਜ ਵਾਪਰੇ ਪੰਜ ਵੱਖ ਵੱਖ ਸੜਕ ਹਾਦਸਿਆਂ ’ਚ 35 ਪਰਵਾਸੀ ਮਜ਼ਦੂਰ ਹਲਾਕ ਹੋ ਗਏ। ਇਨ੍ਹਾਂ ਹਾਦਸਿਆਂ ’ਚ 69 ਹੋਰ ਜਣੇ ਜ਼ਖ਼ਮੀ ਹੋਏ ਹਨ। ਔਰੱਈਆ ਨੇੜੇ ਹਾਈਵੇਅ ’ਤੇ ਅੱਜ ਤੜਕੇ ਤਿੰਨ ਅਤੇ ਸਾਢੇ ਤਿੰਨ ਵਜੇ ਦੇ ਵਿਚਕਾਰ ਵਾਪਰੇ ਹਾਦਸੇ ’ਚ 25 ਪਰਵਾਸੀ ਮਜ਼ਦੂਰ ਮਾਰੇ ਗਏ ਅਤੇ 40 ਹੋਰ ਜ਼ਖ਼ਮੀ ਹੋ ਗਏ।

ਮੱਧ ਪ੍ਰਦੇਸ਼ ’ਚ ਸ਼ਨਿਚਰਵਾਰ ਨੂੰ ਹੋਏ ਤਿੰਨ ਹਾਦਸਿਆਂ ’ਚ ਚਾਰ ਔਰਤਾਂ ਸਮੇਤ ਅੱਠ ਪਰਵਾਸੀ ਮਜ਼ਦੂਰ ਮਾਰੇ ਗਏ। ਸਾਗਰ, ਗੁਨਾ ਅਤੇ ਬਰਵਾਨੀ ਜ਼ਿਲ੍ਹਿਆਂ ’ਚ ਵਾਪਰੇ ਇਨ੍ਹਾਂ ਹਾਦਸਿਆਂ ’ਚ 29 ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਮਹਾਰਾਸ਼ਟਰ ਤੋਂ ਯੂਪੀ ਵੱਲ ਜਾ ਜਾ ਰਹੇ ਮਜ਼ਦੂਰਾਂ ਦਾ ਟਰੱਕ ਸਾਗਰ ਨੇੜੇ ਪਲਟ ਗਿਆ ਜਿਸ ’ਚ ਛੇ ਵਿਅਕਤੀਆਂ ਦੀ ਮੌਤ ਅਤੇ 19 ਹੋਰ ਵਿਅਕਤੀ ਜ਼ਖ਼ਮੀ ਹੋ ਗਏ।

ਟਰੱਕ ’ਚ ਕੱਪੜਿਆਂ ਦੀਆਂ ਗੱਠੜੀਆਂ ਲੱਦੀਆਂ ਹੋਈਆਂ ਸਨ ਅਤੇ ਉਨ੍ਹਾਂ ’ਚ ਮਜ਼ਦੂਰਾਂ ਨੂੰ ਤੂੜਿਆ ਹੋਇਆ ਸੀ। ਗੁਨਾ ਜ਼ਿਲ੍ਹੇ ਦੇ ਭਦੌਰਾ ਨੇੜੇ ਟੈਂਪੂ ਦੇ ਪਲਟਣ ਕਾਰਨ ਇਕ ਵਿਅਕਤੀ ਮਾਰਿਆ ਗਿਆ ਜਦਕਿ 11 ਹੋਰ ਜ਼ਖ਼ਮੀ ਹੋ ਗਏ। ਬਰਵਾਨੀ ਜ਼ਿਲ੍ਹੇ ’ਚ ਟਰੱਕ ਦੀ ਇਕ ਹੋਰ ਵਾਹਨ ਨਾਲ ਟੱਕਰ ਹੋਣ ਕਾਰਨ ਇਕ ਵਿਅਕਤੀ ਮਾਰਿਆ ਗਿਆ।

ਟਰੱਕ ’ਚ 45 ਮਜ਼ਦੂਰ ਸਵਾਰ ਸਨ। ਔਰੱਈਆ ’ਚ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਜਸਥਾਨ ਤੋਂ ਆ ਰਹੇ ਟਰੱਕ ਨੇ ਔਰੱਈਆ-ਕਾਨਪੁਰ ਦੇਹਾਤ ਪੱਟੀ ’ਤੇ ਤੜਕੇ ਤਿੰਨ ਅਤੇ ਸਾਢੇ ਤਿੰਨ ਵਜੇ ਦੇ ਵਿਚਕਾਰ ਉਥੇ ਖੜ੍ਹੇ ਇਕ ਹੋਰ ਟਰੱਕ ਨੂੰ ਟੱਕਰ ਮਾਰ ਦਿੱਤੀ। ਦੋਵੇਂ ਟਰੱਕਾਂ ’ਚ ਪਰਵਾਸੀ ਮਜ਼ਦੂਰ ਸਵਾਰ ਸਨ ਜੋ ਆਪਣੇ ਪਿੱਤਰੀ ਰਾਜਾਂ ਨੂੰ ਪਰਤ ਰਹੇ ਸਨ।

ਪੁਲੀਸ ਮੁਤਾਬਕ ਜਦੋਂ ਹਾਦਸਾ ਵਾਪਰਿਆ ਤਾਂ ਦਿੱਲੀ ਤੋਂ ਆ ਰਹੇ ਟਰੱਕ ’ਚ ਸਵਾਰ ਕੁਝ ਕਾਮੇ ਚਾਹ ਪੀਣ ਲਈ ਰੁਕੇ ਸਨ। ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵੇਂ ਵਾਹਨ ਪਲਟ ਕੇ ਇਕ ਖੱਡ ’ਚ ਡਿੱਗ ਗਏ। ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਮਾਰੇ ਗਏ ਵਿਅਕਤੀ ਝਾਰਖੰਡ ਤੇ ਪੱਛਮੀ ਬੰਗਾਲ ਤੋਂ ਸਨ ਅਤੇ ਕੁਝ ਪੂਰਬੀ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਤੋਂ ਸਨ।

ਔਰੱਈਆ ਸਰਕਲ ਅਫ਼ਸਰ ਸੁਰੇਂਦਰਨਾਥ ਯਾਦਵ ਮੁਤਾਬਕ ਟਰਾਲਰ ਟਰੱਕ ’ਚ ਕਰੀਬ 50 ਪਰਵਾਸੀ ਮਜ਼ਦੂਰ ਸਵਾਰ ਸਨ। ਸੂਬਾ ਸਰਕਾਰ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਜਦਕਿ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਆਟੋ ਰਿਕਸ਼ਾ ’ਚ ਹਰਿਆਣਾ ਤੋਂ ਬਿਹਾਰ ਪਰਤ ਰਹੇ ਜੋੜੇ ਦੀ ਯੂਪੀ ਦੇ ਉਨਾਓ ’ਚ ਮੌਤ ਹੋ ਗਈ। ਜੋੜਾ ਜਦੋਂ ਆਟੋ ਰਿਕਸ਼ਾ ’ਚ ਤੇਲ ਭਰ ਰਿਹਾ ਸੀ ਤਾਂ ਪਿੱਛੋਂ ਦੀ ਤੇਜ਼ ਰਫ਼ਤਾਰ ਲੋਡਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ 6 ਸਾਲ ਦਾ ਬੱਚਾ ਵਾਲ ਵਾਲ ਬਚ ਗਿਆ ।

Previous articleਪੰਜਾਬ ’ਚ ਭਲਕ ਤੋਂ ਹਟੇਗਾ ਕਰਫਿਊ, ਲੌਕਡਾਊਨ 31 ਮਈ ਤੱਕ ਵਧਿਆ
Next articleਜੋਗਿੰਦਰਨਗਰ ਦੇ ਊਹਲ ਪਾਵਰ ਹਾਊਸ ’ਚ ਜ਼ੋਰਦਾਰ ਧਮਾਕਾ: 30 ਕਰਮਚਾਰੀ ਬਚਾਏ, ਕਰੋੜਾਂ ਦਾ ਨੁਕਸਾਨ