ਛਟਮ ਪੀਰ ਬੈਠਾ ਗੁਰ ਭਾਰੀ

(6 ਜੂਨ ਪ੍ਰਕਾਸ਼ ਦਿਵਸ)

ਸਿੱਖ ਧਰਮ ਇੱਕ ਅਜਿਹਾ ਧਰਮ ਹੈ ਜਿਹੜਾ ਰੱਬੀ ਨੇੜਤਾ/ਮਿਹਰ ਨੂੰ ਹਾਸਲ ਕਰਨ ਲਈ ਕੇਵਲ ਪ੍ਰੇਮ ਪੂਰਵਕ ਅਤੇ ਸ਼ਰਧਾਮਈ ਜੀਵਨ-ਜਾਂਚ ਨੂੰ ਅਪਨਾਉਣ ਦੀ ਡੱਟਵੀ ਹਮਾਇਤ ਕਰਦਾ ਹੈ।ਗੱਲ ਇੱਥੇ ਹੀ ਬਸ ਨਹੀਂ ਸਗੋਂ ਪਰਮਾਰਥ ਦਾ ਪੈਂਡਾ ਤਹਿ ਕਰਕੇ ਉਸ ਪਰਮ-ਪਿਤਾ ਦੀ ਕਿਰਪਾ ਦਾ ਪਾਤਰ ਬਣਨ ਲਈ ਵਿਚਾਰਾਂ ਦੀ ਉੱਚਤਾ ਅਤੇ ਵਿਹਾਰ ਦੀ ਸੁੱਚਤਾ ਦੀ ਬਾਤ ਵੀ ਪਾਈ ਹੈ। ਗੁਰੂ ਨਾਨਕ ਦੇਵ ਜੀ ਨੇ ਤਾਂ ਮਨੁੱਖੀ ਕਾਰ-ਵਿਹਾਰ ਕਰਦਿਆਂ ਹੀ ਰੂਹਾਨੀਅਤ ਦੀਆਂ ਸਿਖਰਾਂ ਛੂਹਣ ਦੀ ਗੱਲ ਇਸ ਤਰ੍ਹਾਂ ਕੀਤੀ ਹੈ-

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥2॥ (ਪੰਨਾ-522)

ਪੰਜਵੇਂ ਨਾਨਕ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਕ ਤਾਂ ਸਿੱਖ ਧਰਮ ਸ਼ਾਂਤਮਈ ਕਦਰਾਂ-ਕੀਮਤਾਂ ਦੀ ਡੱਟ ਕੇ ਪਹਿਰੇਦਾਰੀ ਕਰਦਾ ਰਿਹਾ ਅਤੇ ਰਾਜਸੀ ਅਤਿਆਚਾਰ ਨੂੰ ਵੀ ਠੱਲ ਪਾਉਣ ਲਈ ਸ਼ਹੀਦੀਆਂ ਦਿੱਤੀਆਂ ਤੇ ਇਹਨਾਂ ਸ਼ਹੀਦੀਆਂ ਉਪਰੰਤ ਸਿੱਖ ਧਰਮ ਇਕ ਨਿਵੇਕਲੇ ਅਤੇ ਕ੍ਰਾਂਤੀਕਾਰੀ ਮੋੜ ਵੱਲ ਮੁੜ ਗਿਆ ਜਿਸ ਨੂੰ ਭਾਈ ਗੁਰਦਾਸ ਜੀ ਨੇ ਇੰਜ ਬਿਆਨਿਆ ਹੈ:-

ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਭਾਰੀ॥
ਅਰਜਨ ਕਾਇਆਂ ਪਲਟ ਕੈ ਮੂਰਤ ਹਰਿਗੋਬਿੰਦ ਸਵਾਰੀ॥
ਚਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ॥
ਦਲ ਭੰਜਨ ਗੁਰ ਸੂਰਮਾਂ ਵਡ ਜੋਧਾ ਬਹੁ ਪਰਉਪਕਾਰੀ॥ (1-48-4)

ਪੀੜੀ ਭਾਵੇਂ ਸੋਢੀਆਂ ਦੀ ਹੀ ਸੀ ਅਤੇ ਹਾਕਮ ਵੀ ਪੰਚਮ ਪਾਤਸ਼ਾਹ ਦਾ ਹੀ ਵਰਤ ਰਿਹਾ ਸੀ ਪਰ ਅਭਿਆਸੀ ਰੂਪ ਵਿਚ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਲਾਗੂ ਕਰਨ ਦਾ ਮਾਣ ਛੇਵੇਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੀ ਹਿੱਸੇ ਆਉਂਦਾ ਹੈ। ਇਸ ਸਿਧਾਂਤ ਨੂੰ ਅਮਲੀ ਜਾਮਾ ਪਹਿਨਾਕੇ ਜਿਥੇ ਛੇਵੇਂ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਦੀ ਸੰਤ ਬਲ ਅਤੇ ਰਾਜ ਬਲ ਨਾਲ ਆਪਸੀ ਸਾਂਝ ਪੁਆਈ, ਉਥੇ ਸੰਤਾ ਨੂੰ ਸਿਪਾਹੀ ਵਾਲਾ ਮੁਹਾਂਦਰਾ ਵੀ ਪ੍ਰਦਾਨ ਕੀਤਾ। ਕਿਉਂਕਿ ਗੁਰੂ ਸਾਹਿਬ ਦਾ ਦ੍ਰਿੜ ਵਿਸ਼ਵਾਸ਼ ਸੀ ਕਿ ਗੁਰੂ ਨਾਨਕ ਦੇ ਘਰ ਵਿੱਚ ਸੰਤਤਾਈ ਅਤੇ ਸਿਪਾਹੀਅਤ ਇਕੋ ਹੀ ਸਿੱਕੇ ਦੇ ਦੋ ਪਾਸੇ ਹੋਣਗੇ। ਭਾਵ ਇਕ ਚੰਗਾ ਸੰਤ ਇਕ ਚੰਗਾ ਸਿਪਾਹੀ ਅਤੇ ਇਕ ਚੰਗਾ ਸਿਪਾਹੀ ਨਹੀਂ ਇਕ ਚੰਗਾ ਸੰਤ ਸਾਬਤ ਹੋ ਸਕਦਾ ਹੈ।

ਗੁਰੂ ਨਾਨਕ ਪਾਤਸ਼ਾਹ ਦੀ ਛੇਵੀਂ ਜੋਤ ਸ਼੍ਰੀ ਗੁਰੂ ਹਰਗੋਬਿੰਦ ਜੀ ਦਾ ਜਨਮ 21ਹਾੜ ਸੰਮਤ 1652ਮੁਤਾਬਕ 19 ਜੂਨ 1595 (ਕੁੱਝ ਇਤਿਹਾਸਕਾਰਾਂ ਦੀ ਰਾਇ 9 ਅਤੇ 14 ਜੂਨ ਬਾਰੇ ਵੀ ਹੈ) ਨੂੰ ਇਤਿਹਾਸਿਕ ਸ਼ਹਿਰ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਵੱਸੇ ਨਗਰ ਵਡਾਲੀ (ਗੁਰੂ ਕੀ) ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ।

ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਦੀਆਂ ਜਿਥੇ ਗੁਰੂ ਨਾਨਕ ਨਾਮ-ਲੇਵਾ ਸੰਗਤਾਂ ਨੇ ਭਰਪੂਰ ਖੁਸ਼ੀਆਂ ਮਨਾਈਆ ਉਥੇ ਗੁਰੂ ਘਰ ਦੇ ਦੋਖੀਆਂ ਨੂੰ ਬਹੁਤ ਅਫਸੋਸ ਹੋਇਆ। ਇਨ੍ਹਾਂ ਦੋਖੀਆ ਵਿਚ ਪ੍ਰਮੁੱਖ ਨਾਮ ਪ੍ਰਿਥੀ ਚੰਦ ਦਾ ਸੀ ਜੋ ਪਰਿਵਾਰਕ ਤੌਰ ਤੇ ਗੁਰੂ ਸਾਹਿਬ ਦੇ ਤਾਇਆ ਜੀ ਲੱਗਦੇ ਸਨ। ਗੁਰਗੱਦੀ ਤੇ ਕਬਜਾ ਕਰਨ ਹਿੱਤ ਈਰਖਾਲੂ ਪ੍ਰਿਥੀ ਚੰਦ ਸ਼੍ਰੀ ਗੁਰੂ ਹਰਗੋਬਿੰਦ ਜੀ ਨੂੰ ਮਾਰਨ ਦੀਆਂ ਵਿਉਂਤ ਬੰਦੀਆਂ ਕਰਨ ਲੱਗਾ। ਇਨ੍ਹਾਂ ਵਿਉਂਤਬੰਦੀਆਂ ਤਹਿਤ ਪਹਿਲਾਂ ਤਾਂ ਉਸ ਨੇ ਇਕ ਜ਼ਹਿਰੀਲੇ ਦੁੱਧ ਵਾਲੀ ਦਾਈ ਨੂੰ ਅੰਮ੍ਰਿਤਸਰ ਤੋਂ ਵਡਾਲੀ ਭੇਜਿਆ ਪਰ ਦਾਈ ਦੇ ਦੁੱਧ ਨੂੰ ਲੱਗਿਆ ਜ਼ਹਿਰ ਉਸ ਦੇ ਆਪਣੇ ਆਪ ਲਈ ਹੀ ਘਾਤਿਕ ਸਾਬਤ ਹੋ ਗਿਆ।ਇਸ ਤੋਂ ਬਾਅਦ ਪ੍ਰਿਥੀਏ ਨੇ ਇਕ ਸਪੇਰੇ ਨੂੰ ਗੰਢ ਲਿਆ। ਉਸ ਸਪੇਰੇ ਨੇ ਬਾਲ ਗੁਰੂ ਵੱਲ ਇਕ ਫ਼ਨੀਅਰ ਸੱਪ ਨੂੰ ਛੱਡ ਦਿੱਤਾ ਪਰ ਹਰਿਗੋਬਿੰਦ ਜੀ (ਗੁਰੂ ਜੀ) ਉਸ ਵਾਰ ਤੋਂ ਵੀ ਬਚ ਗਏ।

ਗੁਰੂ ਅਰਜਨ ਦੇਵ ਜੀ ਜੋ ਸਰਬਤ ਦੇ ਭਲੇ ਅਤੇ ਗੁਰਸਿੱਖੀ ਦੇ ਪ੍ਰਚਾਰ ਲਈ ਲਾਹੌਰ ਗਏ ਹੋਏ ਸਨ। ਉਹ ਪਰਿਵਾਰ ਸਮੇਤੇ 1597 ਈ: ਨੂੰ ਵਡਾਲੀ ਗੁਰੂ ਕੀ ਵਿਖੇ ਆ ਗਏ।ਵਡਾਲੀ ਤੋਂ ਗੁਰੂ ਜੀ ਨੂੰ ਅੰਮ੍ਰਿਤਸਰ ਆਉਣਾ ਪਿਆ। ਪ੍ਰਿਥੀ ਚੰਦ ਵੀ ਅੰਮ੍ਰਿਤਸਰ ਵਿਖੇ ਹੀ ਰਹਿੰਦਾ ਸੀ। ਉਸ ਦੀਆਂ ਪਹਿਲੀਆਂ ਦੋ ਕਰਤੂਤਾਂ ਕਾਰਨ ਉਸ ਦੇ ਹੱਥ ਪੱਲੇ ਤਾਂ ਕੁੱਝ ਪਿਆ ਨਹੀਂ ਸਗੋਂ ਨਮੋਸ਼ੀ ਹੀ ਸਹਿਣੀ ਪਈ ਸੀ। ਇਸ ਵਾਰ ਉਹ ਥੋੜਾ ਜਿਹਾ ਵਧੇਰੇ ਚੌਕਸ ਹੋ ਗਿਆ। ਇਸ ਵਾਰੀ ਉਸ ਨੇ ਪੂਰੀ ਚੌਕਸੀ ਨਾਲ ਗੁਰੂ ਜੀ ਤੇ ਤੀਸਰਾ ਹਮਲਾ ਕਰ ਦਿੱਤਾ।ਇਸ ਹਮਲੇ ਤਹਿਤ ਉਸ ਨੇ ਇਕ ਖਿਡਾਵੇ ਨੂੰ ਲਾਲਚ ਦੇ ਕੇ ਬਾਲ-ਗੁਰੂ ਨੂੰ ਦਹੀਂ ਵਿਚ ਜ਼ਹਿਰ ਮਿਲਾ ਕੇ ਦੇਣ ਲਈ ਕਿਹਾ। ਪਰ ਗੁਰੂ ਸਾਹਿਬ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਖਿਡਾਵਾ ਕੋਈ ਧੱਕੇਸ਼ਾਹੀ ਕਰਦਾ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਵੀ ਉੱਥੇ ਪਹੁੰਚ ਗਏ। ਖਿਡਾਵੇ ਨੂੰ ਆਪਣੀ ਅਤਿ ਨੀਚ ਹਰਕਤ ਦੀ ਕੀਮਤ (ਸੂਲ ਪੈ ਜਾਣ ਕਾਰਨ) ਜਾਨੋਂ ਹੱਥ ਧੋ ਕੇ ਚੁਕਾਉਣੀ ਪਈ।

1605 ਈ: ਦੇ ਅਕਤੂਬਰ ਮਹੀਨੇ ਵਿਚ ਜਹਾਂਗੀਰ ਦੀ ਤਖਤਪੋਸ਼ੀ ਹੋਣ ਨਾਲ ਅਕਬਰ ਵਲੋ ਵੱਖ-ਵੱਖ ਧਰਮਾਂ ਪ੍ਰਤੀ ਅਪਨਾਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ। ਰਾਜ ਦਰਬਾਰ ਤੰਗ-ਦਿਲ ਅਤੇ ਫਿਰਕਾਪ੍ਰਸਤ ਮੁਸਲਮਾਨਾਂ ਦੇ ਹੱਥ ਆ ਗਿਆ। ਇਹਨਾਂ ਕੱਟੜ ਪੰਥੀਆਂ ਨੇ ਗੈਰ-ਮੁਸਲਮਾਨਾਂ ਪ੍ਰਤੀ ਨਫ਼ਰਤ ਭਰਪੂਰ ਪਹੁੰਚ ਅਖਤਿਆਰ ਕਰ ਲਈ। ਇਸ ਪਹੁੰਚ ਦਾ ਢੁੱਕਵਾ ਜਵਾਬ ਦੇਣ ਲਈ ਬਾਬਾ ਬੁੱਢਾ ਜੀ ਨੇ ਜਿਥੇ ਬਾਲਕ ਹਰਗੋਬਿੰਦ ਜੀ ਨੂੰ ਹਰਫ਼ੀ ਇਲਮ ਦਿੱਤਾ, ਉਥੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜੀ ਅਤੇ ਹੋਰ ਜੰਗੀ ਕਰਤਬਾਂ ਦੀ ਸਿਖਲਾਈ ਵੀ ਦਿੱਤੀ। ਕਿਉਂਕਿ ਬਾਬਾ ਬੁੱਢਾ ਜੀ ਨੇ ਆਪਣੀ ਦੂਰ-ਅੰਦੇਸ਼ੀ ਨਾਲ ਭਾਂਪ ਲਿਆ ਸੀ ਕਿ ਮੁਗਲ ਹਕੂਮਤ ਨਾਲ ਸਿੱਖਾਂ ਨੂੰ ਦੋ ਹੱਥ ਕਰਨੇ ਹੀ ਪੇਣੈ ਹਨ।

6 ਅਪ੍ਰੈਲ 1606 ਨੂੰ ਜਹਾਂਗੀਰ ਦਾ ਪੁੱਤਰ ਖੁਸਰੋਂ ਬਾਗੀ ਹੋ ਕੇ ਆਗਰੇ ਤੋਂ ਪੰਜਾਬ ਵੱਲ ਭੱਜ ਪਿਆ। ਤਿੰਨ ਕੁ ਹਫ਼ਤਿਆਂ (27ਅਪ੍ਰੈਲ) ਬਾਅਦ ਉਹ ਝਨਾ ਨਦੀ ਨੂੰ ਪਾਰ ਕਰਦਾ ਫੜਿਆ ਗਿਆ। ਸ਼ੇਖ ਅਹਿਮਦ ਸਰਹੰਦੀ ਅਤੇ ਕੁੱਝ ਹੋਰ ਕੱਟੜ ਪੰਥੀਆਂ ਨੇ ਜਹਾਂਗੀਰ ਦੇ ਕੰਨਾ ਵਿਚ ਗੁਰੂ ਅਰਜਨ ਦੇਵ ਜੀ ਦੇ ਖਿਲਾਫ਼ ਖੁਸਰੋ ਨੂੰ ਸਹਾਇਤਾ ਅਤੇ ਸਹਿਯੋਗ ਦੇਣ ਦੀ ਫੂਕ ਮਾਰ ਦਿੱਤੀ। ਜਹਾਂਗੀਰ ਤੇ ਫੂਕ ਦਾ ਅਜਿਹਾ ਅਸਰ ਹੋਇਆ ਕਿ ਉਸ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ।

ਸੰਨ 1606 ਮਈ ਮਹੀਨੇ ਦੇ ਆਖਰੀ ਹਫ਼ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਜੀ ਅਤੇ ਹੋਰ ਮੁੱਖੀ ਸਿੱਖਾਂ ਨਾਲ ਤਤਕਾਲੀ ਰਾਜਨੀਤਕ ਹਾਲਤਾਂ ਉਪਰ ਗੰਭੀਰ ਵਿਚਾਰ-ਵਟਾਂਦਰਾ ਕੀਤਾ। ਇਸ ਵਿਚਾਰ-ਵਟਾਂਦਰਾ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਵਾਨ ਸਜਾ ਕੇ ਗੁਰਿਆਈ ਦੀ ਜਿੰਮੇਵਾਰੀ ਸ਼੍ਰੀ ਗਰੂ ਹਰਗੋਬਿੰਦ ਜੀ ਨੂੰ ਸੌਂਪ ਦਿੱਤੀ।ਇਸ ਮੌਕੇ ਤੇ ਹੀ ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਨੂੰ ਦੋ ਤਲਵਾਰਾਂ (ਇਕ ਮੀਰੀ ਅਤੇ ਦੂਜੀ ਪੀਰੀ ਦੀ) ਪਹਿਨਾਈਆਂ) ਜੋ ਸੰਸਾਰਕ ਅਤੇ ਆਤਮਕ ਪੱਖ ਦੇ ਸੁਮੇਲ ਦੀ ਗਵਾਹੀ ਦਿੰਦੀਆਂ ਸਨ।

ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਵਰੇਸ ਭਾਵੇਂ ਅਜੇ 11 ਕੁ ਸਾਲ ਦੀ ਹੀ ਸੀ ਪਰ ਆਪਣੇ ਦੂਰਦਰਸ਼ਕ ਨਜ਼ਰੀਏ ਸਦਕਾ ਉਨ੍ਹਾਂ ਨੇ ਇਹ ਸਮਝ ਲਿਆ ਸੀ ਕਿ ਮੁਗਲ ਹਕੂਮਤ ਦੀ ਅਤਿਆਚਾਰੀ ਨੀਤੀ ਦਾ ਸਿਖਰ ਗੁਰੂ ਪਿਤਾ ਦੀ ਸ਼ਹੀਦੀ ਤੱਕ ਹੀ ਸੀਮਤ ਨਹੀਂ ਰਹੇਗਾ। ਇਸ ਨੀਤੀ ਦੇ ਸਮਰਥੱਕ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਦੀ ਵੀ ਪੂਰੀ ਕੋਸ਼ਿਸ਼ ਕਰਨਗੇ। ਹਕੂਮਤ ਦੀ ਇਸ ਭਵਿੱਖ ਮੁੱਖੀ ਕੋਸ਼ਿਸ਼ ਨੂੰ ਅਸਫ਼ਲ ਕਰਨ ਲਈ ਛੇਵੇਂ ਪਾਤਸ਼ਾਹ ਨੇ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣ ਲਿਆ। ਇਸ ਰਾਹ ਤੇ ਸਫ਼ਲਤਾ ਪੂਰਵਕ ਚੱਲਣ ਲਈ ਉਨ੍ਹਾਂ ਨੇ ਮਸੰਦਾਂ ਰਾਹੀ ਆਪਣੇ ਸਿੱਖਾਂ (ਵਿਸ਼ੇਸ਼ ਕਰਕੇ ਵਪਾਰੀ ਵਰਗ) ਨੂੰ ਹੁਕਮਨਾਮੇ ਭੇਜੇ ਕਿ ਸਿੱਖ ਆਪਣੇ ਦਸਵੰਧ ਦੇ ਨਾਲ ਨਾਲ ਵਧੀਆ ਘੋੜੇ ਅਤੇ ਸ਼ਸਤਰ ਵੀ ਖ੍ਰੀਦ ਕੇ ਭੇਜਿਆ ਕਰਨ। ਇਸ ਤਰ੍ਹਾਂ ਸਿੱਖਾਂ ਕੋਲ ਜਿਥੇ ਘੋੜਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਉਥੇ ਗੁਰੂ ਘਰ ਦਾ ਅਸਲਾਖਾਨਾ ਵੀ ਚੰਗਿਆਂ ਸ਼ਸਤਰਾਂ ਨਾਲ ਭਰਪੂਰ ਹੋਣ ਲੱਗ ਪਿਆ।

ਘੋੜੇ ਅਤੇ ਹਥਿਆਰ ਜਮਾਂ ਕਰਨ ਦੇ ਨਾਲ-ਨਾਲ ਸਾਹਿਬ ਨੇ ਆਪਣੇ ਸਿਖਾਂ ਅਤੇ ਸੇਵਕਾਂ ਨੂੰ ਹਥਿਆਰ ਚਲਾਉਣੇ ਸਿਖਾਉਣ ਦਾ ਵੀ ਯੋਗ ਪ੍ਰਬੰਧ ਕਰ ਲਿਆ। ਇਸ ਸਿਖਲਾਈ ਲਈ ਗੁਰੂ ਜੀ ਨੇ 52 ਨਿਪੁੰਨ ਅੰਗ-ਰੱਖਿਅਕਾਂ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। ਹੌਲੀ-ਹੌਲੀ ਸਿੱਖ ਸੈਨਿਕਾਂ ਦੀ ਗਿਣਤੀ ਵੱਧਣ ਲੱਗੀ।ਦੂਰੋਂ-ਨੇੜਿਓ ਕਈ ਗਭਰੂ ਅੰਮ੍ਰਿਤਸਰ ਵਿਖੇ ਆ ਕੇ ਮਹੀਨਿਆਂ ਬੱਧੀ ਪੜਾਅ ਕਰ ਲੈਂਦੇ ਅਤੇ ਮਾਰਸ਼ਲ ਆਰਟ ਦੀ ਸਿਖਲਾਈ ਪ੍ਰਾਪਤ ਕਰਕੇ ਘਰ ਪਰਤ ਜਾਂਦੇ।

ਉਸ ਵਕਤ ਫੌਜਾਂ ਰੱਖਣ ਅਤੇ ਸ਼ਿਕਾਰ ਖੇਡਣ ਦਾ ਕੰਮ ਸਿਰਫ ਰਾਜਿਆਂ-ਮਹਾਂਰਾਜਿਆਂ ਦੇ ਹੀ ਹਿੱਸੇ ਆਉਂਦਾ ਸੀ। ਬਾਕੀਆਂ ਲਈ ਇਹ ਵੰਗਾਰਾਤਮਕ ਸਾਬਤ ਹੋ ਰਹੀਆਂ ਸਨ। ਇਹ ਵੰਗਾਰ ਉਸ ਵਕਤ ਤਾਂ ਹੋਰ ਵੀ ਸਪਸ਼ਟ ਰੂਪ ਅਖਤਿਆਰ ਕਰ ਗਈ ਜਦੋਂ 1608 ਈ: ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਹੋ ਗਈ। ਇਸ ਉਸਾਰੀ ਦਾ ਅਰਥ ਅਕਾਲ –ਪੁਰਖ ਦਾ ਸਦੀਵੀ ਸਿੰਘਾਸਨ ਕਾਇਮ ਕਰਨਾ ਸੀ। ਅਕਾਲ ਤਖਤ ਦੇ ਸਹਾਮਣੇ ਦੋ ਨਿਸ਼ਾਨ ਸਾਹਿਬ, ਰਾਜਨੀਤੀ ਅਤੇ ਧਰਮ ਦੇ ਪ੍ਰਤੀਕ ਵਜੋ ਸਥਾਪਿਤ ਕੀਤੇ ਗਏ। ਇਸ ਤਖਤ ਉਪਰ ਗੁਰੂ ਹਰਗੋਬਿੰਦ ਜੀ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇਣ ਦੇ ਨਾਲ-ਨਾਲ ਸਮੇਂ-ਸਮੇਂ ਹੁਕਮਨਾਮੇ ਵੀ ਜਾਰੀ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਇਸ ਤਖਤ ਦੇ ਸਾਹਮਣੇ ਦੀਵਾਨ ਸਜਾ ਕੇ ਢਾਡੀਆਂ ਦੀਆਂ ਵਾਰਾਂ ਨਾਲ ਸਿੱਖ ਸੰਗਤਾਂ ਵਿਚ ਬੀਰ ਰਸ ਦਾ ਸੰਚਾਰ ਵੀ ਕੀਤਾ ਜਾਂਦਾ ਸੀ। ਇਸ ਬੀਰ-ਰਸੀ ਪ੍ਰਭਾਵ ਸਦਕਾ ਹੀ ਸਿੱਖ ਫੌਜੀਆਂ ਦਾ ਗਿਣਤੀ 500 ਤੱਕ ਪਹੁੰਚ ਗਈ।ਇਸ ਫ਼ੌਜ ਨੂੰ ਪੰਜ ਕਮਾਡਰਾਂ (ਭਾਈ ਜੇਠਾ ਜੀ, ਭਾਈ ਪਿਰਾਣਾ ਜੀ, ਭਾਈ ਬਿਧੀ ਚੰਦ,ਭਾਈ ਪੈੜਾ ਅਤੇ ਭਾਈ ਮੋਖਾ ਜੀ) ਦੀ ਕਮਾਂਡ ਹੇਠ ਕਰ ਦਿੱਤਾ ਗਿਆ।

ਜਦੋਂ ਜਹਾਂਗੀਰ ਨੂੰ ਆਗਰੇ ਨੂੰ ਛੱਡ ਕੇ ਦੱਖਣੀ ਦਿਸ਼ਾ ਵੱਲ ਜਾਣਾ ਪਿਆ ਤਾਂ ਇਹ ਸਮਾਂ ਗੁਰੂ ਸਾਹਿਬ ਲਈ ਕੱਝ ਟਿਕਾਊਪਨ ਵਾਲਾ ਸਾਬਤ ਹੋਇਆ। ਇਸ ਸਮੇਂ ਦਾ ਲਾਹਾ ਗੁਰੂ ਜੀ ਨੇ ਮਾਲਵੇ ਅਤੇ ਦੁਆਬੇ ਵਿਚ ਸਿੱਖੀ ਦਾ ਪ੍ਰਚਾਰ ਕਰਕੇ ਲਿਆ। ਦੁਆਬੇ ਦੀ ਦਿਸ਼ਾ ਵਿਚ ਪ੍ਰਚਾਰ ਕਰਦਿਆਂ ਗੁਰੂ ਸਾਹਿਬ ਨੇ ਕਰਤਾਰਪੁਰ ਨਗਰ ਨੂੰ ਭਾਗ ਲਗਾਏ ਸਨ। ਪੈਂਦੇ ਖਾਂ ਵੀ ਇਥੇ ਹੀ ਗੁਰੂ ਕੀ ਫ਼ੌਜ ਵਿਚ ਭਰਤੀ ਹੋਇਆ ਸੀ।

ਦੁਆਬੇ ਤੋਂ ਬਾਅਦ ਗੁਰੂ ਜੀ ਆਪਣੇ ਸਾਂਢੂ (ਸਾਂਈ ਦਾਸ) ਦੇ ਪਿੰਡ ਡਰੋਲੀ ਭਾਈ ਕੀ ਵਿਖੇ ਆ ਗਏ। ਇਥੇ ਰਹਿ ਕੇ ਗੁਰੂ ਜੀ ਨੇ ਜਿਥੇ ਲੋੜਵੰਦਾਂ ਦੀ ਸਹਾਇਤਾ ਕੀਤੀ ਉਥੇ ਰੱਬੀ ਬਾਣੀ ਦਾ ਸੰਦੇਸ਼ ਵੀ ਘਰ ਘਰ ਪਹੁੰਚਾਇਆ। ਕਸ਼ਮੀਰ ਨੂੰ ਬੇਸ਼ੱਕ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ ਪਰ ਥੁੜ੍ਹਾਂ ਮਾਰੀ ਲੋਕਾਈ ਲਈ ਇਹ ਸਵਰਗੀ ਆਨੰਦ ਕਿਥੋਂ? ਗਿਲਟੀ ਤਾਪ ਦੀ ਤਪਸ਼ ਨਾਲ ਕਸ਼ਮੀਰ ਦਾ ਗਰੀਬ-ਗੁਰਬਾ ਕੁਰਲਾ ਰਿਹਾ ਸੀ। ਇਹ ਕੁਰਲਾਹਟ ਜਦੋਂ ਛੇਵੇਂ ਨਾਨਕ ਤੱਕ ਪਹੁੰਚੀ ਤਾਂ ਦੁਖੀਆਂ ਦਾ ਦਰਦ ਵੰਡਾਉਣ ਲਈ ਉਹ ਕਸ਼ਮੀਰ ਦੀ ਧਰਤੀ ਤੇ ਪਹੁੰਚ ਗਏ। ਦੇਸ਼-ਪ੍ਰਦੇਸ਼ ਤੋਂ ਆਈ ਦਸਵੰਧ ਦੀ ਮਾਇਆ ਵੀ ਰੋਗੀਆਂ ਦੀ ਅਰੋਗਤਾ ਹਿੱਤ ਵਰਤਣੀ ਆਰੰਭ ਕਰ ਦਿੱਤੀ। ਇਸ ਤੋਂ ਇਲਾਵਾ ਗੁਰੂ ਜੀ ਸਿਆਲਕੋਟ ਅਤੇ ਲਾਹੌਰ ਦੀਆਂ ਸੰਗਤਾਂ ਦੀਆਂ ਤਕਲੀਫ਼ਾਂ ਵੀ ਦੂਰ ਕਰਨ ਲਈ ਜਾਇਆ ਕਰਦੇ ਸਨ।

ਗੁਰੂ ਸਾਹਿਬ ਦੀ ਸੇਵਾ-ਭਾਵਨਾ ਅਤੇ ਇਨਸਾਫ਼-ਪਸੰਦੀ ਨੂੰ ਦੇਖ ਕੇ ਕਈ ਦੂਸਰੇ ਧਰਮਾਂ (ਖਾਸ ਕਰਕੇ ਮੁਸਲਿਮ ਸਮਾਜ) ਦੇ ਲੋਕ ਵੀ ਗੁਰੂ ਘਰ ਦੇ ਨੇੜੇ ਆਉਣ ਲੱਗੇ। ਇਹ ਗੱਲ ਵਕਤ ਦੇ ਹਾਕਮ ਜਹਾਂਗੀਰ ਦੀ ਬਰਦਾਸ਼ਤ ਤੋਂ ਬਾਹਰ ਹੋਈ ਜਾ ਰਹੀ ਸੀ। ਉਸ ਨੇ ਜੁਰਮਾਨਾ ਵਸੂਲੀ ਦਾ ਬਹਾਨਾ ਬਣਾ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ। ਇਹ ਕਿਲ੍ਹਾਂ ਸ਼ਾਹੀ ਕੈਦੀਆਂ ਅਤੇ ਲੰਮੀ ਕੈਦ ਵਾਲਿਆਂ ਵਾਸਤੇ ਉਚੇਚੇ ਤੌਰ ਤੇ ਬਣਵਾਇਆ ਗਿਆ ਸੀ। ਕਈਆ ਕੈਦੀਆਂ ਦਾ ਜੀਵਨ ਤਾਂ ਇਸ ਕਿਲ੍ਹੇ ਦੀ ਭੇਟ ਹੀ ਚੜ੍ਹ ਜਾਂਦਾ ਸੀ। ਜਦੋਂ ਛੇਵੇਂ ਪਾਤਸ਼ਾਹ ਕਿਲ੍ਹੇ ਵਿਚ ਗਏ, ਉਨ੍ਹਾਂ ਦੇਖਿਆ ਕਿ ਕਈ ਰਾਜਪੂਤ ਰਜਵਾੜੇ ਅਤੇ ਸ਼ਿਵਾਲਕ ਦੀਆਂ ਪਹਾੜੀਆ ਦੇ ਰਾਜੇ ਵੀ ਕੈਦ ਕਟ ਰਹੇ ਸਨ। ਇਨ੍ਹਾਂ ਰਾਜਿਆਂ ਦੀ ਗਿਣਤੀ 52 ਦੇ ਕਰੀਬ ਸੀ।ਗੁਰੂ ਜੀ ਦੀ ਆਮਦ ਨਾਲ ਇਹ ਮਨਹੂਸ ਕਿਲ੍ਹਾ ਇਕ ਧਰਮਸ਼ਾਲਾ ਦਾ ਰੂਪ ਵਟਾ ਗਿਆ। ਸਵੇਰੇ-ਸ਼ਾਮ ਹੋਣ ਵਾਲੇ ਸਤਿਸੰਗ ਅਤੇ ਧਾਰਮਿਕ ਵਿਚਾਰਾਂ ਨੇ ਕਿਲ੍ਹੇ ਵਿਚਾਲੇ ਵਾਤਾਵਰਣ ਨੂੰ ਹੀ ਬਦਲ ਕੇ ਰੱਖ ਦਿੱਤਾ।ਇਥੋਂ ਤੱਕ ਕਿ ਕਿਲ੍ਹੇ ਦਾ ਦਰੋਗਾ ਹਰੀਦਾਸ ਵੀ ਗੁਰੂ ਸਾਹਿਬ ਦਾ ਪ੍ਰਭਾਵ ਕਬੂਲਣੋਂ ਨਾ ਰਹਿ ਸਕਿਆ।

ਇਧਰ ਜਦੋਂ ਸੰਗਤਾਂ ਨੂੰ ਆਪਣੇ ਸੱਚੇ ਪਾਤਸ਼ਾਹ ਦੀ ਗ੍ਰਿਫਤਾਰੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੇ ਰੋਸ ਦਾ ਪ੍ਰਗਟਾਵਾ,ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚੋਂ ਚੌਕੀਆਂ ਕੱਢ ਕੇ ਕਰਨਾ ਸ਼ੁਰੂ ਕਰ ਦਿੱਤਾ।

ਗੁਰੂ ਸਾਹਿਬ ਦੀ ਗ੍ਰਿਫਤਾਰੀ ਦੀ ਸਭ ਤੋਂ ਵੱਧ ਖੁਸ਼ੀ ਚੰਦੂ ਨੂੰ ਹੋਈ ਕਿਉਂਕਿ ਉਸ ਨੂੰ ਪਤਾ ਸੀ ਕਿ ਜੇਕਰ ਗੁਰੂ ਜੀ ਬਾਹਰ ਆ ਗਏ ਤਾਂ ਉਸ ਨੂੰ ਆਪਣੇ ਕੀਤੇ ਹੋਏ ਪਾਪ ਦੀ ਸਜ਼ਾ ਜ਼ਰੂਰ ਮਿਲੇਗੀ। ਉਸ ਨੇ ਦਰੋਗੇ ਹਰੀਦਾਸ ਰਾਹੀ ਗੁਰੂ ਸਾਹਿਬ ਨੂੰ ਖਤਮ ਕਰਨ ਦਾ ਨਾਕਾਮ ਜਤਨ ਵੀ ਕੀਤਾ।

ਜਹਾਂਗੀਰ ਜੋਬਨ ਰੁੱਤ ਤੋਂ ਹੀ ਸ਼ਰਾਬ-ਪਿਆਲੇ ਦਾ ਸ਼ੌਕੀਨ ਸੀ ਪਰ ਉਮਰ ਵੱਡੀ ਹੋਣ ਨਾਲ ਉਸ ਨੂੰ ਇਹ ਸ਼ੌਕ ਕੁੱਝ ਮਹਿੰਗਾ ਪੈਣ ਲੱਗ ਪਿਆ। ਲੋੜੋਂ ਵੱਧ ਸੇਵਨ ਸਦਕਾ ਉਹ ਸਖਤ ਬਿਮਾਰ ਹੋ ਗਿਆ। ਜਦੋਂ ਦੁਆ ਅਤੇ ਦਵਾ ਕੰਮ ਨਾ ਆਈਆਂ ਤਾਂ ਕਿਸੇ ਨੇਕ-ਬਖ਼ਤ ਨੇ ਉਸ ਨੂੰ ਗੁਰੂ ਸਾਹਿਬ ਦੀ ਨਾਜਾਇਜ਼ ਨਜਰਬੰਦੀ ਦਾ ਅਹਿਸਾਸ ਕਰਵਾ ਦਿੱਤਾ। ਮੁਸੀਬਤ ਵਿਚ ਫਸੇ ਹੋਣ ਕਰਕੇ ਗੱਲ ਉਸ ਦੇ ਵੀ ਮਨ ਲੱਗ ਗਈ। ਉਸ ਨੇ ਗੁਰੂ ਸਾਹਿਬ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ। ਜਦੋਂ ਇਸ ਹੁਕਮ ਦਾ ਪਤਾ ਬੇਕਸੂਰ ਸਿਆਸੀ ਕੈਦੀ ਰਾਜਿਆ ਨੂੰ ਲੱਗਾ ਤਾਂ ਉਨ੍ਹਾਂ ਨੇ ਵੀ ਗੁਰੂ ਸਾਹਿਬ ਦੇ ਸਨਮੁੱਖ ਬੇਨਤੀ ਕੀਤੀ ਕਿ “ਸੱਚੇ ਪਾਤਸ਼ਾਹ! ਸਾਨੂੰ ਵੀ ਇਸ ਨਰਕੀ ਜੀਵਨ ਤੋਂ ਛੁੱਟਕਾਰਾ ਦਿਵਾ ਦਿਉਂ।” ਗੁਰੂ ਜੀ ਨੇ ਜਹਾਂਗੀਰ ਨੂੰ ਸੁਨੇਹਾ ਭੇਜਿਆ ਕਿ ਉਹ ਤਦ ਹੀ ਕਿਲ੍ਹੇ ਵਿਚੋਂ ਬਾਹਰ ਜਾਣਗੇ ਜੇ ਇਨ੍ਹਾਂ ਨਿਰਦੋਸ਼ ਰਾਜਿਆ ਨੂੰ ਰਿਹਾ ਕੀਤਾ ਜਾਵੇਗਾ। ਜਹਾਂਗੀਰ ਬਾਦਸ਼ਾਹ ਨੇ ਗੁਰੂ ਸਾਹਿਬ ਦੀ ਗੱਲ ਮੰਨਦੇ ਹੋਏ ਇਹਨਾਂ ਚਿਰਾਂ ਤੋਂ ਬੰਦ ਕੀਤੇ ਹੋਏ ਸਿਆਸੀ ਰਾਜਿਆ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ।ਜਿਨ੍ਹਾਂ ਦੀ ਗਿਣਤੀ 52 ਦੱਸੀ ਜਾਂਦੀ ਹੈ।ਇਸੇ ਕਰਕੇ ਆਪ ਜੀ ਨੂੰ ਬੰਦੀ ਛੋੜ ਦਾਤਾ ਵੀ ਕਿਹਾ ਜਾਂਦਾ ਹੈ।

ਸ੍ਰੀ ਗੁਰੂ ਹਰਗੋਬਿੰਦ ਜੀ ਧੰਨ ਗੁਰੂ ਨਾਨਕ ਦੇਵ ਜੀ ਵਲੋਂ ਸਥਾਪਿਤ ਕੀਤੇ ਸਾਂਝੀਵਾਲਤਾ ਦੇ ਸਿਧਾਂਤ ਦੇ ਪਹਿਰੇਦਾਰ ਵੀ ਸਨ।ਇਸ ਪਹਿਰੇਦਾਰੀ ਦੀ ਗਵਾਹੀ ਲਾਹੌਰ ਦੇ ਰਹਿਣ ਵਾਲੇ ਸ਼ਾਹੀ ਕਾਜੀ ਦੀ ਬੇਟੀ ਬੀਬੀ ਕੌਲਾ ਦੇ ਆਪ ਜੀ ਪ੍ਰਤੀ ਪ੍ਰਗਟਾਏ ਪਿਆਰ ਅਤੇ ਸਤਿਕਾਰ ਤੋਂ ਭਲੀ-ਭਾਂਤ ਮਿਲ ਜਾਂਦੀ ਹੈ। ਗੁਰੂ ਘਰ ਪ੍ਰਤੀ ਬੀਬੀ ਕੌਲਾ ਦਾ ਅਥਾਹ ਪਿਆਰ ਉਸ ਦੇ ਪਿਉਂ ਤੋ ਸਹਾਰਿਆ ਨਾ ਗਿਆ ਅਤੇ ਉਸ ਨੇ ਆਪਣੀ ਲਾਡਲੀ ਦੇ ਖਿਲਾਫ਼ ਮੌਤ ਦਾ ਫ਼ਤਵਾ ਜਾਰੀ ਕਰ ਦਿੱਤਾ। ਇਸ ਫ਼ਤਵੇ ਦੇ ਅਮਲ ਵਿਚ ਆਉਣ ਤੋਂ ਪਹਿਲਾਂ ਹੀ ਪੰਚਮ ਪਤਾਸ਼ਾਹ ਦੇ ਪਰਮ-ਮਿੱਤਰ ਅਤੇ ਗੁਰੂ ਨਾਨਕ ਦੀ ਸੋਚ ਪ੍ਰਤੀ ਆਸਥਾ ਰੱਖਣ ਵਾਲੇ ਸਾਈਂ ਮੀਆਂ ਮੀਰ ਜੀ ਨੇ ਆਪਣੇ ਖਾਸ ਮੁਰੀਦਾਂ ਦੀ ਮਦਦ ਨਾਲ ਬੀਬੀ ਕੌਲਾਂ ਨੂੰ ਅੰਮ੍ਰਿਤਸਰ ਗੁਰੂ ਸਾਹਿਬ ਦੀ ਸ਼ਰਨ ਵਿੱਚ ਭੇਜ ਦਿੱਤਾ।ਬਾਬੇ ਨਾਨਕ ਦਾ ਦਰ ਸ਼ਰਨ ਆਏ ਦੀ ਹਮੇਸ਼ਾ ਲਾਜ ਰੱਖਦਾ ਆਇਆ ਹੈ ਅਤੇ ਬੀਬੀ ਦੀ ਲਾਜ ਰੱਖਣ ਲਈ ਛੇਵੇਂ ਨਾਨਕ ਨੇ ਉਸ ਦੀ ਰਿਹਾਇਸ਼ ਦਾ ਵੱਖਰਾ ਬੰਦੋਬਸਤ ਕਰ ਦਿੱਤਾ।

ਗੁਰੂ ਸਾਹਿਬ ਸਿੱਖ ਧਰਮ ਦਾ ਪ੍ਰਚਾਰ ਕੇਂਦਰ ਲਾਹੌਰ ਤੋ ਕੁੱਝ ਹੱਟ ਕੇ ਬਣਾਉਣਾ ਚਾਹੁੰਦੇ ਸਨ। ਇਸ ਚਾਹਤ ਲਈ ਉਨ੍ਹਾਂ ਨੇ ਆਪਣੇ ਵੱਡੇ ਫਰਜੰਦ ਬਾਬਾ ਗੁਰਦਿੱਤਾ ਜੀ ਦੀ ਪਹਾੜੀ ਇਲਾਕੇ ਵਿਚ ਕੋਈ ਯੋਗ ਸਥਾਨ ਚੁਣਨ ਦੀ ਸੇਵਾ ਲਗਾਈ। ਬਾਬਾ ਜੀ ਨੇ ਉਹ ਸਥਾਨ ਰੋਪੜ ਤੋਂ ਨੰਗਲ ਸੜਕ ਤੇ ਵੱਸੇ ਨਗਰ (ਸ੍ਰੀ ਕੀਰਤਪੁਰ ਸਾਹਿਬ) ਨੂੰ ਚੁਣਿਆ। ਇਹ ਨਗਰ ਸਿੱਖ ਸਮਾਜ ਲਈ ਬਹੁਤ ਹੀ ਮੁਕੱਦਸ ਅਤੇ ਸਤਿਕਾਰ ਵਾਲਾ ਹੈ।

ਗੁਰੂ ਹਰਗੋਬਿੰਦ ਸਾਹਿਬ ਦੀਆਂ ਸਰਗਰਮੀਆਂ ਜਿਵੇ ਆਪਣੀ ਫੌਜ ਰੱਖਣਾ, ਨਗਾਰਾ, ਸ਼ਿਕਾਰ ਖੇਡਣਾ ਅਤੇ ਕਲਗੀ ਲਗਾ ਕੇ ਸ਼੍ਰੀ ਅਕਾਲ ਤਖ਼ਤ ‘ਤੇ ਬੈਠਣਾ ਆਦਿ ਮੁਗਲ ਸਰਕਾਰ ਲਈ ਸਿੱਧੀ ਵੰਗਾਰ ਸੀ।
1627 ਈ ਵਿਚ ਜਹਾਂਗੀਰ ਫੌਤ ਹੋ ਗਿਆ। ਉਸ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਨ ਰਾਜਗੱਦੀ ਦਾ ਵਾਰਸ ਬਣ ਗਿਆ।ਕੱਟੜ ਪੰਥੀ ਮੁਸਲਮਾਨਾ ਨੂੰ ਖੁਸ਼ ਕਰਨ ਲਈ ਉਸਨੇ ਗੈਰ- ਮੁਸਲਿਮ ਭਾਈਚਾਰੇ ਤੇ ਜ਼ਿਆਦਤੀਆ ਦਾ ਸਿਲਸਿਲਾ ਆਰੰਭ ਕਰ ਦਿੱਤਾ। ਇਸ ਸਿਲਸਿਲੇ ਨੂੰ ਠੱਲ ਪਾਉਣ ਲਈ ਛੇਵੇਂ ਗੁਰੂ ਨੂੰ ਸਮੇ-ਸਮੇਂ ਕਈ ਜੰਗਜੂ ਕਾਰਵਾਈਆਂ/ਲੜਾਈਆਂ ਵੀ ਕਰਨੀਆ ਪਈਆ। ਇਸ ਲੜੀ ਵਜੋ ਉਨ੍ਹਾਂ ਨੂੰ ਰੁਹਲੇ (ਸ਼੍ਰੀ ਹਰਗੋਬਿੰਦਪੁਰ ਸਾਹਿਬ) ਵਿਖੇ ਪਹਿਲੀ ਲੜਾਈ ਲੜਨੀ ਪਈ।
ਗੁਰੂ ਸਾਹਿਬ ਦੀ ਦੂਸ੍ਰੀ ਜੰਗ ਲੌਹਗੜ ਤੋਂ ਲੈ ਕੇ ਅਜੋਕੇ ਖਾਲਸਾ ਕਾਲਜ ਤੱਕ ਹੋਣੀ। ਇਸ ਲੜਾਈ ਵਿਚ ਗੁਰੂ ਕੀ ਫੌਜ ਨੇ ਵੈਰੀ ਨੂੰ ਕਰਾਰੀ ਹਾਰ ਦਿੱਤੀ। ਇਹ ਸਮਾਂ ਅੱਧ ਅਪ੍ਰੈਲ 1634 ਈ ਦਾ ਹੈ।
ਤੀਸ੍ਰੀ ਲੜਾਈ ਮਰਾਝ ਦੇ ਨਜਦੀਕ ਇਕ ਢਾਬ ਉੱਤੇ ਮੋਰਚੇ ਕਾਇਮ ਕਰਕੇ ਲੜੀ ਗਈ। ਜਿਸ ਦਾ ਕਾਰਣ ਭਾਈ ਬਿਧੀ ਚੰਦ ਜੀ ਦੁਆਰਾ ਉਨ੍ਹਾਂ ਦੋ ਘੋੜਿਆ ਨੂੰ ਲਾਹੌਰ ਦੇ ਕਿਲ੍ਹੇ ਵਿਚੋ ਕੱਢ ਕੇ ਗੁਰੂ ਦਰਬਾਰ ਵਿਚ ਅਪੜਾਉਣਾ ਸੀ ਜਿਨ੍ਹਾਂ ਨੂੰ ਕਾਬਲ ਤੋਂ ਆ ਰਹੇ ਸਿੱਖਾਂ ਕੋਲੋ ਲਾਹੌਰ ਦੇ ਹਾਕਮ ਨੇ ਖੋਹ ਲਿਆ ਸੀ। ਇਹ ਸਮਾਂ ਅੱਧ ਦੰਸਬਰ 1634 ਈ ਦਾ ਹੈ।

ਗੁਰੂ ਸਾਹਿਬ ਦੀ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ ਜੋ ਸਿੱਖ ਇਤਿਹਾਸ ਵਿਚ ਇਕ ਅਹਿਮ ਸਥਾਨ ਰੱਖਦੀ ਹੈ। ਇਸ ਜੰਗ ਦਾ ਸਬੱਬ ਸਿੱਖ ਫੌਜ ਦੇ ਇਕ ਸਾਬਕਾ ਜਰਨੈਲ ਪੈਂਦੇ ਖਾਨ ਦੀ ਗੁਰੂ ਘਰ ਨਾਲ ਗਦਾਰੀ ਅਤੇ ਫੌਜਦਾਰ ਕਾਲੇ ਖਾਂ ਦੀ ਬਦਲੇ ਦੀ ਭਾਵਨਾ ਸੀ। ਸੋ ਇਨ੍ਹਾਂ ਦੁਸ਼ਟਾਂ ਨੇ ਮਿਲਵੇ ਰੂਪ ਵਿਚ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ। ਇਹ ਜੰਗ ਅਪ੍ਰੈਲ ਮਹੀਨੇ ਦੇ ਆਖਰੀ ਹਫ਼ਤੇ 1635 ਈਸਵੀ ਨੂੰ ਲਗਾਤਾਰ ਤਿੰਨ ਦਿਨ ਹੁੰਦਾ ਰਿਹਾ।

ਗੁਰੂ ਸਾਹਿਬ ਦੀ ਪੰਜਵੀ ਲੜਾਈ ਪਲਾਹੀ ਸਾਹਿਬ (ਫਗਵਾੜਾ) ਵਿਖੇ ਹੋਈ 29 ਅਪ੍ਰੈਲ 1635 ਈ: ਨੂੰ ਸ਼ਾਹੀ ਫੌਜਾਂ ਨੇ ਗੁਰੂ ਕੀਆਂ ਫੌਜਾਂ ਤੇ ਅਚਾਨਕ ਹਮਲਾ ਕਰ ਦਿੱਤਾ। ਹਮਲਾ ਭਾਵੇਂ ਕਹਿਰੀ ਸੀ ਪਰ ਸਿੱਖਾਂ ਨੇ ਇਸ ਦਾ ਮੂੰਹ ਤੋੜਵਾ ਜਵਾਬ ਦਿੱਤਾ। ਇਸ ਤਰ੍ਹਾਂ ਸ਼ਾਹੀ ਫੌਜਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਗਿਆ।

ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪੂਰੀ ਹਯਾਤੀ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਹਿੱਤ ਲਗਾ ਦਿੱਤੀ। ਇਸ ਮਨੋਰਥ ਦੀ ਸਿੱਧੀ ਲਈ ਰੁਕਾਵਟ ਪੈਦਾ ਕਰਨ ਵਾਲੀ ਹਰੇਕ ਧਿਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਗਿਆ। ਜਿਥੇ ਗੁਰੂ ਸਾਹਿਬ ਨੇ ਆਪਣੀ ਕਹਿਣੀ ਅਤੇ ਕਰਣੀ ਵਿਚ ਸਮਤੋਲ ਬਣਾਈ ਰੱਖਿਆ ਉਥੇ ਆਪਣੇ ਵਿਸ਼ਵਾਸ਼ ਪਾਤਰਾਂ ਨੂੰ ਸੇਵਾ ਅਤੇ ਸਿਮਰਨ ਨਾਲ ਵੀ ਜੋੜੀ ਰੱਖਿਆ।

ਆਪਣੀ ਸੰਸਾਰਿਕ ਯਾਤਰਾ ਦੀ ਸੰਪੂਰਤਾ ਨੂੰ ਨੇੜੇ ਜਾਣ ਕੇ ਛੇਵੇ ਸਤਿਗੁਰਾਂ ਨੇ ਗੁਰਗੱਦੀ ਦੀ ਜਿੰਮੇਵਾਰੀ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨੂੰ ਸੌਪ ਦਿੱਤੀ।ਗੁਰਗੱਦੀ ਦੀ ਸੌਪਣਾ ਕਰਨ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਸੰਨ 1644 ਨੂੰ ਜੋਤੀ ਜੋਤ ਸਮਾ ਗਏ।

 

  • -ਰਮੇਸ਼ ਬੱਗਾ ਚੋਹਲਾ
  • ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
  • ਮੋਬ:+91 94631 32719
Previous article“ਨੇਤਾ”
Next articleਬ੍ਰਿਟੇਨ ”ਚ ਅਰਥਵਿਵਸਥਾ ਨੂੰ ਪਟੜੀ ”ਤੇ ਲਿਆਉਣ ਦਾ ਰੋਡਮੈਪ ਤਿਆਰ, ਡਾਕਟਰਾਂ ਕੀਤਾ ਸਾਵਧਾਨ