ਲੁਧਿਆਣਾ (ਸਮਾਜਵੀਕਲੀ): ਸਨਅਤੀ ਸ਼ਹਿਰ ’ਚ ਬੰਦ ਦੁਕਾਨਾਂ ਨੂੰ ਖੋਲ੍ਹਣ ਲਈ ਸ਼ੁੱਕਰਵਾਰ ਨੂੰ ਘੰਟਾ ਘਰ ਚੌਂਕ ’ਤੇ ਦੁਕਾਨਦਾਰਾਂ ਨੇ ਇੱਕ ਝੰਡਾ ਮਾਰਚ ਕੱਢਿਆ। ਮਾਰਚ ’ਚ ਸ਼ਾਮਲ ਸਾਰੇ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਦੁਕਾਨਾਂ ਖੋਲ੍ਹਣ ’ਚ ਭੇਦਭਾਵ ਨਾ ਕਰੇ। ਇਸ ਲਈ ਸਾਰੀਆਂ ਦੁਕਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇ। ਸਰਕਾਰ ਨੇ ਸਾਰੀਆਂ ਫੈਕਟਰੀਆਂ ਖੋਲ੍ਹਣ ਲਈ ਕਹਿ ਦਿੱਤਾ ਹੈ, ਪਰ ਸਵਾਲ ਇਹ ਹੈ ਕਿ ਇਨ੍ਹਾਂ ਫੈਕਟਰੀਆਂ ’ਚ ਤਿਆਰ ਹੋਣ ਵਾਲਾ ਮਾਲ ਵਿਕਣਾ ਤਾਂ ਦੁਕਾਨਾਂ ’ਤੇ ਆ ਕੇ ਹੀ ਹੈ।
ਵਪਾਰ ਬਚਾਓ ਮੋਰਚਾ ਆਗੂ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਬੀਤੇ 2 ਮਹੀਨਿਆਂ ਤੋਂ ਦੁਕਾਨਾਂ ਬੰਦ ਪਈਆਂ ਹਨ। ਦੁਕਾਨਦਾਰਾਂ ਦੇ ਕੋਲ ਬਿਜਲੀ ਬਿੱਲ ਪੁੱਜ ਰਹੇ ਹਨ, ਇੱਥੇ ਹੀ ਬੱਸ ਨਹੀਂ ਉਨ੍ਹਾਂ ਨੂੰ ਆਪਣੀ ਦੁਕਾਨਾਂ ’ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਪੈਸੇ ਵੀ ਦੇਣੇ ਪੈ ਰਹੇ ਹਨ। ਸਰਕਾਰ ਉਨ੍ਹਾਂ ਤੋਂ ਟੈਕਸ ਵੀ ਪੂਰਾ ਲੈ ਰਹੀ ਹੈ। ਤਾਲਾਬੰਦੀ ਦੇ ਬਾਵਜੂਦ ਬਾਜ਼ਾਰਾਂ ’ਚ ਲੋਕਾਂ ਦਾ ਹਜ਼ੂਮ ਹੈ, ਪਰ ਦੁਕਾਨਾਂ ਬੰਦ ਹਨ। ਇਸ ਲਈ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਣ ਤਾਂ ਕਿ ਸਾਰੇ ਦੁਕਾਨਦਾਰ ਆਪਣਾ ਕੰਮ ਕਰ ਸਕਣ।
ਕਰੋਨਾ ਲਾਗ ਸਬੰਧੀ ਉਨ੍ਹਾਂ ਨੂੰ ਜੋ ਵੀ ਨਿਰਦੇਸ਼ ਜਾਰੀ ਕੀਤੇ ਜਾਣਗੇ, ਉਹ ਉਸਦਾ ਪਾਲਣ ਵੀ ਕਰਨਗੇ। ਸੁਨੀਲ ਮਹਿਰਾ ਨੇ ਕਿਹਾ ਕਿ ਸਰਕਾਰ ਸਿਰਫ਼ ਇੰਡਸਟਰੀ ਨੂੰ ਰਾਹਤ ਦੇ ਰਹੀ ਹੈ। ਹੁਣ ਮਿਕਸ ਲੈਂਡ ਯੂਜ਼ ’ਚ ਵੀ ਫੈਕਟਰੀ ਚਲਾਉਣ ਦੀ ਆਗਿਆ ਦੇ ਦਿੱਤੀ ਗਈ ਹੈ। ਅਜਿਹੇ ’ਚ ਦੁਕਾਨਾਂ ਕਿਉਂ ਨਹੀਂ ਖੁੱਲ੍ਹਣ ਦਿੱਤੀਆਂ ਜਾ ਰਹੀਆਂ। ਜਦੋਂ ਕਿ ਪ੍ਰਸਾਸ਼ਨ ਨੇ ਰੈਸਟੋਰੈਂਟ ਤੋਂ ਲੈ ਕੇ ਹੋਰ ਦੁਕਾਨਾਂ ਖੋਲ੍ਹਣ ਦੀ ਆਗਿਆ ਵੀ ਦੇ ਦਿੱਤੀ ਹੈ। ਫਿਰ ਉਨ੍ਹਾਂ ਦੀਆਂ ਦੁਕਾਨਾਂ ਨੂੰ ਬੰਦ ਕਿਉਂ ਰੱਖਿਆ ਜਾ ਰਿਹਾ ਹੈ।