ਨਰਸਾਂ ਦੇ ਘਿਰਾਓ ਤੋਂ ਪਹਿਲਾਂ ਮੁੱਖ ਮੰਤਰੀ ਨਿਵਾਸ ਦੁਆਲੇ ਪੁਲੀਸ ਤਾਇਨਾਤ

ਪਟਿਆਲਾ (ਸਮਾਜਵੀਕਲੀ) : ਨਰਸਿੰਗ ਸਟਾਫ਼ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ‘ਨਿਊ ਮੋਤੀ ਬਾਗ ਪੈਲੇਸ’ ਦਾ ਘਿਰਾਓ ਕਰਨ ਦੇ ਐਲਾਨ ਕਾਰਨ ਕਰਫਿਊ ਦੌਰਾਨ ਅੱਜ ਪਹਿਲੀ ਵਾਰ ਪੈਲੇਸ ਦੁਆਲੇ ਪੁਲੀਸ ਦੀ ਵੱਡੇ ਪੱਧਰ ’ਤੇ ਤਾਇਨਾਤੀ ਕਰਕੇ ਸੁਰੱਖਿਆ ਦੇ ਜਬਰਦਸਤ ਬੰਦੋਬਸਤ ਕੀਤੇ ਗਏ।

ਉਧਰ ਨਰਸਿੰਗ ਅਤੇ ਪੈਰਾਮੈਡੀਕਲ ਸਟਾਫ਼ ਨੇ ਅੱਜ ਤੀਜੇ ਦਿਨ ਵੀ ਰੋਸ ਰੈਲੀ ਕਰਦਿਆਂ, ਰਾਜਿੰਦਰਾ ਹਸਪਤਾਲ ਵਿੱਚ ਰੋਸ ਮਾਰਚ ਵੀ ਕੀਤਾ। ਰੈਲੀ ਦੌਰਾਨ ‘ਜੁਆਇੰਟ ਐਕਸ਼ਨ ਕਮੇਟੀ’ ਦੀ ਪ੍ਰਧਾਨ ਜਸਪ੍ਰੀਤ ਕੌਰ, ਐਕਟਿੰਗ ਪ੍ਰਧਾਨ ਰਾਜੇਸ਼ ਬਾਂਸਲ ਲਹਿਰਾ, ਨਰਸਿੰਗ ਤੇ ਐਨਸਿੱਲਰੀ ਸਟਾਫ਼ ਐਸੋਸੀਏਸ਼ਨ ਦੀ ਸੂਬਾ ਪ੍ਰਧਾਨ ਕਰਮਜੀਤ ਕੌਰ ਔਲਖ, ਚੇਅਰਪਰਸਨ ਸੰਦੀਪ ਕੌਰ ਬਰਨਾਲ਼ਾ, ਭੁਪਿੰਦਰਪਾਲ ਕੌਰ, ਗੁਰਤੇਜ ਸਿੰਘ, ਮਨਪ੍ਰੀਤ ਕੌਰ ਮੋਗਾ, ਖੁਸ਼ਪ੍ਰੀਤ ਕੌਰ ਧੂਰੀ, ਸ਼ਿਵਾਨੀ, ਪ੍ਰਦੀਪ ਸਿੰਘ, ਬਿਕਰਮ ਸਿੰਘ, ਗੁਰਦੀਪ ਸਿੰਘ, ਰਾਮ ਸਿੰਘ, ਚਰਨਜੀਤ ਸਿੰਘ, ਭਰਪੂਰ ਸਿੰਘ ਤੇ ਸੰਦੀਪ ਕੌਰ ਸ਼ਾਹੀ ਨੇ ਕਿਹਾ ਕਿ ਜੇਕਰ ਸਿਹਤ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਤਿੱਖੇ ਸੰਘਰਸ਼ ਉਲੀਕਣਗੇ।

ਰੈਲੀ ਮਗਰੋਂ ਜਦੋਂ ਇਹ ਮੁਲਾਜ਼ਮ ਮੁੱਖ ਮੰਤਰੀ ਨਿਵਾਸ ਵੱਲ ਚਾਲੇ ਪਾਉਣ ਲੱਗੇ ਤਾਂ ਹਸਪਤਾਲ ’ਚ ਪਹਿਲਾਂ ਤੋਂ ਹੀ ਪੁਲੀਸ ਫੋਰਸ ਸਮੇਤ ਤਾਇਨਾਤ ਸਿਵਲ ਲਾਈਨ ਦੇ ਮੁਖੀ ਰਾਹੁਲ ਕੌਸ਼ਲ ਤੇ ਚੌਕੀ ਇੰਚਾਰਜ ਜਪਨਾਮ ਸਿੰਘ ਨੇ ਉਨ੍ਹਾਂ ਦੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨਾਲ ਮੁਲਾਕਾਤ ਕਰਵਾਈ। ਇਸ ਦੌਰਾਨ ਮਹਿਕਮੇ ਦੇ ਮੰਤਰੀ ਓਪੀ ਸੋਨੀ ਨਾਲ ਅਗਲੇ ਹਫ਼ਤੇ ਦੌਰਾਨ ਪੈਨਲ ਮੀਟਿੰਗ ਮੁਕੱਰਰ ਕਰਵਾਉਣ ’ਤੇ ਸਹਿਮਤੀ ਬਣਨ ਕਾਰਨ ਪੈਲੇਸ ਵੱਲ ਰੋਸ ਮਾਰਚ ਦਾ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ।

Previous articleਰਾਸ਼ਨ ਦੀ ਕਾਣੀ ਵੰਡ ਖ਼ਿਲਾਫ਼ ਰੋਸ ਮੁਜ਼ਾਹਰੇ
Next articleਦੁਕਾਨਦਾਰਾਂ ਵੱਲੋਂ ਸਨਅਤੀ ਸ਼ਹਿਰ ’ਚ ਤਿਰੰਗਾ ਮਾਰਚ