(ਸਮਾਜ ਵੀਕਲੀ)
ਤੂੰ ਮੰਦੜਾ ਕੀਤਾ ਸੂਬਿਆ, ਦਸਮੇਸ਼ ਦੇ ਲਾਲਾਂ ਨਾਲ।
ਮਾਸੂਮ ਜਿੰਦੜੀਆਂ ਨਿੱਕੀਆਂ ਦਾ ਕਰਦਾ ਜ਼ਰਾ ਖ਼ਿਆਲ।
ਤੇਰੇ ਅੰਦਰ ਹਉਮੈ ਬੋਲਦੀ, ਕਰੇ ਹੁਕਮ ਆਕੜਾਂ ਨਾਲ।
ਸੁੱਚਾ ਨੰਦ ਸ਼ੈਤਾਨ ਦੀਵਾਨ ਨੇ, ਬਾਲਾਂ ਨੂੰ ਕਰੇ ਸਵਾਲ।
ਫਿਰ ਕਾਜ਼ੀ ਫ਼ਤਵਾ ਬੋਲਿਆ, ਨੀਹਾਂ ਵਿਚ ਚਿਣ ਦਿਓ ਲਾਲ।
ਮਾਤਾ ਗੁਜਰੀ ਦੇ ਦੋ ਪੋਤਰੇ, ਠੰਡੇ ਬੁਰਜ ਤੋਂ ਲਏ ਉਠਾਲ।
ਆ ਗਰਜੇ ਵਿਚ ਦਰਬਾਰ ਦੇ, ਉੱਚੀ ‘ਬੋਲੇ ਸੋ ਨਿਹਾਲ’
ਤੇਰੀ ਈਨ ਨਾ ਮੰਨਣੀ ਸੂਬਿਆ, ਭਾਵੇਂ ਕੋਈ ਵੀ ਚੱਲ ਤੂੰ ਚਾਲ।
ਨੌਵੇਂ ਗੁਰੂ ਦੇ ਹਾਂ ਅਸੀਂ ਪੋਤਰੇ, ਤੇ ਪਿਤਾ ਗੋਬਿੰਦ ਦੇ ਲਾਲ।
ਸਿੱਖੀ ਜਾਨ ਤੋਂ ਪਿਆਰੀ ਸੂਬਿਆ, ਨਿਭ ਜਾਊਗੀ ਸਾਹਾਂ ਨਾਲ।
ਜਦ ਖੜੇ ਨੀਹਾਂ ਵਿਚ ਆਣ ਕੇ, ਬੋਲੇ ‘ਸਤਿ ਸ੍ਰੀ ਅਕਾਲ।’
ਕੰਧ ਮੋਢਿਆਂ ਤੀਕਰ ਆ ਗਈ, ਪਰ ਚਿਹਰੇ ਨਹੀਂ ਮਲਾਲ।
ਜਦ ਚਿਣ’ਤੇ ਵਿਚ ਦੀਵਾਰ ਦੇ, ਤੱਕ ਲੋਕੀਂ ਹੋਏ ਬੇਹਾਲ।
ਤੈਨੂੰ ਤਰਸ ਨਾ ਆਇਆ ਸੂਬਿਆ, ਤੇਰਾ ਬਣਿਆ ਰੂਪ ਚੰਡਾਲ।
ਕੋਹ ਕੋਹ ਕੇ ਕਲੀਆਂ ਵਿੰਨ੍ਹੀਆਂ, ਹੋਈ ਧਰਤ ਲਹੂ ਸੰਗ ਲਾਲ।
ਤੈਨੂੰ ਲਾਹਨਤ ਸਾਰੇ ਜੱਗ ਦੀ, ਰਹਿੰਦੀ ਦੁਨੀਆ ਕਰੂ ਸਵਾਲ?
ਸਿੰਘਾਂ ਸਲਤਨਤ ਨੂੰ ਘੇਰਨਾ, ਦੇਖੀਂ ਸਰਹਿੰਦ ਦਾ ਹਾਲ।
ਤੇਰਾ ਤਖ਼ਤ ਤਾਜ ਸਭ ਰੋਲਣਾ, ਤੇਰੇ ਜ਼ੁਲਮ ਦਾ ਬਣਨਾ ਕਾਲ।
ਓ ਪਾਪੀ ਸੂਬਿਆ….!
ਸੁਰਜੀਤ ਸਿੰਘ ਲਾਂਬੜਾ