ਮਿੰਨੀ ਕਹਾਣੀ
ਲ਼ਾਕਡਾਉਨ ਦੇ ਦਿਨਾਂ ਵਿਚ ਮੋਬਾਇਲ ਉਪਰ ਤਨਖ਼ਾਹ ਵਾਲਾ ਮੈਸਜ਼ ਪੜ੍ਹਕੇ ਜਿਥੇ ਮੈਡਮ ਮਲਹੋਤਰਾ ਨੂੰ ਖ਼ੁਸ਼ੀ ਮਹਿਸੂਸ ਹੋਈ,ਉਥੇ ਨਾਲ ਥੋੜ੍ਹੀ ਜਿਹੀ ਹੈਰਾਨੀ ਵੀ,ਕਿਉਂਕਿ ਇਸ ਵਾਰ ਦੀ ਤਨਖਾਹ ਵਿਚੋਂ ਢਾਈ ਸੋ ਰੁਪਏ ਘੱਟ ਸਨ।ਪਹਿਲਾਂ ਤਾਂ ਮੈਡਮ ਨੂੰ ਲੱਗਾ ਕਿ ਇਹ ਸ਼ਾਇਦ ਕੋਈ ਕੋਰੋਨਾ ਫੰਡ ਲਈ ਕਟੌਤੀ ਹੋਵੇਗੀ ਪਰ ਇਹ ਰਾਸ਼ੀ ਕਿਸੇ ਵਿਸ਼ੇਸ਼ ਪ੍ਰਤੀਸ਼ਤ ਦੇ ਘੇਰੇ ਵਿਚ ਨਾ ਆਉਣ ਕਾਰਣ ਉਸ ਦਾ ਮਨ ਕੀਤਾ ਕਿ ਇਸ ਕਟੌਤੀ ਬਾਬਤ ਸਕੂਲ ਦੇ ਕਲਰਕ ਸਰ ਤੋਂ ਪੁੱਛ ਹੀ ਲਿਆ ਜਾਵੇ।
ਆਪਣੀ ਸ਼ੰਕਾ ਦੀ ਨਵਿਰਤੀ ਲਈ ਮੈਡਮ ਮਲੋਹਤਰਾ ਨੇ ਸਰਬਜੋਤ ਸਿੰਘ ਕਲਰਕ ਨੂੰ ਫ਼ੋਨ ਲਗਾ ਦਿੱਤਾ- ‘ਗੁੱਡ ਈਵਨਿੰਗ ਸਰ।’ ‘ਗੁੱਡ ਈਵਨਿੰਗ ਮੈਡਮ ਕੀ ਹਾਲ-ਚਾਲ ਨੇ?’ ਕਲਰਕ ਨੇ ਆਵਾਜ਼ ਪਹਿਚਾਣ ਕੇ ਕਿਹਾ। ‘ਠੀਕ ਨੇ ਸਰ,ਇਹ ਦੱਸਿਓ! ਇਸ ਵਾਰ ਦੀ ਪੇ ਵਿਚੋਂ ਢਾਈ ਸੌ ਰੁਪਏ ਕਿਉਂ ਘੱਟ ਨੇ?’ ‘ਗਰਮੀ ਦੀਆਂ ਛੁੱਟੀਆਂ ਕਾਰਨ ਇਸ ਵਾਰ ਤਨਖਾਹ ਵਿਚ ਮੋਬਾਇਲ ਭੱਤਾ ਨਹੀਂ ਜੋੜਿਆ ਗਿਆ।ਤੁਹਾਡੀਆਂ ਇਹ ਪਹਿਲੀਆਂ ਛੁੱਟੀਆਂ ਹਨ ਇਸ ਕਰਕੇ ਤਹਾਨੂੰ ਸ਼ਾਇਦ ਪਤਾ ਨਹੀਂ। ਇਹ ਤਾਂ ਹਰ ਸਾਲ ਹੀ ਕੱਟਿਆ ਜਾਂਦਾ ਹੈ।ਫਰਕ ਸਿਰਫ਼ ਏਨਾ ਹੈ ਕਿ ਪਹਿਲਾਂ ਇਹ ਭੱਤਾ ਜੂਨ ਮਹੀਨੇ ਦੀ ਤਨਖਾਹ ਵਿਚੋਂ ਕੱਟਿਆ ਜਾਂਦਾ ਸੀ ਪਰ ਲਾਕਡਾਉਨ ਹੋਣ ਕਰਕੇ ਇਸ ਵਾਰ ਛੁੱਟੀਆਂ ਐਡਵਾਂਸ ਹੋ ਗਈਆਂ ਹਨ, ਇਸ ਕਰਕੇ ਇਹ ਭੱਤਾ ਮਈ ਦੀ ਤਨਖਾਹ ਵਿਚੋਂ ਕੱਟ ਲਿਆ ਗਿਆ ਹੈ।ਸਮਝ ਗਏ ਮੈਡਮ ਜੀ?’ ਕਲਰਕ ਸਰ ਨੇ ਕਟੌਤੀ ਦਾ ਵਿਸਥਾਰ ਦਿੰਦਿਆਂ ਕਿਹਾ। ‘ਜੀ ਸਰ! ਸਮਝ ਗਈ, ਥੈਂਕਸ।’ ਮੈਡਮ ਮਲੋਹਤਰਾ ਕਲਰਕ ਦੀ ਗੱਲ ਤਾਂ ਸਮਝ ਗਈ ਪਰ ਵਿਭਾਗ ਦੀ ਨੀਤੀ ਨਾ ਸਮਝ ਸਕੀ, ਕਿਉਂਕਿ ਇਸ ਵਾਰ ਦੀਆਂ ਸਾਰੀਆਂ (ਲਾਕ ਡਾਉਨ ਸਮੇੇੇਤ) ਛੁੱਟੀਆਂ ਵਿਚ ‘ਆਨ ਲਾਈਨ’ਪੜ੍ਹਾਈ ਜਾਰੀ ਰੱਖੀ ਗਈ ਸੀ।ਤੇ ਇਹ ਸਾਰ ਕੁੱਝ ਮੋਬਾਇਲ ਫ਼ੋਨ ਚਲਾਉਣ ਕਰਕੇ ਹੀ ਸੰਭਵ ਹੋ ਸਕਿਆ ਸੀ। ਫਿਰ ਭਲਾ ਇਹ ਕਟੌਤੀ ਕਿੰਨੀ ਕੁ ਜ਼ਾਇਜ ਸੀ?
- ਰਮੇਸ਼ ਬੱਗਾ ਚੋਹਲਾ
(ਲੁਧਿਆਣਾ)