ਨਵੀਂ ਦਿੱਲੀ (ਸਮਾਜਵੀਕਲੀ) – ਸੁਪਰੀਮ ਕੋਰਟ ਨੇ ਸ਼ਰਾਬ ਖਰੀਦਣ ਲਈ ਠੇਕਿਆਂ ’ਤੇ ਲੱਗ ਰਹੀ ਭੀੜ ਨਾਲ ਕਰੋਨਾਵਾਇਰਸ ਫੈਲਣ ਤੋਂ ਰੋਕਣ ਦੇ ਇਰਾਦੇ ਨਾਲ ਅੱਜ ਰਾਜਾਂ ਨੂੰ ਕਿਹਾ ਹੈ ਕਿ ਉਹ ਲੌਕਡਾਊਨ ਦੌਰਾਨ ਇਸ ਦੀ ਆਨਲਾਈਨ ਤੇ ਹੋਮ ਡਿਲੀਵਰੀ ਕਰਨ ਦੀਆਂ ਸੰਭਾਵਨਾਵਾਂ ਉਪਰ ਗੌਰ ਕਰਨ।
ਜਸਟਿਸ ਅਸ਼ੋਕ ਭੂਸ਼ਨ, ਜਸਟਿਸ ਸੰਜੈ ਕੌਲ ਤੇ ਜਸਟਿਸ ਬੀਆਰ ਗਵਈ ਦੇ ਬੈਂਚ ਨੇ ਸ਼ਰਾਬ ਵਿਕਰੀ ਦੀ ਇਜਾਜ਼ਤ ਦੇਣ ਦੇ ਗ੍ਰਹਿ ਮੰਤਰਾਲੇ ਦੇ ਪਹਿਲੀ ਮਈ ਨੂੰ ਜਾਰੀ ਕੀਤੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਸੁਣਵਾਈ ਕਰਦਿਆਂ ਰਾਜਾਂ ਨੂੰ ਇਹ ਗੱਲ ਕਹੀ। ਇਸੇ ਨਾਲ ਅਦਾਲਤ ਨੇ ਸ਼ਰਾਬ ਦੀ ਵਿਕਰੀ ਨਾਲ ਸਬੰਧਤ ਦਿਸ਼ਾ ਨਿਰਦੇਸ਼ਾਂ ਖ਼ਿਲਾਫ਼ ਦਾਇਰ ਪਟੀਸ਼ਨਾਂ ਦਾ ਨਿਬੇੜਾ ਵੀ ਕਰ ਦਿੱਤਾ।