ਸੰਗਤ ਮੰਡੀ (ਸਮਾਜਵੀਕਲੀ) – ਪਿੰਡ ਗੁਰੂਸਰ ਸੈਣੇਵਾਲਾ ਵਿੱਚ ਸਥਿਤ ਅਗਰਵਾਲ ਕਾਟਨ ਮਿੱਲ ਵਿੱਚ ਨਰਮਾ ਵੇਚਣ ਆਏ ਕਿਸਾਨਾਂ ਦੀ ਅੰਨ੍ਹੀ ਲੁੱਟ ਹੋ ਰਹੀ ਹੈ।
ਜਾਣਕਾਰੀ ਅਨੁਸਾਰ ਇਸ ਮਿੱਲ ਰਾਹੀਂ ਭਾਰਤੀ ਕਪਾਹ ਨਿਗਮ ਵੱਲੋਂ ਨਰਮੇ ਦੀ ਖਰੀਦ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਬਾਕਾਇਦਾ ਮਾਰਕੀਟ ਕਮੇਟੀਆਂ ਵੱਲੋਂ ਪਾਸ ਦਿੱਤੇ ਜਾਂਦੇ ਹਨ। ਅੱਜ ਮਿੱਲ ਵਿੱਚ ਆਪਣੀ ਨਰਮੇ ਦੀ ਫ਼ਸਲ ਵੇਚਣ ਆਏ ਕਿਸਾਨਾਂ ਕੁਲਦੀਪ ਸਿੰਘ, ਬਚਿੱਤਰ ਸਿੰਘ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਅੱਜ ਨਰਮੇ ਦੀ ਫ਼ਸਲ ਅਗਰਵਾਲ ਕਾਟਨ ਮਿੱਲ ਵਿਚ ਵੇਚਣ ਆਏ ਹਨ।
ਉਨ੍ਹਾਂ ਦੋਸ਼ ਲਾਇਆ ਕਿ ਨਰਮੇ ਵਿੱਚ ਕਮੀ ਕੱਢ ਕੇ ਪ੍ਰਤੀ ਟਰਾਲੀ 40 ਤੋਂ 60 ਕਿੱਲੋ ਕਾਟ ਕੱਟੀ ਜਾ ਰਹੀ ਹੈ ਤੇ ਜੇਕਰ ਕਿਸਾਨ ਅੱਗੋਂ ਵਿਰੋਧ ਕਰਦਾ ਹੈ ਤਾਂ ਉਸ ਨਰਮਾ ਵਾਪਸ ਲਿਜਾਣ ਦੀ ਧਮਕੀ ਦਿੱਤੀ ਜਾਂਦੀ ਹੈ। ਕਿਸਾਨਾਂ ਵੱਲੋਂ ਇਸ ਸਾਰੇ ਗੋਰਖਧੰਦੇ ਵਿਚ ਭਾਰਤੀ ਕਪਾਹ ਨਿਗਮ ਦੇ ਕਰਮਚਾਰੀਆਂ ਦੀ ਮਿਲੀਭੁਗਤ ਦੇ ਵੀ ਦੋਸ਼ ਲਾਏ।
ਉਨ੍ਹਾਂ ਕਿਹਾ ਕਿ ਕਪਾਹ ਦੀ ਕੁਆਲਿਟੀ ਕਪਾਹ ਨਿਗਮ ਦੇ ਕਰਮਚਾਰੀਆਂ ਵੱਲੋਂ ਹੀ ਚੈੱਕ ਕੀਤੀ ਜਾ ਰਹੀ ਹੈ। ਇਸ ਮੌਕੇ ਮੌਜੂਦ ਕਿਸਾਨ ਬਿਕਰਮਜੀਤ ਸਿੰਘ ਵਾਸੀ ਕੋਟਸ਼ਮੀਰ ਨੇ ਦੱਸਿਆ ਕਿ ਮਿੱਲ ਵਿੱਚ ਨਰਮਾ ਚੈੱਕ ਕਰਨ ਤੋਂ ਬਾਅਦ ਉਸਨੂੰ ਵੜੇਵੇਂ ਸੁੱਕੇ ਹੋਣ ਦਾ ਕਹਿ ਕੇ ਪ੍ਰਤੀ ਟਰਾਲੀ 60 ਕਿੱਲੋ ਕਾਟ ਕੱਟੀ ਗਈ, ਜਿਸਦਾ ਉਨ੍ਹਾਂ ਨੂੰ ਤਕਰੀਬਨ 3000 ਹਜ਼ਾਰ ਰੁਪਏ ਪ੍ਰਤੀ ਟਰਾਲੀ ਨੁਕਸਾਨ ਹੋਇਆ।